ਵੋਟਾਂ ਘਟਣ ਦੇ ਡਰੋਂ, ਕਿਤੇ ਵੋਟਰ ਹੀ ਨਾ ਘਟਾ ਦੇਵੇ ਸਰਕਾਰ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਾਮੂਲੀ ਕੇਸਾਂ ’ਤੇ 2020 ’ਚ ਸੀ ਲਾਕਡਾਊਨ, ਹੁਣ ਪਹਾੜ ਟੁਟਿਆ ਤਾਂ ਲਾਕਡਾਊਨ ਨਹੀਂ

Coronavirus

ਬਠਿੰਡਾ (ਬਲਵਿੰਦਰ ਸ਼ਰਮਾ): ਕੋਰੋਨਾ ਸਿਆਸਤ ਦੇ ਚਲਦਿਆਂ ਲੀਡਰਾਂ ਦੀ ਸੋਚ ਇਥੇ ਆ ਟਿਕੀ ਹੈ ਕਿ ਵੋਟਰ ਭਾਵੇਂ ਘੱਟ ਜਾਣ, ਪਰ ਵੋਟਾਂ ਨਹੀਂ ਘਟਣੀਆਂ ਚਾਹੀਦੀਆਂ। ਕੁੱਝ ਬੁੱਧੀਜੀਵੀ ਲੋਕਾਂ ਦਾ ਕਹਿਣਾ ਸੀ ਕਿ ਵੋਟਾਂ ਘਟਣ ਦੇ ਡਰੋਂ, ਕਿਤੇ ਵੋਟਰ ਹੀ ਨਾ ਘਟਾ ਦੇਵੇ ਸਰਕਾਰ!’’ ਜਦਕਿ ਪੰਜਾਬ ’ਚ ਵੋਟਰ ਲਗਾਤਾਰ ਘੱਟ ਵੀ ਰਹੇ ਹਨ।

ਜਦੋਂ 2020 ’ਚ ਕੇਂਦਰ ਸਰਕਾਰ ਨੇ ਕੋਰੋਨਾ ਤੋਂ ਬਚਾਅ ਖ਼ਾਤਰ ਦੇਸ਼ ’ਚ ਲਾਕਡਾਊਨ ਲਗਾਇਆ ਸੀ, ਉਦੋਂ ਪੰਜਾਬ ਦੀ ਕਾਂਗਰਸ ਸਰਕਾਰ ਨੇ ਸੂਬੇ ’ਚ ਕਰਫ਼ਿਊ ਲਗਾ ਕੇ ਖਾਸੀ ਵਾਹ ਵਾਹ ਖੱਟੀ ਸੀ। ਪ੍ਰੰਤੂ ਹੁਣ ਪੰਜਾਬ ’ਚ ਕੋਰੋਨਾ ਦਾ ਪਹਾੜ ਟੁੱਟਿਆ ਹੈ ਤਾਂ ਸੂਬਾ ਸਰਕਾਰ ਲਾਕਡਾਊਨ ਲਗਾਉਣ ਨੂੰ ਵੀ ਤਿਆਰ ਨਹੀਂ ਜਿਸ ਦਾ ਕਾਰਨ ਅਗਲੀ ਵਿਧਾਨ ਸਭਾ ਦੀਆਂ ਚੋਣਾਂ ਨੂੰ ਹੀ ਦਸਿਆ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਅੱਜ ਤਕ ਪੰਜਾਬ ’ਚ ਕੋਰੋਨਾਂ ਕੇਸਾਂ ਦੀ ਗਿਣਤੀ 4.60 ਲੱਖ ਤੋਂ ਵੀ ਲੰਘ ਚੁੱਕੀ ਹੈ, ਜਦਕਿ ਕਰੀਬ 80 ਹਜ਼ਾਰ ਕੇਸ ਹੁਣ ਵੀ ਐਕਟਿਵ ਹਨ ਅਤੇ ਮੌਤਾਂ ਦੀ ਗਿਣਤੀ ਕਰੀਬ 11000 ਹੋ ਚੁੱਕੀ ਹੈ। ਦੇਸ਼ ਭਰ ’ਚ ਕੋਰੋਨਾ ਦਾ ਕਹਿਰ ਹੈ ਜਿਸ ਦੇ ਚਲਦਿਆਂ ਆਕਸੀਜਨ, ਵੈਂਟੀਲੇਟਰਾਂ, ਵੈਕਸੀਨ, ਦਵਾਈਆਂ ਆਦਿ ਦੀ ਘਾਟ ਹੈ। ਹੋਰ ਤਾਂ ਹੋਰ ਸ਼ਮਸ਼ਾਨ ਘਾਟਾਂ ਤੇ ਲਾਸ਼ਾਂ ਮਚਾਉਣ ਖ਼ਾਤਰ ਲੱਕੜਾਂ ਦੀ ਵੀ ਘਾਟ ਪੈ ਗਈ ਹੈ ਤੇ ਲਾਸ਼ਾਂ ਨੂੰ ਨਦੀਆਂ ’ਚ ਤਾਰਿਆ ਜਾ ਰਿਹਾ ਹੈ।

ਹਾਲਾਤ ਪੰਜਾਬ ਦੀ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਪਿਛਲੇ ਵਰ੍ਹੇ ਨੂੰ ਯਾਦ ਕਰੀਏ ਤਾਂ ਪਤਾ ਲੱਗਾ ਹੈ ਕਿ 9 ਮਾਰਚ ਨੂੰ ਪੰਜਾਬ ’ਚ ਪਹਿਲਾ ਕੇਸ ਸਾਹਮਣੇ ਆਇਆ, ਜਦਕਿ ਪਹਿਲੀ ਮੌਤ 19 ਮਾਰਚ ਨੂੰ ਹੋਈ ਸੀ। ਪੰਜਾਬ ਸਰਕਾਰ ਕਾਫ਼ੀ ਡਰ ਗਈ ਸੀ ਕਿ ਵਿਸ਼ਵ ਪੱਧਰ ’ਤੇ ਫੈਲੀ ਇਹ ਮਹਾਂਮਾਰੀ ਨੁਕਸਾਨਦੇਹ ਸਾਬਤ ਹੋ ਸਕਦੀ ਹੈ। ਜਦੋਂ ਕੇਂਦਰ ਸਰਕਾਰ ਨੇ ਖ਼ਤਰੇ ਨੂੰ ਭਾਪਦਿਆਂ 22 ਮਾਰਚ ਨੂੰ ਜਨਤਾ ਕਰਫ਼ਿਊ ਅਤੇ 23 ਮਾਰਚ ਤੋਂ ਲਾਕਡਾਊਨ ਦਾ ਐਲਾਨ ਕੀਤਾ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿਚ ਕਰਫ਼ਿਊ ਦਾ ਹੀ ਐਲਾਨ ਕਰ ਦਿਤਾ। 

ਇਸ ਸਮੇਂ ਪੰਜਾਬ ’ਚ ਕੋਰੋਨਾ ਦਾ ਕਹਿਰ ਵਰਸ ਰਿਹਾ ਹੈ, ਰੋਜ਼ਾਨਾ ਸੈਂਕੜੇ ਮੌਤਾਂ ਹੋ ਰਹੀਆਂ ਹਨ ਅਤੇ ਹਜ਼ਾਰਾਂ ਨਵੇਂ ਕੇਸ ਸਾਹਮਣੇ ਆ ਰਹੇ ਹਨ। ਕੁਲ ਮਿਲਾ ਕੇ ਦਹਿਸ਼ਤ ਦਾ ਮਾਹੌਲ ਬਣਿਆ ਹੈ। ਇਸ ਦੇ ਬਾਵਜੂਦ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਲਾਕਡਾਊਨ ਦੀ ਲੋੜ ਨਹੀਂ, ਸਗੋਂ ਘੱਟ ਸਮਾਂ ਦੇ ਕੇ ਦੁਕਾਨਾਂ ਖੋਲ੍ਹੀਆਂ ਜਾ ਰਹੀਆਂ ਹਨ ਜਿਸ ਨਾਲ ਬਾਜ਼ਾਰਾਂ ’ਚ ਭੀੜ ਲੱਗ ਜਾਂਦੀ ਹੈ। ਸਿੱਟੇ ਕੋਰੋਨਾਂ ਨਿਯਮਾਂ ਦੀਆਂ ਧੱਜੀਆਂ ਉੱਡਣਾ ਸੁਭਾਵਕ ਹੈ। 

ਕੋਰੋਨਾ ਨੂੰ ਠੱਲ੍ਹ ਪਾਉਣ ਲਈ ਲਾਕਡਾਊਨ ਬਹੁਤ ਜ਼ਰੂਰੀ : ਮਲੂਕਾ, ਬਲਜਿੰਦਰ ਕੌਰ

ਸਾਬਕਾ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਅਤੇ ਆਪ ਵਿਧਾਇਕ ਬਲਜਿੰਦਰ ਕੌਰ ਦਾ ਕਹਿਣਾ ਸੀ ਕਿ ਵਪਾਰੀਆਂ ਤੇ ਆਮ ਲੋਕਾਂ ਦੇ ਨੁਕਸਾਨ ਦੀ ਭਰਪਾਈ ਸਰਕਾਰ ਕਰੇ ਅਤੇ ਤੁਰਤ ਲਾਕਡਾਊਨ ਲਗਾ ਦੇਵੇ, ਕਿਉਂਕਿ ਕਾਂਗਰਸ ਕੋਰੋਨਾ ’ਤੇ ਸਿਆਸਤ ਕਰ ਰਹੀ ਹੈ। ਇਸ ਸਮੇਂ ਮਾਹੌਲ ਡਰਾਵਨਾ ਬਣਿਆ ਹੋਇਆ ਹੈ, ਪਰ ਕਾਂਗਰਸ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿਚ ਰੱਖ ਕੇ ਲਾਕਡਾਊਨ ਨਹੀਂ ਲਗਾ ਰਹੀ।

ਲਾਕਡਾਊਨ ਨਹੀਂ, ਸਗੋਂ ਕਰਫ਼ਿਊ ਲੱਗੇ : ਡਾ. ਵਿਕਾਸ ਛਾਬੜਾ

ਆਈ.ਐਮ.ਏ. ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਡਾ. ਵਿਕਾਸ ਛਾਬੜਾ ਦਾ ਕਹਿਣਾ ਸੀ ਕਿ ਇਸ ਸਮੇਂ ਕੋਰੋਨਾ ਦੀ ਰਫ਼ਤਾਰ ਨੂੰ ਰੋਕਣ ਖ਼ਾਤਰ ਲਾਕਡਾਊਨ ਨਹੀਂ, ਸਗੋਂ ਕਰਫ਼ਿਊ ਲਗਾਉਣ ਦੀ ਲੋੜ ਹੈ। ਨਾ ਸਿਰਫ਼ ਕਰਫ਼ਿਊੂ, ਬਲਕਿ ਪੂਰੀ ਸਖ਼ਤੀ ਕਰਨੀ ਚਾਹੀਦੀ ਹੈ। ਡੀ.ਜੀ.ਪੀ. ਨੂੰ ਵਿਸ਼ੇਸ਼ ਦਖ਼ਲ ਦੇਣਾ ਚਾਹੀਦਾ ਹੈ।