ਭਾਰਤ ਤੇ ਪਾਕਿਸਤਾਨ ਜੰਗ ਦੌਰਾਨ ਨੌਜਵਾਨ ਦੇ ਲੱਗੀ ਗੋਲੀ, ਦੱਸੀ ਹੱਡਬੀਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੁਲਵੰਤ ਸਿੰਘ ਨੇ ਡਰੋਨ ਦੇਖਣ ਤੇ ਗੋਲੀਆਂ ਦੀ ਆਵਾਜ਼ ਸੁਣਨ ਦਾ ਕੀਤਾ ਦਾਅਵਾ

Youth shot during India-Pakistan war, reported to be in shock

ਪਛਲੇ ਕਈ ਦਿਨਾਂ ਤੋਂ ਭਾਰਤ ਤੇ ਪਾਕਿਸਤਾਨ ਵਿਚਕਾਰ ਤਣਾਅ ਦਾ ਮਾਹੌਲ ਬਣਿਆ ਹੋਇਆ ਸੀ। ਦੋਵਾਂ ਦੇਸ਼ਾਂ ਵਲੋਂ ਇਕ ਦੂਜੇ ’ਤੇ ਗੋਲੀਬਾਰੀ, ਡਰੋਨ ਤੇ ਮਿਜ਼ਾਈਲਾਂ ਸੁੱਟੀਆਂ ਜਾ ਰਹੀਆਂ ਸਨ। ਇਸੇ ਦੌਰਾਨ ਪੰਜਾਬ ਦੇ ਪਿੰਡ ਬੋਪਰਾਏ ਵਿਚ ਨੌਜਵਾਨ ਕੁਲਵੰਤ ਸਿੰਘ ਦੇ ਗੋਲੀ ਲੱਗੀ, ਜੋ ਰਾਤ ਨੂੰ ਪੀਸ਼ਾਬ ਕਰਨ ਲਈ ਗਿਆ ਸੀ। ਨੌਜਵਾਨ ਨੇ ਦਸਿਆ ਕਿ ਮਿਤੀ 9 ਦਿਨ ਸ਼ੁਕਰਵਾਰ ਨੂੰ ਰਾਤ ਵੇਲੇ ਦੀ ਗੱਲ ਹੈ, ਕਿ ਰਾਤ 8.30 ਵਜੇ ਬਿਜਲੀ ਚਲੀ ਗਈ ਤੇ 9 ਵਜੇ ਪਾਕਿਸਤਾਨ ਵਲੋਂ ਗੋਲੀਬਾਰੀ ਸ਼ੁਰੂ ਕਰ ਦਿਤੀ ਗਈ।

ਅਸੀਂ ਘਰ ਦੇ ਬਾਹਰ ਹੀ ਬੈਠੇ ਸੀ ਗੋਲੀਬਾਰੀ ਦੌਰਾਨ ਅਸੀਂ ਸਾਰੇ ਪਰਿਵਾਰ ਨੂੰ ਲੈ ਕੇ ਅੰਦਰ ਆ ਗਏ। ਰਾਤ 11 ਵਜੇ ਮੈਂ ਪੀਸ਼ਾਬ ਕਰਨ ਉਠਿਆ ਤੇ ਬਾਹਰ ਚਲਿਆ ਗਿਆ। ਮੈਨੂੰ ਬਾਹਰ ਗੋਲੀਆਂ ਚੱਲਣ ਦੀ ਆਵਾਜ਼ ਆ ਰਹੀ ਸੀ। ਮੈਂ ਜਦੋਂ ਪੀਸ਼ਾਬ ਕਰ ਕੇ ਘਰ ਅੰਦਰ ਜਾਣ ਲੱਗਾ ਤਾਂ ਪਤਾ ਨਹੀਂ ਕਿੱਧਰੋਂ ਆ ਕੇ ਮੇਰੇ ਗੋਲੀ ਲੱਗੀ। ਪਰ ਮੈਨੂੰ ਪਤਾ ਨਹੀਂ ਲਗਿਆ ਕਿ ਮੇਰੇ ਗੋਲੀ ਲੱਗੀ ਹੈ ਮੈਂ ਸੋਚਿਆ ਕਿ ਮੇਰੇ ਕੋਈ ਛੋਟਾ ਪੱਥਰ ਵੱਜਿਆ ਹੈ ਤੇ ਮੈਂ ਆਪਣਾ ਪੇਟ ਫੜ ਕੇ ਅੰਦਰ ਆ ਗਿਆ। ਮੈਂ ਪਰਿਵਾਰ ਵਾਲਿਆਂ ਨੂੰ ਵੀ ਨਹੀਂ ਦਸਿਆ ਕਿ ਮੇਰੇ ਗੋਲੀ ਲੱਗੀ ਹੈ।

ਪਰ ਜਦੋਂ ਮੇਰੇ ਦਰਦ ਜ਼ਿਆਦਾ ਹੋਣ ਲੱਗਾ ਤਾਂ ਮੈਂ ਹਸਪਤਾਲ ਵਿਚ ਗਿਆ। ਜਿਥੇ ਡਾਕਟਰਾਂ ਨੇ ਮੇਰਾ ਐਕਸਰਾ ਕੀਤਾ ਜਿਸ ਤੋਂ ਬਾਅਦ ਪਤਾ ਲਗਿਆ ਕਿ ਇਹ ਪੱਥਰ ਨਹੀਂ ਗੋਲੀ ਲੱਗੀ ਹੈ। ਸਾਨੂੰ ਬਾਅਦ ਵਿਚ ਪਤਾ ਲਗਿਆ ਕਿ ਇਹ ਗੋਲੀ 315 ਨੰਬਰ ਦੀ ਗੋਲੀ ਹੈ ਜਿਸ ਦੀ ਵਰਤੋਂ ਜਹਾਜ਼ ਸੁੱਟਣ ਲਈ ਕੀਤੀ ਜਾਂਦੀ ਹੈ। ਰਾਤ 10 ਵਜੇ ਤੋਂ ਲੈ ਕੇ ਤੜਕੇ 4 ਵਜੇ ਤਕ ਡਰੋਨ ਤੇ ਗੋਲੀਆਂ ਚਲਦੀਆਂ ਰਹੀਆਂ। ਪਿੰਡ ਦੇ ਸਰਪੰਚ ਨੇ ਦਸਿਆ ਕਿ ਸ਼ੁਕਰਵਾਰ ਨੂੰ ਰਾਤ 9 ਤੋਂ 10 ਦੇ ਵਿਚਕਾਰ ਤੋਂ ਹੀ ਪਾਕਿਸਤਾਨ ਵਲੋਂ ਡਰੋਨ ਤੇ ਗੋਲੀ ਚਲਾਉਣੀ ਸ਼ੁਰੂ ਹੋ ਗਈ ਸੀ। ਜਿਸ ਦਾ ਭਾਰਤੀ ਫ਼ੌਜ ਨੇ ਵੀ ਜਵਾਬ ਦੇਣਾ ਸ਼ੁਰੂ ਕਰ ਦਿਤਾ।

ਸਾਰੀ ਰਾਤ ਰੁੱਕ-ਰੁੱਕ ਕੇ ਹਮਲੇ ਹੁੰਦੇ ਰਹੇ। ਜਿਸ ਦੌਰਾਨ ਸਾਡੇ ਨੌਜਵਾਨ ਜਿਸ ਦਾ ਨਾਮ ਕੁਲਵੰਤ ਸਿੰਘ ਹੈ ਉਸ ਦੇ ਗੋਲੀ ਲੱਗੀ। ਗੁਰੂ ਮਾਹਾਰਾਜ ਦੀ ਕਿਰਪਾ ਨਾਲ ਨੌਜਵਾਨ ਦਾ ਬਚਾਅ ਹੋ ਗਿਆ ਤੇ ਹੁਣ ਨੌਜਵਾਨ ਕਾਫ਼ੀ ਹੱਦ ਤਕ ਠੀਕ ਹੈ। ਉਨ੍ਹਾਂ ਕਿਹਾ ਕਿ ਗ਼ਰੀਬ ਪਰਿਵਾਰ ਹੋਣ ਕਰ ਕੇ ਜੋ ਵੀ ਇਨ੍ਹਾਂ ਦੇ ਇਲਾਜ ਦੌਰਾਨ ਖ਼ਰਚਾ ਹੋਇਆ ਉਸ ਲਈ ਸਰਕਾਰ ਇਨ੍ਹਾਂ ਦੀ ਮਦਦ ਕਰੇ। ਇਕ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਾਨੂੰ ਫ਼ੋਨ ਆਇਆ ਕਿ ਪਿੰਡ ਬੋਪਰਾਏ ਦੇ ਨੌਜਵਾਨ ਕੁਲਵੰਤ ਸਿੰਘ ਉਰਫ਼ ਨਵਦੀਪ ਸਿੰਘ ਦੇ ਗੋਲੀ ਲੱਗੀ ਹੈ ਜੋ ਹਸਪਤਾਲ ਵਿਚ ਇਲਾਜ ਅਧਿਨ ਹੈ,

ਉਥੇ ਜਾ ਕੇ ਬਿਆਨ ਲਈ ਪਹੁੰਚੋ। ਹਸਪਤਾਲ ਪਹੁੰਚ ’ਤੇ ਕੁਲਵੰਤ ਸਿੰਘ ਨੇ ਦਸਿਆ ਕਿ ਮਿਤੀ 9 ਦਿਨ ਸ਼ੁਕਰਵਾਰ ਦੀ ਰਾਤ 11 ਵਜੇ ਭਾਰਤ ਤੇ ਪਾਕਿਸਤਾਨ ਜੰਗ ਦੌਰਾਨ ਮੇਰੇ ਗੋਲੀ ਲੱਗੀ ਸੀ। ਇਲਾਜ ਦੌਰਾਨ ਮੇਰੇ ਪੇਟ ਵਿਚੋਂ ਗੋਲੀ ਕੱਢੀ ਗਈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਇਸ ਵਿਚ ਨੌਜਵਾਨ ਦਾ ਕੋਈ ਕਸੂਰ ਨਹੀਂ ਹੈ ਤੇ ਅਸੀਂ ਅਗਲੇਰੀ ਕਾਰਵਾਈ ਕਰ ਰਹੇ ਹਾਂ।