Surjit Patar News: ਮਰਹੂਮ ਕਵੀ ਡਾ. ਸੁਰਜੀਤ ਪਾਤਰ ਦੇ ਸਨਮਾਨ 'ਚ 'ਪਾਤਰ ਐਵਾਰਡ' ਸ਼ੁਰੂ ਕਰੇਗੀ ਪੰਜਾਬ ਸਰਕਾਰ
ਮੁੱਖ ਮੰਤਰੀ ਭਗਵੰਤ ਮਾਨ ਨੇ ਸੁਰਜੀਤ ਪਾਤਰ ਦੀ ਅਰਥੀ ਨੂੰ ਦਿਤਾ ਮੋਢਾ
Surjit Patar News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੋਮਵਾਰ ਨੂੰ ਮਾਡਲ ਟਾਊਨ ਐਕਸਟੈਨਸ਼ਨ ਸ਼ਮਸ਼ਾਨਘਾਟ ਵਿਖੇ ਉੱਘੇ ਪੰਜਾਬੀ ਕਵੀ ਡਾ. ਸੁਰਜੀਤ ਪਾਤਰ ਦੇ ਅੰਤਿਮ ਸੰਸਕਾਰ ਵਿਚ ਸ਼ਾਮਲ ਹੋਏ। ਕਵੀ ਡਾ. ਸੁਰਜੀਤ ਸਿੰਘ ਪਾਤਰ ਦਾ ਲੁਧਿਆਣਾ ਵਿਖੇ ਪੂਰੇ ਰਾਜਕੀ ਸਨਮਾਨ ਨਾਲ ਸੰਸਕਾਰ ਕੀਤਾ ਗਿਆ।
ਡਾ. ਸੁਰਜੀਤ ਪਾਤਰ ਦੀ ਅੰਤਿਮ ਯਾਤਰਾ ਉਨ੍ਹਾਂ ਦੇ ਘਰ ਤੋਂ ਮਾਡਲ ਟਾਊਨ ਸਥਿਤ ਸ਼ਮਸ਼ਾਨਘਾਟ ਤੱਕ ਕੱਢੀ ਗਈ। ਮੁੱਖ ਮੰਤਰੀ ਭਗਵੰਤ ਮਾਨ ਨੇ ਡਾ. ਸੁਰਜੀਤ ਪਾਤਰ ਜੀ ਦੀ ਅੰਤਿਮ ਯਾਤਰਾ ਵਿਚ ਪਹੁੰਚ ਕੇ ਉਨ੍ਹਾਂ ਦੀ ਅਰਥੀ ਨੂੰ ਮੋਢਾ ਦਿੱਤਾ। ਡਾ. ਸੁਰਜੀਤ ਸਿੰਘ ਪਾਤਰ ਦੇ ਪਰਿਵਾਰਿਕ ਮੈਂਬਰਾਂ ਭਗਵੰਤ ਮਾਨ ਨੇ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਦੁੱਖ ਸਾਂਝਾ ਕੀਤਾ। ਭਗਵੰਤ ਮਾਨ ਡਾ.ਪਾਤਰ ਦੀ ਅਰਥੀ ਨੂੰ ਮੋਢਾ ਦਿੰਦੇ ਸਮੇਂ ਭਾਵੁਕ ਹੋ ਗਏ ਅਤੇ ਉਨ੍ਹਾਂ ਨੂੰ ਹੰਝੂਆਂ ਨਾਲ ਅੰਤਿਮ ਵਿਦਾਈ ਦਿੱਤੀ। ਲੋਕਾਂ ਨੇ ‘ਪਾਤਰ ਸਾਹਿਬ ਜ਼ਿੰਦਾਬਾਦ’ ਅਤੇ ‘ਪੰਜਾਬੀ ਮਾਂ ਬੋਲੀ ਦੀ ਰਾਖੀ ਜ਼ਿੰਦਾਬਾਦ’ ਦੇ ਨਾਅਰੇ ਲਾਏ। ਇਸ ਮੌਕੇ 'ਆਪ' ਸੰਸਦ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੀ ਮੌਜੂਦ ਸਨ।
ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਐਲਾਨ- ਪੰਜਾਬ ਸਰਕਾਰ ਵੱਲੋਂ ਉੱਘੇ ਕਵੀ ਡਾ. ਸੁਰਜੀਤ ਪਾਤਰ ਦੇ ਸਨਮਾਨ 'ਚ 'ਪਾਤਰ ਐਵਾਰਡ' ਦੀ ਕੀਤੀ ਜਾਵੇਗੀ ਸ਼ੁਰੂਆਤ
ਮੀਡੀਆ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਸੂਬੇ ਵਿਚ 'ਪਾਤਰ ਐਵਾਰਡ' ਸ਼ੁਰੂ ਕਰੇਗੀ। ਇਸ ਪੁਰਸਕਾਰ ਵਿਚ ਇਨਾਮੀ ਰਾਸ਼ੀ ਵੀ ਦਿਤੀ ਜਾਵੇਗੀ। ਪੰਜਾਬ ਸਰਕਾਰ ਵੱਲੋਂ ਪ੍ਰਸਿੱਧ ਪੰਜਾਬੀ ਕਵੀ ਸੁਰਜੀਤ ਪਾਤਰ ਦੀ ਯਾਦ ਵਿਚ ਹਰ ਸਾਲ ਉੱਭਰਦੇ ਕਵੀਆਂ ਨੂੰ ਇਕ ਲੱਖ ਰੁਪਏ ਦਾ ਇਨਾਮ ਦਿਤਾ ਜਾਵੇਗਾ। ਇਹ ਪੁਰਸਕਾਰ 8ਵੀਂ ਜਮਾਤ ਤੋਂ ਲੈ ਕੇ ਗ੍ਰੈਜੂਏਟ ਪੱਧਰ ਤਕ ਦੇ ਵਿਦਿਆਰਥੀਆਂ ਲਈ ਹੋਵੇਗਾ।
ਇਸ ‘ਪਾਤਰ ਐਵਾਰਡ’ ਲਈ ਇਕ ਪੈਨਲ ਬਣਾਇਆ ਜਾਵੇਗਾ, ਜਿਸ ਸਾਹਿਤਕਾਰਾਂ ਨੂੰ ਸ਼ਾਮਲ ਕੀਤਾ ਜਾਵੇਗਾ ਅਤੇ ਉੱਭਰਦੇ ਕਵੀ ਇਨਾਮ ਜਿੱਤਣ ਲਈ ਮੁਕਾਬਲੇ ਵਿਚ ਹਿੱਸਾ ਲੈਣਗੇ। ਇਸ ਤੋਂ ਇਲਾਵਾ ਗ੍ਰੈਜੂਏਟ ਪੱਧਰ ਦੇ ਵਿਦਿਆਰਥੀਆਂ ਲਈ ਵੀ ਇਕ ਮੁਕਾਬਲਾ ਕਰਵਾਇਆ ਜਾਵੇਗਾ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਸ ਐਵਾਰਡ ਦਾ ਉਦੇਸ਼ ਨੌਜਵਾਨਾਂ ਨੂੰ ਡਾ. ਸੁਰਜੀਤ ਪਾਤਰ ਨੂੰ ਪੜ੍ਹਨ, ਸਾਹਿਤ ਵਿਚ ਰੁਚੀ ਲੈਣ ਲਈ ਪ੍ਰੇਰਿਤ ਕਰਨਾ ਹੈ ਤਾਂ ਜੋ ਉਹ ਵੀ ਉਨ੍ਹਾਂ ਵਾਂਗ ਲੇਖਕ ਅਤੇ ਕਵੀ ਬਣ ਸਕਣ।
ਉਨ੍ਹਾਂ ਕਿਹਾ ਕਿ ਡਾ.ਪਾਤਰ ਕਹਿੰਦੇ ਸਨ ਕਿ ਪੰਜਾਬੀ ਭਾਸ਼ਾ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਹਿੱਸਾ ਨਹੀਂ ਹੈ, ਅਸੀਂ ਅਪਣੀ ਮਾਂ ਬੋਲੀ ਨੂੰ ਹਰ ਖੇਤਰ ਵਿਚ ਅੱਗੇ ਲੈ ਕੇ ਜਾਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਉਨ੍ਹਾਂ ਕਿਹਾ ਕਿ 'ਪੰਜਾਬੀ ਮਾਂ ਬੋਲੀ ਦੇ ਇਸ ਮਾਣਮੱਤੇ ਪੁੱਤ' ਦੇ ਸਨਮਾਨ ਲਈ ਜੋ ਵੀ ਕੀਤਾ ਜਾਵੇਗਾ, ਉਹ ਪੰਜਾਬੀ ਮਾਂ ਬੋਲੀ ਦੀ ਹੀ ਸੇਵਾ ਹੋਵੇਗੀ।
(For more Punjabi news apart from Punjab government will start 'Patar Award' in the honour of Dr Surjit Patar, stay tuned to Rozana Spokesman)