ਮੁੱਖ ਮੰਤਰੀ ਵੱਲੋਂ ਮਹਾਨ ਕ੍ਰਿਕਟਰ ਯਸ਼ਪਾਲ ਸ਼ਰਮਾ ਦੇ ਦੇਹਾਂਤ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੁੱਖ ਮੰਤਰੀ ਨੇ ਯਸ਼ਪਾਲ ਸ਼ਰਮਾ ਨੂੰ ਇਕ ਮਹਾਨ ਕ੍ਰਿਕਟਰ ਦੱਸਿਆ ਜਿਹੜੇ ਉਸ ਭਾਰਤੀ ਕ੍ਰਿਕਟ ਟੀਮ ਦਾ ਹਿੱਸਾ ਸਨ

Captain Amarinder Singh

ਚੰਡੀਗੜ੍ਹ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਸਾਬਕਾ ਕ੍ਰਿਕਟਰ ਯਸ਼ਪਾਲ ਸ਼ਰਮਾ ਦੇ ਦੇਹਾਂਤ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਯਸ਼ਪਾਲ ਸ਼ਰਮਾ ਜੋ 66 ਵਰ੍ਹਿਆਂ ਦੇ ਸਨ, ਦਾ ਅੱਜ ਨਵੀਂ ਦਿੱਲੀ ਵਿਖੇ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਹ ਆਪਣੇ ਪਿੱਛੇ ਪਤਨੀ, ਦੋ ਬੇਟੀਆਂ ਤੇ ਇਕ ਬੇਟਾ ਛੱਡ ਗਏ।

ਇਹ ਵੀ ਪੜ੍ਹੋ -  ਨਹੀਂ ਰਹੇ ਸਾਬਕਾ ਕ੍ਰਿਕਟਰ ਯਸ਼ਪਾਲ ਸ਼ਰਮਾ, 1983 ਵਿਚ ਭਾਰਤ ਨੂੰ ਜਿਤਾਇਆ ਸੀ ਵਿਸ਼ਵ ਕੱਪ

ਆਪਣੇ ਸ਼ੋਕ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਯਸ਼ਪਾਲ ਸ਼ਰਮਾ ਨੂੰ ਇਕ ਮਹਾਨ ਕ੍ਰਿਕਟਰ ਦੱਸਿਆ ਜਿਹੜੇ ਉਸ ਭਾਰਤੀ ਕ੍ਰਿਕਟ ਟੀਮ ਦਾ ਹਿੱਸਾ ਸਨ, ਜਿਸ ਨੇ 1983 ਵਿੱਚ ਵਿਸ਼ਵ ਕੱਪ ਜਿੱਤ ਕੇ ਇਤਿਹਾਸ ਰਚਿਆ ਸੀ।ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਧਰਤੀ ਦੇ ਇਸ ਪੁੱਤਰ ਦੇ ਤੁਰ ਜਾਣ ਨਾਲ ਅੱਜ ਹਰ ਦੇਸ਼ ਵਾਸੀ ਖ਼ਾਸ ਕਰਕੇ ਹਰ ਪੰਜਾਬੀ ਉਸ ਮਹਾਨ ਬੱਲੇਬਾਜ਼ ਨੂੰ ਯਾਦ ਕਰ ਰਿਹਾ ਹੈ ਜਿਹੜੇ ਭਾਰਤੀ ਕ੍ਰਿਕਟ ਟੀਮ ਦੇ ਕੌਮੀ ਚੋਣਕਾਰ ਵੀ ਰਹੇ ਹਨ।

ਸਾਬਕਾ ਕ੍ਰਿਕਟਰ ਦੇ ਪਰਿਵਾਰ, ਸਾਕ-ਸਨੇਹੀਆਂ, ਦੋਸਤਾਂ ਤੇ ਪ੍ਰਸੰਸਕਾਂ ਨਾਲ ਦੁੱਖ ਸਾਂਝਾ ਕਰਦਿਆਂ ਮੁੱਖ ਮੰਤਰੀ ਨੇ ਵਾਹਿਗੁਰੂ ਅੱਗੇ ਵਿਛੜੀ ਹੋਈ ਰੂਹ ਦੀ ਆਤਮਿਕ ਸ਼ਾਂਤੀ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਦੀ ਅਰਦਾਸ ਕੀਤੀ।