ਜਲੰਧਰ ਜ਼ਿਮਨੀ ਚੋਣ: ‘ਆਪ’ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੀ ਜਿੱਤ, ਵਰਕਰਾਂ 'ਚ ਖ਼ੁਸ਼ੀ ਦੀ ਲਹਿਰ
ਜ਼ਿਮਨੀ ਚੋਣ 'ਚ 'ਆਪ' ਉਮੀਦਵਾਰ ਸੁਸ਼ੀਲ ਰਿੰਕੂ ਨੇ ਕਾਂਗਰਸ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੂੰ 58,691 ਵੋਟਾਂ ਨਾਲ ਹਰਾਇਆ
ਜਲੰਧਰ : ਜਲੰਧਰ ਜ਼ਿਲ੍ਹੇ ਨੂੰ ਕਾਂਗਰਸ ਦਾ ਗੜ੍ਹ ਮੰਨਿਆ ਜਾਂਦਾ ਰਿਹਾ ਹੈ ਪਰ ਜ਼ਿਮਨੀ ਚੋਣ ਦੇ ਨਤੀਜਿਆਂ ਦੌਰਾਨ ਅੱਜ ਕਾਂਗਰਸ ਲਈ ਆਪਣਾ ਗੜ੍ਹ ਬਚਾਉਣਾ ਔਖਾ ਹੋ ਗਿਆ ਅਤੇ ਇੱਥੇ ਆਮ ਆਦਮੀ ਪਾਰਟੀ ਜਿੱਤ ਗਈ। ਜ਼ਿਮਨੀ ਚੋਣ 'ਚ 'ਆਪ' ਉਮੀਦਵਾਰ ਸੁਸ਼ੀਲ ਰਿੰਕੂ ਨੇ ਕਾਂਗਰਸ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੂੰ 58,691 ਵੋਟਾਂ ਨਾਲ ਹਰਾਇਆ। ਜ਼ਿਮਨੀ ਚੋਣ ਲਈ ਵੋਟਿੰਗ 10 ਮਈ ਨੂੰ ਹੋਈ ਸੀ।
ਕਾਂਗਰਸ ਲਗਾਤਾਰ ਇਸ ਸੀਟ 'ਤੇ 5 ਵਾਰ ਤੋਂ ਜਿੱਤਦੀ ਆ ਰਹੀ ਸੀ, ਇਸ ਦੇ ਬਾਵਜੂਦ ਵੀ ਅੱਜ ਪਾਰਟੀ ਇਹ ਸੀਟ ਹਾਰ ਗਈ। ਇਸ ਸੀਟ ਤੋਂ ਕਾਂਗਰਸ ਵੱਲੋਂ ਸਵ. ਸੰਤੋਖ ਸਿੰਘ ਚੌਧਰੀ ਦੀ ਪਤਨੀ ਕਰਮਜੀਤ ਕੌਰ ਨੂੰ ਉਮੀਦਵਾਰ ਬਣਾਇਆ ਗਿਆ ਸੀ, ਜੋ ਦੂਜੇ ਨੰਬਰ 'ਤੇ ਰਹੇ ਹਨ।
2014 ਅਤੇ 2019 ਵਿਚ ਇਥੋਂ ਕਾਂਗਰਸ ਦੀ ਉਮੀਦਵਾਰ ਕਰਮਜੀਤ ਕੌਰ ਚੌਧਰੀ ਦੇ ਪਤੀ ਸੰਤੋਖ ਸਿੰਘ ਚੌਧਰੀ ਨੇ ਚੋਣ ਜਿੱਤੀ ਸੀ। ਹਾਲਾਂਕਿ ਉਨ੍ਹਾਂ ਦੀ ਮੌਤ ਤੋਂ ਬਾਅਦ ਕਾਂਗਰਸ ਨੇ ਇਹ ਸੀਟ ਗੁਆ ਦਿਤੀ।
ਚੌਥੇ ਨੰਬਰ 'ਤੇ ਅਕਾਲੀ ਦਲ ਅੰਮ੍ਰਿਤਸਰ ਦੇ ਗੁਰਜੰਟ ਸਿੰਘ ਨੂੰ 20354 ਵੋਟਾਂ, ਪੰਜਵੇਂ ਨੰਬਰ 'ਤੇ ਨੋਟਾ ਨੂੰ 6656 ਅਤੇ ਛੇਵੇਂ ਨੰਬਰ 'ਤੇ ਨੀਟੂ ਸ਼ਟਰਾਂਵਾਲਾ ਨੂੰ 4599 ਵੋਟਾਂ ਮਿਲੀਆਂ।
ਵਿਧਾਨ ਸਭਾ ਸੀਟਾਂ ਦੀ ਗੱਲ ਕਰੀਏ ਤਾਂ ਜਲੰਧਰ ਤੋਂ 'ਆਪ' ਉਮੀਦਵਾਰ ਸੁਸ਼ੀਲ ਰਿੰਕੂ ਨੂੰ ਕਰਤਾਰਪੁਰ ਤੋਂ ਸਭ ਤੋਂ ਵੱਧ 13890 ਦੀ ਲੀਡ ਮਿਲੀ ਹੈ। ਦੂਜੇ ਨੰਬਰ ਨੂੰ ਜਲੰਧਰ ਵੈਸਟ ਤੋਂ 9500 ਦੀ ਲੀਡ ਮਿਲੀ। ਇਸ ਤੋਂ ਬਾਅਦ ਆਦਮਪੁਰ ਤੋਂ 8960, ਫਿਲੌਰ ਅਤੇ ਜਲੰਧਰ ਛਾਉਣੀ ਤੋਂ 7-7 ਹਜ਼ਾਰ, ਨਕੋਦਰ ਤੋਂ 5211 ਅਤੇ ਸ਼ਾਹਕੋਟ ਤੋਂ 273 ਲੀਡਾਂ ਪ੍ਰਾਪਤ ਹੋਈਆਂ। 'ਆਪ' ਨੂੰ ਜਲੰਧਰ ਕੇਂਦਰੀ ਤੋਂ 543 ਘੱਟ ਅਤੇ ਉੱਤਰੀ ਤੋਂ 1259 ਘੱਟ ਵੋਟਾਂ ਮਿਲੀਆਂ।
ਸੰਗਰੂਰ ਉਪ ਚੋਣ 'ਚ ਲੋਕ ਸਭਾ ਸੀਟ ਹਾਰਨ ਤੋਂ ਬਾਅਦ ਇਹ ਸੀਟ ਆਪ ਲਈ ਇਕ ਵੱਡੀ ਚੁਨੌਤੀ ਬਣ ਗਈ ਸੀ। ਉਨ੍ਹਾਂ ਇਸ ਸੀਟ ਨੂੰ ਜਿੱਤਣ ਲਈ ਸਖ਼ਤ ਮਿਹਨਤ ਕੀਤੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਈ ਰੈਲੀਆਂ ਅਤੇ ਰੋਡ ਸ਼ੋਅ ਕੀਤੇ। ਪੰਜਾਬ ਸਰਕਾਰ ਦੀ ਸਮੁੱਚੀ ਕੈਬਨਿਟ ਇੱਥੇ ਚੋਣ ਪ੍ਰਚਾਰ ਵਿਚ ਡਟ ਗਈ।
ਜਲੰਧਰ ਲੋਕ ਸਭਾ ਸੀਟ ਕਾਂਗਰਸ ਦਾ ਗੜ੍ਹ ਰਹੀ ਹੈ। ਪਿਛਲੇ 5 ਵਾਰ ਇੱਥੋਂ ਕਾਂਗਰਸ ਜਿੱਤਦੀ ਆ ਰਹੀ ਹੈ। ਅਜਿਹੇ 'ਚ ਕਾਂਗਰਸ ਦੇ ਸਾਹਮਣੇ ਗੜ੍ਹ ਬਚਾਉਣ ਦੀ ਚੁਣੌਤੀ ਸੀ। ਹਾਲਾਂਕਿ ਚੋਣ ਪ੍ਰਚਾਰ ਵਿੱਚ ਕਾਂਗਰਸ ਨੂੰ ਇੱਥੇ ਕੇਂਦਰੀ ਆਗੂਆਂ ਦਾ ਕੋਈ ਸਹਿਯੋਗ ਨਹੀਂ ਮਿਲਿਆ। ਕਾਂਗਰਸ ਹਾਈਕਮਾਂਡ ਕਰਨਾਟਕ ਵਿਧਾਨ ਸਭਾ ਚੋਣਾਂ ਵਿਚ ਰੁੱਝੀ ਹੋਈ ਸੀ ਅਤੇ ਕੋਈ ਵੀ ਪ੍ਰਮੁੱਖ ਆਗੂ ਚੋਣ ਪ੍ਰਚਾਰ ਕਰਨ ਲਈ ਜਲੰਧਰ ਨਹੀਂ ਆਇਆ। ਇਸ ਲਈ ਉਹ ਇਸ ਨੂੰ ਬਚਾਉਣ ਵਿਚ ਅਸਫਲ ਰਿਹਾ।
ਜਲੰਧਰ ਉਪ ਚੋਣ 'ਚ ਘੱਟ ਵੋਟਿੰਗ ਨੇ ਉਮੀਦਵਾਰਾਂ ਦੇ ਨਾਲ-ਨਾਲ ਸਾਰੀਆਂ ਸਿਆਸੀ ਪਾਰਟੀਆਂ ਦੀ ਖਿੱਚੋਤਾਣ ਵਧਾ ਦਿਤੀ ਸੀ। ਜਲੰਧਰ 'ਚ ਸਾਰੀਆਂ ਪਾਰਟੀਆਂ ਦੇ ਜ਼ੋਰਦਾਰ ਪ੍ਰਚਾਰ ਦੇ ਬਾਵਜੂਦ ਸਿਰਫ 54.5 ਫੀਸਦੀ ਵੋਟਰ ਹੀ ਪੋਲਿੰਗ ਬੂਥਾਂ 'ਤੇ ਪਹੁੰਚੇ। 1999 ਤੋਂ ਇਹ ਸੀਟ ਕਾਂਗਰਸ ਦਾ ਗੜ੍ਹ ਰਹੀ ਹੈ ਅਤੇ ਇਸ ਦੌਰਾਨ ਵੋਟ ਪ੍ਰਤੀਸ਼ਤ 60% ਜਾਂ ਇਸ ਤੋਂ ਵੱਧ ਰਹੀ ਹੈ। ਇਸ ਵਾਰ ਮਤਦਾਨ ਅਚਾਨਕ ਲਗਭਗ 6% ਘੱਟ ਗਿਆ।
ਵੋਟਿੰਗ ਦੀ ਗੱਲ ਕਰੀਏ ਤਾਂ 'ਆਪ' ਵਿਧਾਇਕ ਬਲਕਾਰ ਸਿੰਘ ਦੇ ਹਲਕੇ ਕਰਤਾਰਪੁਰ 'ਚ ਸਭ ਤੋਂ ਵੱਧ ਮਤਦਾਨ (58%) ਹੋਇਆ। ਸ਼ਾਹਕੋਟ ਵਿਧਾਨ ਸਭਾ ਹਲਕਾ 57.4% ਵੋਟਾਂ ਨਾਲ ਦੂਜੇ ਨੰਬਰ 'ਤੇ ਰਿਹਾ। ਇੱਥੋਂ ਦੇ ਕਾਂਗਰਸੀ ਵਿਧਾਇਕ ਹਰਦੇਵ ਸਿੰਘ ਲਾਡੀ ਹਨ। ਸਭ ਤੋਂ ਘੱਟ 49.7% ਮਤਦਾਨ ਜਲੰਧਰ ਕੈਂਟ ਵਿੱਚ ਦਰਜ ਕੀਤਾ ਗਿਆ। ਇੱਥੇ ਕਾਂਗਰਸੀ ਵਿਧਾਇਕ ਪਰਗਟ ਸਿੰਘ ਵੀ ਮੌਜੂਦ ਹਨ। ਇਸ ਤੋਂ ਇਲਾਵਾ ਫਿਲੌਰ ਵਿੱਚ 55.8%, ਜਲੰਧਰ ਉੱਤਰੀ ਵਿੱਚ 54.5% ਅਤੇ ਆਦਮਪੁਰ ਵਿੱਚ 54% ਵੋਟਿੰਗ ਹੋਈ। ਇਨ੍ਹਾਂ ਤਿੰਨਾਂ ਸੀਟਾਂ 'ਤੇ ਕਾਂਗਰਸ ਦੇ ਵਿਧਾਇਕ ਹਨ।
ਜਲੰਧਰ 'ਚ ਕਰਤਾਰਪੁਰ ਸੀਟ 'ਤੇ 58 ਫੀਸਦੀ, ਜਲੰਧਰ ਪੱਛਮੀ ਸੀਟ 'ਤੇ 56.5 ਫੀਸਦੀ ਅਤੇ ਨਕੋਦਰ ਸੀਟ 'ਤੇ 55.9 ਫੀਸਦੀ ਵੋਟਿੰਗ ਦਰਜ ਕੀਤੀ ਗਈ। ਇਨ੍ਹਾਂ ਤਿੰਨਾਂ ਸੀਟਾਂ 'ਤੇ 'ਆਪ' ਦੇ ਵਿਧਾਇਕ ਹਨ। ਜਲੰਧਰ ਲੋਕ ਸਭਾ ਹਲਕੇ 'ਚ 'ਆਪ' ਦੀ ਚੌਥੀ ਸੀਟ ਜਲੰਧਰ ਕੇਂਦਰੀ ਹੈ, ਜਿੱਥੇ 48.9 ਫੀਸਦੀ ਵੋਟਿੰਗ ਹੋਈ। ਅਜਿਹੇ 'ਚ 'ਆਪ' ਲਈ ਕੁਝ ਚੰਗੇ ਅਤੇ ਕੁਝ ਮਾੜੇ ਸੰਕੇਤ ਜ਼ਰੂਰ ਹਨ।