ਅੱਜ ਆਉਣਗੇ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਦੇ ਨਤੀਜੇ, 7.30 ਵਜੇ ਸ਼ੁਰੂ ਹੋਵੇਗੀ ਵੋਟਾਂ ਦੀ ਗਿਣਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜ ਮੁੱਖ ਧਿਰਾਂ ਵਿਚ ਸ਼ਾਮਲ ਆਮ ਆਦਮੀ ਪਾਰਟੀ, ਕਾਂਗਰਸ, ਭਾਜਪਾ, ਅਕਾਲੀ-ਬਸਪਾ ਗਠਜੋੜ, ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰਾਂ ਦਾ ਦਾਅਵਾ ਹੈ ਕਿ ਸਾਡੀ ਜਿੱਤ ਯਕੀਨੀ ਹੈ।

Jalandhar Lok Sabha By Election Result 2023



ਜਲੰਧਰ: ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ 10 ਮਈ ਨੂੰ ਹੋਈ ਵੋਟਿੰਗ ਮਗਰੋਂ ਅੱਜ ਵੋਟਾਂ ਦੀ ਗਿਣਤੀ ਹੋਣ ਜਾ ਰਹੀ ਹੈ। ਇਸ ਚੋਣ ਵਿਚ 19 ਵੱਖ-ਵੱਖ ਪਾਰਟੀ ਤੇ ਆਜ਼ਾਦ ਉਮੀਦਵਾਰਾਂ ਨੇ ਅਪਣੀ ਸਿਆਸੀ ਕਿਸਮਤ ਅਜ਼ਮਾਈ ਹੈ, ਜਿਸ ਦਾ ਫ਼ੈਸਲਾ ਅੱਜ ਹੋਵੇਗਾ।  ਜਲੰਧਰ ਦੇ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਦਸਿਆ ਕਿ 13 ਮਈ ਨੂੰ ਵੋਟਾਂ ਦੀ ਗਿਣਤੀ ਸਵੇਰੇ 7.30 ਵਜੇ ਡਾਇਰੈਕਟਰ ਲੈਂਡ ਰਿਕਾਰਡ ਦਫ਼ਤਰ ਅਤੇ ਸਪੋਰਟਸ ਕਾਲਜ ਕੰਪਲੈਕਸ ਕਪੂਰਥਲਾ ਰੋਡ ਵਿਖੇ ਸ਼ੁਰੂ ਹੋਵੇਗੀ।

ਇਹ ਵੀ ਪੜ੍ਹੋ: ਕਰਨਾਟਕ ਵਿਧਾਨ ਸਭਾ ਚੋਣ ਨਤੀਜੇ : ਅੱਜ ਪਤਾ ਚਲੇਗਾ ਕਿਸ ਦੇ ਹੱਥ ਲੱਗੇਗੀ ਸੱਤਾ ਦੀ ਕੁੰਜੀ 

ਭਾਵੇਂ ਚੋਣ ਮੈਦਾਨ ਵਿਚ 19 ਉਮੀਦਵਾਰ ਅਪਣੀ ਕਿਸਮਤ ਅਜ਼ਮਾ ਰਹੇ ਹਨ ਪਰ ਪੰਜ ਮੁੱਖ ਧਿਰਾਂ ਵਿਚ ਸ਼ਾਮਲ ਆਮ ਆਦਮੀ ਪਾਰਟੀ, ਕਾਂਗਰਸ, ਭਾਜਪਾ, ਅਕਾਲੀ-ਬਸਪਾ ਗਠਜੋੜ, ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰਾਂ ਦਾ ਦਾਅਵਾ ਹੈ ਕਿ ਸਾਡੀ ਜਿੱਤ ਯਕੀਨੀ ਹੈ। ਜਲੰਧਰ ਜ਼ਿਮਨੀ ਚੋਣ ਲਈ 10 ਮਈ ਨੂੰ ਵੋਟਿੰਗ ‘ਚ ਕੁੱਲ 54.5 ਫੀਸਦੀ ਵੋਟਾਂ ਪਈਆਂ। ਚੋਣ ਵਿਚ ਘੱਟ ਪੋਲਿੰਗ ਨੇ ਦਰਸਾ ਦਿਤਾ ਹੈ ਕਿ ਉਥੋਂ ਦਾ ਵੋਟਰ ਲੀਡਰਾਂ ਦੇ ਵੋਟ ਮੰਗਣ ਜਾਂ ਕੰਮ ਕਰਨ ਦੇ ਢੰਗ ਤਰੀਕਿਆਂ ਤੋਂ ਨਾਰਾਜ਼ ਹੈ।

ਇਹ ਵੀ ਪੜ੍ਹੋ: ਭਾਰਤੀ ਤੇ ਪਾਕਿਸਤਾਨੀ ਸੁਪ੍ਰੀਮ ਕੋਰਟਾਂ ਨੇ ਹੀ ਅਖ਼ੀਰ ਹਾਕਮਾਂ ਦੀਆਂ ਸੰਵਿਧਾਨੋਂ ਬਾਹਰੀ ਤਾਕਤਾਂ ਨੂੰ ਗ਼ਲਤ ਦਸਿਆ  

ਇਕ ਅੰਦਾਜ਼ੇ ਮੁਤਾਬਕ 46 ਫ਼ੀ ਸਦੀ ਅਰਥਾਤ ਅੱਧਿਆਂ ਤੋਂ ਥੋੜੇ ਜਿਹੇ ਘੱਟ ਫ਼ੀਸਦ ਵਾਲੇ ਵੋਟਰਾਂ ਵਲੋਂ ਵੋਟ ਪਾਉਣ ਹੀ ਨਾ ਜਾਣਾ, ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਸਮੇਤ ਸੀਨੀਅਰ ਆਗੂਆਂ ਨੂੰ ਵੀ ਇਕ ਅਜਿਹਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ, ਜਿਸ ਤੋਂ ਸਾਰੀਆਂ ਪਾਰਟੀਆਂ ਦੇ ਮੂਹਰਲੀ ਕਤਾਰ ਦੇ ਆਗੂਆਂ ਨੂੰ ਜ਼ਰੂਰ ਵਿਚਾਰ ਵਟਾਂਦਰਾ ਕਰਨਾ ਪਵੇਗਾ, ਕਿਉਂਕਿ ਲਗਾਤਾਰ ਇਕ ਮਹੀਨਾ ਜਲੰਧਰ ਲੋਕ ਸਭਾ ਹਲਕੇ ਦੇ 9 ਵਿਧਾਨ ਸਭਾ ਹਲਕਿਆਂ ਦੇ 16 ਲੱਖ ਤੋਂ ਜ਼ਿਆਦਾ ਵੋਟਰਾਂ ਨੂੰ ਭਰਮਾਉਣ ਲਈ 4 ਸੂਬਿਆਂ ਦੇ ਮੁੱਖ ਮੰਤਰੀ, 6 ਕੇਂਦਰੀ ਮੰਤਰੀ, 27 ਮੈਂਬਰ ਪਾਰਲੀਮੈਂਟ, ਵੱਖ-ਵੱਖ ਸੂਬਿਆਂ ਦੇ 167 ਐਮਐਲਏ, ਪੰਜਾਬ ਸਮੇਤ 11 ਸੂਬਿਆਂ ਦੇ ਲਗਭਗ ਇਕ ਹਜ਼ਾਰ ਲੀਡਰ ਜੇਕਰ 100 ਤੋਂ ਵਧ ਰੈਲੀਆਂ ਅਤੇ ਰੋਡ ਸ਼ੋਅ ਕਰਨ, ਸੋਸ਼ਲ ਮੀਡੀਏ ਦੀ ਰੱਜ ਕੇ ਦੁਰਵਰਤੋਂ ਕੀਤੀ ਜਾਵੇ, ਦਲ ਬਦਲੀਆਂ ਦਾ ਦੌਰ ਸਾਰੇ ਰੀਕਾਰਡ ਤੋੜ ਦੇਵੇ, ਫਿਰ ਵੀ ਲੀਡਰਾਂ ਦਾ ਵੋਟਾਂ ਮੰਗਣ ਦਾ ਢੰਗ ਤਰੀਕਾ ਵੋਟਰ ਨਕਾਰ ਦੇਣ ਤਾਂ ਸਾਰੀਆਂ ਪਾਰਟੀਆਂ ਲਈ ਇਹ ਖ਼ਤਰੇ ਦੀ ਘੰਟੀ ਹੈ, 13 ਮਈ ਵਾਲੇ ਦਿਨ ਨਤੀਜਾ ਆਉਣ ਤੋਂ ਬਾਅਦ ਜੇਕਰ ਆਪੋ-ਅਪਣੀ ਜਿੱਤ ਦਾ ਦਾਅਵਾ ਕਰਨ ਵਾਲੀਆਂ ਪੰਜ ਮੁੱਖ ਧਿਰਾਂ ਵਿਚੋਂ ਕੋਈ 15 ਤੋਂ 20 ਫ਼ੀ ਸਦੀ ਵੋਟਾਂ ਹਾਸਲ ਕਰ ਕੇ ਜਿੱਤ ਪ੍ਰਾਪਤ ਕਰ ਲੈਂਦਾ ਹੈ ਤਾਂ ਉਸ ਨੂੰ ਜੇਤੂ ਜਲੂਸ ਕੱਢਣ ਦਾ ਹੱਕ ਨਹੀਂ ਰਹਿ ਜਾਂਦਾ, ਕਿਉਂਕਿ ਵੋਟ ਸਿਸਟਮ ਦੇ ਢੰਗ ਨੂੰ ਨਕਾਰਨ ਵਾਲੇ 80 ਤੋਂ 85 ਫ਼ੀ ਸਦੀ ਵੋਟਰ ਉਸ ਜੇਤੂ ਜਲੂਸ ਦਾ ਵੀ ਵਿਰੋਧ ਕਰਨਗੇ।

ਇਹ ਵੀ ਪੜ੍ਹੋ: ਅੱਜ ਦਾ ਹੁਕਮਨਾਮਾ (13 ਮਈ 2023) 

ਸਰਕਾਰ, ਪ੍ਰਸ਼ਾਸ਼ਨ, ਚੋਣ ਕਮਿਸ਼ਨ, ਸਮਾਜਸੇਵੀ ਸੰਸਥਾਵਾਂ ਅਤੇ ਧਾਰਮਕ ਜਥੇਬੰਦੀਆਂ ਦਾ ਜ਼ੋਰ ਲਾਉਣ ਦੇ ਬਾਵਜੂਦ ਵੀ ਵੋਟਰਾਂ ਦਾ ਲੋਕਤੰਤਰ ਤੋਂ ਵਿਸ਼ਵਾਸ਼ ਉਠ ਜਾਣ ਵਰਗੀ ਪ੍ਰਕਿਰਿਆ ਨੇ ਜਿੱਥੇ ਰਾਜਨੀਤਕ ਮਾਹਰਾਂ ਨੂੰ ਸੋਚਾਂ ਵਿਚ ਪਾ ਦਿਤਾ ਹੈ, ਉਥੇ ਸਾਰਿਆਂ ਲਈ ਇਸ ਘੱਟ ਵੋਟ ਫ਼ੀਸਦ ’ਤੇ ਨਜ਼ਰਸਾਨੀ ਕਰਨੀ ਜ਼ਰੂਰੀ ਹੋ ਜਾਂਦੀ ਹੈ। ਪੋਲਿੰਗ ਵਾਲੇ ਦਿਨ ਅਰਥਾਤ 10 ਮਈ ਨੂੰ ਨਾ ਕਿਸੇ ਫ਼ਸਲ ਦਾ ਜ਼ੋਰ, ਨਾ ਮੀਂਹ, ਨਾ ਝੱਖੜ, ਫਿਰ ਵੀ ਲੋਕਾਂ ਦਾ ਵੋਟ ਪਾਉਣ ਲਈ ਘਰੋਂ ਬਾਹਰ ਨਾ ਨਿਕਲਣ ਦੇ ਆਪੋ ਅਪਣੇ ਢੰਗ ਨਾਲ ਅਰਥ ਕੱਢੇ ਜਾ ਰਹੇ ਹਨ।