ਝੋਨੇ ਦੀ ਲਵਾਈ ਸਬੰਧੀ ਕਿਸਾਨ ਸੰਘਰਸ਼ ਜਾਰੀ ਰਹੇਗਾ : ਉਗਰਾਹਾਂ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਸਥਾਨਕ ਐਸਡੀਓ ਪਾਵਰਕਾਮ ਦੇ ਦਫਤਰ ਅੱਗੇ ਅਣਮਿੱਥੇ ਸਮੇ ਲਈ ਸ਼ੁਰੂ ਕੀਤੇ ਧਰਨੇ ਦੇ ਦੂਜੇ ਦਿਨ ਯੂਨੀਅਨ ਦੇ ਸੂਬਾ ...

Farmers Protesting

ਭਵਾਨੀਗੜ੍ਹ, : ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਸਥਾਨਕ ਐਸਡੀਓ ਪਾਵਰਕਾਮ ਦੇ ਦਫਤਰ ਅੱਗੇ ਅਣਮਿੱਥੇ ਸਮੇ ਲਈ ਸ਼ੁਰੂ ਕੀਤੇ ਧਰਨੇ ਦੇ ਦੂਜੇ ਦਿਨ ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਝੋਨੇ ਦੀ ਲਵਾਈ ਨੂੰ ਲੈ ਕੇ ਪੰਜਾਬ ਦੇ ਕਿਸਾਨ ਅਤੇ ਪੰਜਾਬ ਸਰਕਾਰ ਦਰਮਿਆਨ ਜੰਗ ਸ਼ੁਰੂ ਹੋ ਚੁੱਕੀ ਹੈ ਅਤੇ ਇਹ ਜੰਗ ਕਿਸਾਨਾਂ ਦੀ ਜਿੱਤ ਦੇ ਝੰਡੇ ਲਹਿਰਾਉਣ ਤੱਕ ਜਾਰੀ ਰਹੇਗੀ।

ਸ੍ਰੀ ਉਗਰਾਹਾਂ ਨੇ ਕਿਹਾ ਕਿ ਜਦੋਂ ਸਾਰਾ ਦੇਸ ਅਨਾਜ ਸੰਕਟ ਕਾਰਨ ਭੁੱਖਾ ਮਰ ਰਿਹਾ ਸੀ ਤਾਂ ਦੇਸ ਦੇ ਹਾਕਮਾਂ ਨੇ ਪੰਜਾਬ ਅੰਦਰ ਝੋਨਾ ਅਤੇ ਕਣਕ ਦੀ ਫਸਲ ਸ਼ੁਰੂ ਕਰਵਾ ਕੇ ਦੇਸ਼ ਦਾ ਸੰਕਟ ਹੱਲ਼ ਕਰ ਲਿਆ, ਕੀੜੇਮਾਰ ਦਵਾਈਆਂ ਅਤੇ ਖਾਦ ਕੰਪਨੀਆਂ ਨੂੰ ਮਾਲਾਮਾਲ ਕਰ ਦਿੱਤਾ, ਪਰ ਪੰਜਾਬ ਦੇ ਕਿਸਾਨ ਨੂੰ ਕਰਜ਼ੇ ਦੇ ਜਾਲ ਵਿੱਚ ਬੁਰੀ ਤਰ੍ਹਾਂ ਫਸਾ ਦਿੱਤਾ।

ਉਨ੍ਹਾਂ ਕਿਹਾ ਕਿ ਕਰਜ਼ੇ ਕਾਰਨ ਲਗਾਤਾਰ ਖ਼ੁਦਕੁਸ਼ੀ ਕਰ ਰਹੇ ਪੰਜਾਬ ਦੇ ਕਿਸਾਨ ਨੂੰ ਬਚਾਉਣ ਲਈ ਹੁਣ ਕੇਂਦਰ ਦੀ ਭਾਜਪਾ ਅਤੇ ਪੰਜਾਬ ਦੀ ਕਾਂਗਰਸ ਸਰਕਾਰ ਸਿਰਫ ਮਗਰਮੱਛ ਦੇ ਹੰਝੂ ਬਹਾ ਰਹੀਆਂ ਹਨ, ਪਰ ਕਿਸਾਨ ਨੂੰ ਇਸ ਜਾਲ ਵਿਚੋਂ ਕੱਢਣ ਲਈ ਕੋਈ ਵੀ ਗੰਭੀਰ ਨਹੀਂ ਹੈ।  ਉਨ੍ਹਾਂ ਕਿਹਾ ਕਿ ਕੈਪਟਨ  ਸਰਕਾਰ ਨੇ ਝੋਨੇ ਦੀ ਲਵਾਈ 20 ਜੂਨ ਮਿਥ ਕੇ ਕਿਸਾਨਾਂ ਨੂੰ ਹੋਰ ਕਸੂਤੇ ਚੱਕਰ ਵਿੱਚ ਪਾ ਦਿੱਤਾ ਹੈ ਅਤੇ ਮੰਡੀਆਂ ਵਿੱਚ ਰੁਲਣ ਲਈ ਮਜਬੂਰ ਕਰ ਦਿੱਤਾ।

ਉਨ੍ਹਾਂ ਸਰਕਾਰ ਅਤੇ ਪਾਵਰਕਾਮ ਅਧਿਕਾਰੀਆਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਉਨ੍ਹਾਂ ਡੰਕੇ ਦੀ ਚੋਟ ਉੱਤੇ 10 ਜੂਨ ਤੋਂ ਝੋਨਾ ਲਗਾਉਣਾ ਸ਼ੁਰੂ ਕਰ ਦਿੱਤਾ ਹੈ, ਜੇਕਰ ਕਿਸੇ ਵਿੱਚ ਹਿੰਮਤ ਹੈ ਤਾਂ ਉਸ ਨਾਲ  ਕਿਸਾਨਾਂ ਦੇ ਖੇਤਾਂ ਵਿੱਚ ਟੱਕਰਿਆ ਜਾਵੇਗਾ। ਉਨ੍ਹਾਂ ਕਿਸਾਨਾਂ ਨੂੰ 16 ਘੰਟੇ ਅਤੇ ਘਰਾਂ ਲਈ 24 ਘੰਟਤੇ ਬਿਜਲੀ ਸਪਲਾਈ ਦੇਣ ਦੀ ਮੰਗ ਕੀਤੀ।

ਧਰਨੇ ਵਿੱਚ ਬਲਾਕ ਪ੍ਰਧਾਨ ਅਜੈਬ ਸਿੰਘ ਲੱਖੇਵਾਲ, ਜਨਰਲ ਸਕੱਤਰ ਜਗਤਾਰ ਸਿੰਘ ਕਾਲਾਝਾੜ, ਮਨਜੀਤ ਸਿੰਘ ਘਰਾਚੋਂ, ਨਿਰਭੈ ਸਿੰਘ ਮਸਾਣੀ, ਜਿੰਦਰ ਸਿੰਘ, ਰਘਵੀਰ ਸਿੰਘ ਘਰਾਚੋਂ, ਬਲਵਿੰਦਰ ਸਿੰਘ, ਮੱਘਰ ਸਿੰਘ ਜਨਾਲ, ਗੁਰਦੇਵ ਸਿੰਘ ਆਲੋਅਰਖ, ਜੋਗਿੰਦਰ ਸਿੰਘ, ਹਰਪਾਲ ਸਿੰਘ, ਅਮਰ ਸਿੰਘ, ਅੰਗਰੇਜ ਸਿੰਘ, ਜਸਪਾਲ ਸਿੰਘ ਸੰਘਰੇੜੀ, ਜੱਸੀ ਨਾਗਰਾ, ਲਾਭ ਸਿੰਘ, ਜੋਗਾ ਸਿੰਘ, ਜਗਤ ਸਿੰਘ, ਭਜਨ ਸਿੰਘ ਅਤੇ ਹਰਮੇਲ ਸਿੰਘ ਤੁੰਗਾਂ ਵੀ ਹਾਜ਼ਰ ਸਨ।