ਕੋਰੋਨਾ ਦੇ ਡਰੋਂ ਪੰਜਾਬ ਦੇ ਹਸਪਤਾਲਾਂ ਦਾ ਰੁਖ ਕਰ ਰਹੇ ਦਿੱਲੀ ਦੇ ਲੋਕ, ਸਿਹਤ ਵਿਭਾਗ ਹੋਇਆ ਅਲਰਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਣ ਨਾਲ ਹਾਲਾਤ ਖਰਾਬ ਹੁੰਦੇ ਜਾ ਰਹੇ ਹਨ।

Corona Virus

ਚੰਡੀਗੜ੍ਹ:  ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਣ ਨਾਲ ਹਾਲਾਤ ਖਰਾਬ ਹੁੰਦੇ ਜਾ ਰਹੇ ਹਨ। ਇਸ ਦੇ ਚਲਦਿਆਂ ਦਿੱਲੀ ਦੇ ਕਈ ਲੋਕ ਕੋਰੋਨਾ ਦੇ ਟੈਸਟ ਅਤੇ ਇਲਾਜ ਲਈ ਪੰਜਾਬ ਆ ਰਹੇ ਹਨ। ਇਸ ਨਾਲ ਸਿਹਤ ਵਿਭਾਗ ਦੇ ਅਧਿਕਾਰੀ ਕਾਫੀ ਚਿੰਤਤ ਹਨ।

ਪਿਛਲੇ ਕਈ ਸਾਲਾਂ ਤੋਂ ਦਿੱਲੀ ਵਿਚ ਤਾਇਨਾਤ ਇਕ 57 ਸਾਲਾ ਬੈਂਕ ਮੈਨੇਜਰ ਦਾ ਕੱਲ੍ਹ ਪਟਿਆਲਾ ਵਿਚ ਕੋਰੋਨਾ ਵਾਇਰਸ ਦਾ ਟੈਸਟ ਕੀਤਾ ਗਿਆ ਤੇ ਉਸ ਦੀ ਰਿਪੋਰਟ ਪਾਜ਼ੀਟਿਵ ਆਈ ਹੈ।  ਅਪਣੇ ਪਿਤਾ ਵਿਚ ਕੋਰੋਨਾ ਵਾਇਰਸ ਦੇ ਲੱਛਣ ਸਾਹਮਣੇ ਆਉਣ ਤੋਂ ਬਾਅਦ ਉਹਨਾਂ ਦੇ ਲੜਕੇ ਨੇ ਦੱਸਿਆ ਕਿ ਉਹ ਅਪਣੇ ਪਿਤਾ ਨੂੰ ਇਲ਼ਾਜ ਕਈ ਕਈ ਹਸਪਤਾਲਾਂ ਵਿਚ ਲੈ ਕੇ ਗਿਆ ਪਰ ਕਿਤੇ ਵੀ ਉਹਨਾਂ ਦਾ ਇਲਾਜ ਨਹੀਂ ਕੀਤਾ ਗਿਆ।

ਇਕ ਹੋਰ ਮਾਮਲੇ ਵਿਚ ਇਕ ਬਜ਼ੁਰਗ ਜੋੜੇ ਨੂੰ ਪਟਿਆਲਾ ਵਿਖੇ ਰਜਿੰਦਰਾ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਬਜ਼ੁਰਗ ਜੋੜੇ ਨੇ ਦਿੱਲੀ ਤੋਂ ਪਟਿਆਲਾ ਆਉਂਦਿਆਂ ਹੀ ਸਿਹਤ ਸੁਵਿਧਾ ਕੇਂਦਰ ਦਾ ਦੌਰਾ ਕੀਤਾ। ਉਹਨਾਂ ਰਾਜਧਾਨੀ ਦੀ ਇਕ ਪ੍ਰਾਈਵੈਟ ਲੈਬ ਵਿਚ ਵੀ ਟੈਸਟ ਕਰਵਾਇਆ ਸੀ ਤੇ ਉਹਨਾਂ ਦੀ ਰਿਪੋਰਟ ਪਾਜ਼ੀਟਿਵ ਸੀ।

ਪਟਿਆਲਾ ਦੇ ਸਿਵਲ ਸਰਜਨ ਡਾਕਟਰ ਹਰੀਸ਼ ਮਲਹੋਤਰਾ ਨੇ ਕਿਹਾ ਕਿ ਅਜਿਹਾ ਲੱਗ ਰਿਹਾ ਹੈ ਕਿ ਇਹ ਸਾਰੇ ਲੋਕ ਕੋਰੋਨਾ ਇਲਾਜ ਲਈ ਪੰਜਾਬ ਦੇ ਹਸਪਤਾਲਾਂ ਦਾ ਦੌਰਾ ਕਰ ਰਹੇ ਹਨ। ਉਹਨਾਂ ਕਿਹਾ ਕਿ ਉਹਨਾਂ ਨੇ ਸਿਹਤ ਅਤੇ ਪਰਿਵਾਰ ਭਲਾਈ ਡਾਇਰੈਕਟਰ ਨੂੰ ਇਸ ਸਬੰਧੀ ਸੂਚਿਤ ਕਰ ਦਿੱਤਾ ਹੈ। ਅਜਿਹੇ ਮਰੀਜਾਂ ਨੂੰ ਪੰਜਾਬ ਦੇ ਮਾਮਲਿਆਂ ਵਿਚ ਨਹੀਂ ਗਿਣਿਆ ਜਾਵੇਗਾ।

ਸੂਤਰਾਂ ਅਨੁਸਾਰ ਦਿੱਲੀ ਦੇ ਲੋਕ ਕਿਰਾਏ ‘ਤੇ ਰਿਹਾਇਸ਼ ਲੈਣ ਲਈ ਪੰਜਾਬ ਵਿਚ ਅਪਣੇ ਦੋਸਤਾਂ ਜਾਂ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕਰ ਰਹੇ ਹਨ। ਜ਼ਿਲ੍ਹਾ ਮਹਾਂਮਾਰੀ ਵਿਗਿਆਨੀ ਡਾ: ਸੁਮੀਤ ਸਿੰਘ ਨੇ ਕਿਹਾ, ਦਿੱਲੀ ਤੋਂ ਕਈ ਲੋਕ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਪੰਜਾਬ ਵਿਚ ਮਿਲਣ ਲਈ ਆ ਰਹੇ ਹਨ ਕਿਉਂਕਿ ਰਾਜਧਾਨੀ ਦੀ ਸਥਿਤੀ ਦਿਨੋ-ਦਿਨ ਬਦਤਰ ਹੁੰਦੀ ਜਾ ਰਹੀ ਹੈ।