Punjab News: ਦਮ ਘੁਟਣ ਕਾਰਨ ਲੜਕੀ ਅਤੇ ਕੁੱਤੇ ਦੀ ਮੌਤ; ਸਟੂਡੀਓ ’ਚ ਸ਼ਾਰਟ ਸਰਕਟ ਕਾਰਨ ਲੱਗੀ ਅੱਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਿਊਜ਼ਿਕ ਸਟੂਡੀਓ ਦੇ ਅੰਦਰ ਸੌਂ ਰਹੀ ਲੜਕੀ ਅਤੇ ਕੁੱਤੇ ਦੀ ਦਮ ਘੁਟਣ ਕਾਰਨ ਮੌਤ ਹੋ ਗਈ।

Prabhjot Kaur (File Image)

Punjab News: ਜ਼ਿਲ੍ਹਾ ਲੁਧਿਆਣਾ ਦੇ ਹਰਗੋਬਿੰਦ ਨਗਰ ਵਿਚ ਤੜਕੇ 4 ਵਜੇ ਸ਼ਾਰਟ ਸਰਕਟ ਕਾਰਨ ਇਕ ਘਰ ਦੇ ਪੀਵੀਸੀ ਵਿਚ ਭਿਆਨਕ ਅੱਗ ਲੱਗ ਗਈ। ਇਸ ਦੌਰਾਨ ਮਿਊਜ਼ਿਕ ਸਟੂਡੀਓ ਦੇ ਅੰਦਰ ਸੌਂ ਰਹੀ ਲੜਕੀ ਅਤੇ ਕੁੱਤੇ ਦੀ ਦਮ ਘੁਟਣ ਕਾਰਨ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਪ੍ਰਭਜੋਤ ਕੌਰ ਸ਼ੀਨਾ ਵਜੋਂ ਹੋਈ ਹੈ। ਉਹ ਅਪਣੀ ਚਚੇਰੀ ਭੈਣ ਨਾਲ ਉਸ ਦੇ ਰੈਸਟੋਰੈਂਟ ਵਿਚ ਕੰਮ ਕਰਦੀ ਸੀ।

ਸੂਚਨਾ ਮਿਲਣ ’ਤੇ ਥਾਣਾ ਡਿਵੀਜ਼ਨ ਨੰਬਰ 3 ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿਤਾ। ਜਿਥੇ ਅੱਜ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿਤੀ ਜਾਵੇਗੀ।

ਜਾਣਕਾਰੀ ਦਿੰਦਿਆਂ ਮ੍ਰਿਤਕ ਲੜਕੀ ਦੇ ਪਿਤਾ ਕੰਵਲਜੀਤ ਸਿੰਘ ਨੇ ਦਸਿਆ ਕਿ ਮਕਾਨ ਦੀ ਹੇਠਲੀ ਮੰਜ਼ਿਲ 'ਤੇ ਉਸਾਰੀ ਦਾ ਕੰਮ ਚੱਲ ਰਿਹਾ ਹੈ। ਪਹਿਲੀ ਮੰਜ਼ਿਲ 'ਤੇ ਮਿਊਜ਼ਿਕ ਸਟੂਡੀਓ ਹੈ, ਜਿਸ 'ਚ ਬੇਟੀ, ਪਤਨੀ ਅਤੇ ਕੁੱਤਾ ਰਾਤ ਨੂੰ ਸੌਂਦੇ ਸਨ। ਉਹ ਅਤੇ ਪੁੱਤਰ ਰਾਜਨ ਜ਼ਮੀਨੀ ਮੰਜ਼ਿਲ 'ਤੇ ਸੌਂ ਗਏ ਸਨ। ਅੱਜ ਸਵੇਰੇ 3:30 ਦੇ ਕਰੀਬ ਸਟੂਡੀਓ 'ਚ ਅਚਾਨਕ ਧਮਾਕਾ ਹੋਇਆ।

ਜਦੋਂ ਉਨ੍ਹਾਂ ਦੇਖਿਆ ਤਾਂ ਦਰਵਾਜ਼ਾ ਬੰਦ ਸੀ ਅਤੇ ਸਟੂਡੀਓ ਨੂੰ ਅੱਗ ਲੱਗੀ ਹੋਈ ਸੀ। ਕੰਵਲਜੀਤ ਸਿੰਘ ਅਨੁਸਾਰ ਉਨ੍ਹਾਂ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਪਰ ਕੋਈ ਵੀ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ ’ਤੇ ਨਹੀਂ ਪਹੁੰਚੀ। ਉਥੇ ਹੀ ਉਸ ਨੇ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਪਰ ਤੇਜ਼ ਅੱਗ ਕਾਰਨ ਦਰਵਾਜ਼ਾ ਨਹੀਂ ਖੋਲ੍ਹ ਸਕਿਆ। ਉਸ ਦੀ ਪਤਨੀ ਘਰ ਘਟਨਾ ਸਮੇਂ ਕਮਰੇ ਤੋਂ ਬਾਹਰ ਸੀ।

ਉਸ ਨੇ ਆਸ-ਪਾਸ ਦੇ ਲੋਕਾਂ ਦੀ ਮਦਦ ਨਾਲ ਬਾਲਟੀਆਂ ਨਾਲ ਅੱਗ 'ਤੇ ਪਾਣੀ ਪਾਇਆ। ਗਰਮੀ ਘੱਟ ਹੋਣ 'ਤੇ ਉਹ ਦਰਵਾਜ਼ਾ ਤੋੜ ਕੇ ਅੰਦਰ ਵੜਿਆ ਪਰ ਕਮਰੇ 'ਚ ਧੂੰਏਂ ਕਾਰਨ ਬੇਟੀ ਪ੍ਰਭਜੋਤ ਅਤੇ ਕੁੱਤੇ ਦੀ ਮੌਤ ਹੋ ਚੁੱਕੀ ਸੀ। ਇਸ ਦੇ ਨਾਲ ਹੀ ਸਟੂਡੀਓ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਇਸ ਤੋਂ ਬਾਅਦ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿਤੀ ਗਈ।

ਪਿਤਾ ਕੰਵਲਜੀਤ ਸਿੰਘ ਅਨੁਸਾਰ ਬੇਟੀ ਪ੍ਰਭਜੋਤ ਕੌਰ ਨੇ ਐਮ.ਕਾਮ ਕੀਤੀ ਹੋਈ ਸੀ ਅਤੇ ਹੁਣ ਉਹ ਅਪਣੀ ਚਚੇਰੀ ਭੈਣ ਨਾਲ ਇਕ ਰੈਸਟੋਰੈਂਟ ਵਿਚ ਕੰਮ ਕਰਦੀ ਸੀ। ਥਾਣਾ ਡਿਵੀਜ਼ਨ ਨੰਬਰ 3 ਦੇ ਐਸਐਚਓ ਅੰਮ੍ਰਿਤਪਾਲ ਸਿੰਘ ਅਨੁਸਾਰ ਲੜਕੀ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ ਗਿਆ ਹੈ। ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ।

(For more Punjabi news apart from Girl and dog died in Ludhiana Fire news , stay tuned to Rozana Spokesman)