ਔਜਲਾ ਨੇ ਰੇਲਵੇ ਕਾਰੀਡੋਰ ਨੂੰ ਅੰਮ੍ਰਿਤਸਰ ਤਕ ਬਣਾਉਣ ਦਾ ਮੁੱਦਾ ਲੋਕ ਸਭਾ 'ਚ ਉਠਾਇਆ

ਏਜੰਸੀ

ਖ਼ਬਰਾਂ, ਪੰਜਾਬ

550 ਸਾਲਾ ਸਮਾਗਮ ਸਮੇਂ ਅੰਮ੍ਰਿਤਸਰ ਲਈ ਦੇਸ਼ ਦੇ ਵੱਖ ਵੱਖ ਕੋਨਿਆਂ ਤੋਂ ਸਪੈਸ਼ਲ ਰੇਲਗੱਡੀਆਂ ਚਲਾਉਣ ਦੀ ਕੀਤੀ ਮੰਗ

Gurjit Singh Aujla

ਅੰਮ੍ਰਿਤਸਰ (ਚਰਨਜੀਤ ਸਿੰਘ): ਲੋਕ ਸਬਾ ਹਲਕਾ ਅੰਮ੍ਰਿਤਸਰ ਤੋਂ ਨੌਜੁਆਨ ਕਾਂਗਰਸੀ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਕਲਕੱਤਾ ਤੋਂ ਲੁਧਿਆਣਾ ਤਕ ਬਣੇ ਰੇਲਵੇ ਕਾਰੀਡੋਰ ਦੇ ਮੁੱਦੇ ਨੂੰ ਪ੍ਰਮੁਖਤਾ ਨਾਲ ਉਠਾਉਂਦਿਆਂ ਰੇਲਵੇ ਵਿਭਾਗ ਤੋਂ ਕਾਰੀਡੋਰ ਨੂੰ ਅੰਮ੍ਰਿਤਸਰ ਤਕ ਬਣਾਉਣ ਦੀ ਮੰਗ ਕੀਤੀ। ਔਜਲਾ ਨੇ ਸੰਸਦ ਵਿਚ ਬੋਲਦਿਆਂ ਕਿਹਾ ਕਿ ਭਾਰਤ-ਪਾਕਿ ਵੰਡ ਤੋਂ ਪਹਿਲਾਂ ਕਲਕੱਤਾ ਤੋਂ ਲਾਹੌਰ ਤਕ ਰੇਲਵੇ ਤੇ ਸੜਕੀ ਆਵਾਜਾਈ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ ਜੋ ਕਿ ਵਪਾਰਕ ਪੱਖੋਂ ਬਹੁਤ ਲਾਹੇਵੰਦ ਸਨ ।

ਪਰ ਵੰਡ ਉਪਰੰਤ ਅੰਮ੍ਰਿਤਸਰ ਦੇਸ਼ ਦਾ ਆਖ਼ਰੀ ਸ਼ਹਿਰ ਰਹਿ ਗਿਆ ਜਿਸ ਲਈ ਰੇਲਵੇ ਕਾਰੀਡੋਰ ਬਹੁਤ ਜ਼ਰੂਰੀ ਹੈ ਇਸ ਲਈ ਰੇਲਵੇ ਕਾਰੀਡੋਰ ਨੂੰ ਅੰਮ੍ਰਿਤਸਰ ਤਕ ਬਣਾਇਆ ਜਾਵੇ। ਔਜਲਾ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਨਵੰਬਰ 2019 ਵਿਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ 550 ਸਾਲਾ ਜਨਮ ਸ਼ਤਾਬਦੀ ਵਿਸ਼ਵ ਪੱਧਰ 'ਤੇ ਮਨਾਈ ਜਾ ਰਹੀ ਹੈ ਜਿਸ ਲਈ ਜਿਥੇ ਡੇਰਾ ਬਾਬਾ ਨਾਨਕ ਤੋਂ ਅੰਮ੍ਰਿਤਸਰ ਲਈ ਵਿਸੇਸ਼ ਟਰੇਨਾਂ ਚਲਾਈਆਂ ਜਾਣ। 

ਉਹਨਾਂ ਕਿਹਾ ਕਿ ਦੇਸ਼ ਦੇ ਵੱਖ ਵੱਖ ਸ਼ਹਿਰਾਂ ਤੋਂ ਅੰਮ੍ਰਿਤਸਰ ਲਈ ਵਿਸ਼ੇਸ਼ ਰੇਲਗੱਡੀਆਂ ਚਲਾਉਣ ਦਾ ਪ੍ਰਬੰਧ ਕੀਤਾ ਜਾਵੇ ਜਿਸ ਨਾਲ ਨਾਨਕ ਨਾਮਲੇਵਾ ਸੰਗਤਾਂ ਨੂੰ ਸ਼ਤਾਬਦੀ ਸਮਾਗਮਾਂ ਵਿਚ ਪੁੱਜਣ ਲਈ ਕੋਈ ਮੁਸ਼ਕਲ ਨਾ ਆਵੇ। ਔਜਲਾ ਨੇ ਪੱਟੀ-ਮਖੂ ਰੇਲਵੇ ਰੂਟ ਲਈ ਜਲਦ ਤੋਂ ਜਲਦ ਕੰਮ ਸ਼ੁਰੂ ਕਰਵਾਉਣ ਦੀ ਮੰਗ ਕੀਤੀ ਜਿਸ ਦਾ ਪਿਛਲੇ ਸਮੇਂ ਵਿਚ ਉਦਘਾਟਨ ਕੀਤਾ ਗਿਆ ਹੈ। ਔਜਲਾ ਨੇ ਰੇਲਵੇ ਵਿਭਾਗ ਤੋਂ ਮੰਗ ਕੀਤੀ ਕਿ ਮਹਾਂਪੁਰਖਾਂ ਦੇ ਨਾਮ 'ਤੇ ਚਲਦੀਆਂ ਰੇਲਗੱਡੀਆਂ ਦੀ ਹਾਲਤ ਨੂੰ ਸੁਧਾਰਿਆ ਜਾਵੇ।