ਕਰਨਾਟਕ ਮੁੱਦੇ 'ਤੇ ਲੋਕ ਸਭਾ ਵਿਚ ਹੰਗਾਮਾ, ਰਾਹੁਲ ਨੇ ਵੀ ਲਾਏ ਨਾਹਰੇ

ਏਜੰਸੀ

ਖ਼ਬਰਾਂ, ਰਾਜਨੀਤੀ

ਇਹ ਕਾਂਗਰਸ ਦੀ ਘਰ ਦੀ ਸਮੱਸਿਆ ਹੈ : ਰਾਜਨਾਥ 

Karnataka issue rocks Lok Sabha, Congress walks out

ਨਵੀਂ ਦਿੱਲੀ : ਲੋਕ ਸਭਾ ਵਿਚ ਕਾਂਗਰਸ ਨੇ ਭਾਜਪਾ 'ਤੇ ਦੋਸ਼ ਲਗਾਇਆ ਹੈ ਕਿ ਉਹ ਕਰਨਾਟਕ ਵਿਚ ਜੇਡੀਐਸ ਅਤੇ ਕਾਂਗਰਸ ਗਠਜੋੜ ਸਰਕਾਰ ਨੂੰ ਸੱਤਾ ਤੋਂ ਹਟਾਉਣ ਲਈ ਸਾਜ਼ਸ਼ ਘੜ ਰਹੀ ਹੈ ਅਤੇ ਉਹ ਸ਼ਿਕਾਰ ਦੀ ਸਿਆਸਤ ਕਰ ਰਹੀ ਹੈ। ਇਸ ਮੁੱਦੇ ਨੂੰ ਲੈ ਕੇ ਸਦਸ ਵਿਚ ਨਾਹਰੇਬਾਜ਼ੀ ਹੋਈ ਅਤੇ ਰਾਹੁਲ ਗਾਂਧੀ ਨੂੰ ਵੀ ਨਾਹਰੇ ਲਾਉਂਦੇ ਹੋਏ ਸੁਣਿਆ ਗਿਆ। 17ਵੀਂ ਲੋਕ ਸਭਾ ਵਿਚ ਇਹ ਪਹਿਲੀ ਵਾਰ ਹੈ ਜਦੋਂ ਰਾਹੁਲ ਨੇ ਵੀ ਨਾਹਰੇਬਾਜ਼ੀ ਕੀਤੀ ਹੋਵੇ। 

ਕਾਂਗਰਸ ਦੇ ਇਨ੍ਹਾਂ ਦੋਸ਼ਾਂ ਨੂੰ ਰੱਦ ਕਰਦਿਆਂ ਰਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਨੂੰ 'ਕਾਂਗਰਸ ਦੇ ਘਰੈਲੂ ਸਮੱਸਿਆ' ਦਸਿਆ ਹੈ। ਇਸ ਮੁੱਦੇ ਨੂੰ ਲੈ ਕੇ ਕਾਂਗਰਸ ਤੇ ਡੀਐਮਕੇ ਦੇ ਸੰਸਦ ਮੈਂਬਰਾਂ ਨੇ ਸਪੀਕਰ ਦੇ ਆਸਨ ਕੋਲ ਜਾ ਕਰੇ ਨਾਹਰੇਬਾਜ਼ੀ ਕਰਦੇ ਹੋਏ ਸਦਨ ਤੋਂ ਵਾਕਆਊਟ ਕੀਤਾ। ਲੋਕ ਸਭਾ ਵਿਚ ਸਿਫ਼ਰਕਾਲ ਦੌਰਾਨ ਇਹ ਮੁੱਦਾ ਚੁਕਦੇ ਹੋਏ ਕਾਂਗਰਸ ਦੇ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਕਰਨਾਟਕ ਦਾ ਹਾਲ ਸਾਰਿਆਂ ਦੇ ਸਾਹਮਣੇ ਹੈ। ਕੇਂਦਰ ਵਿਚ ਸੱਤਾਧਿਰ ਪਾਰਟੀ ਵਲੋਂ ਸ਼ਿਕਾਰ ਦੀ ਰਾਜਨੀਤੀ ਕੀਤੀ ਜਾ ਰਹੀ ਹੈ ਅਤੇ ਇਹ ਸ਼ਿਕਾਰ ਦੀ ਰਾਜਨੀਤੀ ਲੋਕਤੰਤਰ ਲਈ ਠੀਕ ਨਹੀਂ ਹੈ। ਇਸ ਬਾਰੇ ਜਵਾਬ ਦੇਣ ਲਈ ਰਾਜਨਾਥ ਸਿੰਘ ਵਲੋਂ ਉਠਣ ਤੋਂ ਬਾਅਦ ਕਾਂਗਰਸ ਅਤੇ ਡੀਐਮਕੇ ਨੇ ਸਦਨ ਤੋਂ ਵਾਕਆਊਟ ਕਰ ਦਿਤਾ।

ਰਾਜਨਾਥ ਸਿੰਘ ਨੇ ਕਿਹਾ ਕਿ ਲੋਕ ਸਭਾ ਦੇ ਸਪੀਕਰ ਨੇ ਕਾਂਗਰਸ ਨੇਤਾ ਨੂੰ ਬੋਲਣ ਦਾ ਮੌਕਾ ਦਿਤਾ ਪਰ ਉਨ੍ਹਾਂ ਨੇ ਇਸ ਦੀ ਦੁਰਵਰਤੋਂ ਕੀਤੀ। ਉਨ੍ਹਾਂ ਕਿਹਾ ਕਿ ਕਰਨਾਟਕ ਦੀ ਸਮੱਸਿਆ ਕਾਂਗਰਸ ਦੀ ਅਪਣੀ ਘਰੇਲੂ ਸਮੱਸਿਆ ਹੈ ਜਿਸ ਨੂੰ ਉਹ ਠੀਕ ਨਹੀਂ ਪਾ ਰਹੇ ਹਨ। ਇਸ ਤੋਂ ਪਹਿਲਾਂ ਕਾਂਗਰਸ ਦੇ ਅਧੀਰ ਰੰਜਨ ਚੌਧਰੀ ਨੇ ਦੋਸ਼ ਲਗਾਇਆ ਕਿ ਕਰਨਾਟਕ ਵਿਚ ਸਥਿਤੀ ਅਜਿਹੀ ਹੋ ਗਈ ਹੈ ਕਿ 'ਰਾਜਭਵਨ ਤੋਂ ਨਿਕਲੇ ਤਾਂ ਗੱਡੀ ਤਿਆਰ, ਜਹਾਜ਼ ਤਿਆਰ, ਹੋਟਲ ਤਿਆਰ। ਕੇਂਦਰ ਵਿਚ ਸੱਤਾਧਿਰ ਪਾਰਟੀ ਦੇ ਲੋਕ ਕਹਿ ਰਹੇ ਹਨ ਕਿ ਹੁਣ ਮੱਧ ਪ੍ਰਦੇਸ਼ ਦੀ ਵਾਰੀ ਆਉਣ ਵਾਲੀ ਹੈ।' ਲੋਕ ਸਭਾ ਦੇ ਸਪੀਕਰ ਓਮ ਬਿੜਲਾ ਨੇ ਕਿਹਾ ਕਿ ਕਾਂਗਰਸ ਮੈਂਬਰਾਂ ਨੂੰ ਕਲ ਵੀ ਇਸ ਮੁੱਦੇ ਨੂੰ ਚੁੱਕਣ ਦਾ ਮੌਕਾ ਦਿਤਾ ਗਿਆ ਸੀ।

ਇਸ ਬਾਰੇ ਕੰਮ ਰੋਕੂ ਪ੍ਰਸਤਾਵ ਨੂੰ ਰੱਦ ਕਰ ਦਿਤਾ ਗਿਆ ਹੈ। ਇਸ 'ਤੇ ਕਾਂਗਰਸ ਮੈਂਬਰ ਅਪਣੀ ਥਾਂ 'ਤੇ ਹੀ ਨਾਹਰੇਬਾਜ਼ੀ ਕਰਨ ਲੱਗੇ। ਇਸ ਦੌਰਾਨ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਅਤੇ ਯੂਪੀਏ ਪ੍ਰਧਾਨ ਸੋਨੀਆ ਗਾਂਧੀ ਵੀ ਸੰਸਦ ਵਿਚ ਮੌਜੂਦ ਸਨ ਅਤੇ ਰਾਹੁਲ ਗਾਂਧੀ ਨੂੰ ਵੀ ਨਾਹਰੇ ਲਾਉਂਦੇ ਹੋਏ ਸੁਣਿਆ ਗਿਆ। ਰੌਲਾ-ਰੱਪਾ ਪਾ ਰਹੇ ਮੈਂਬਰਾਂ ਨੂੰ ਸਪੀਕਰ ਨੇ ਕਿਹਾ ਕਿ ਉਨ੍ਹਾਂ ਸਾਰਿਆਂ ਨੂੰ ਸਦਨ ਦੀ ਮਰਿਆਦਾ ਨੂੰ ਬਣਾਈ ਰਖਣਾ ਚਾਹੀਦਾ ਹੈ।