ਅਣਖ ਖ਼ਾਤਰ ਕੀਤੇ ਕਤਲ ਮਾਮਲੇ 'ਚ ਲੜਕੀ ਦਾ ਪਿਤਾ ਗੁਰਜੀਤ ਸਿੰਘ ਗ੍ਰਿਫ਼ਤਾਰ
ਘਰ ਆਏ ਲੜਕੇ ਨੂੰ ਕੁੱਟ-ਕੁੱਟ ਕੇ ਉਤਾਰਿਆ ਸੀ ਮੌਤ ਦੇ ਘਾਟ
ਲੜਕੀ ਦੇ ਭਰਾ ਅਤੇ ਭੂਆ ਸਮੇਤ ਤਿੰਨ ਨਾਮਜ਼ਦ ਮੁਲਜ਼ਮਾਂ ਦੀ ਭਾਲ ਜਾਰੀ
ਫ਼ਰੀਦਕੋਟ : ਪਿੰਡ ਔਲਖ ਵਿਖੇ ਇਕ ਲੜਕੇ ਦੀ ਰੱਸੀ ਨਾਲ ਬੰਨ੍ਹ ਕੇ ਬੁਰੀ ਤਰਾਂ ਕੁੱਟਮਾਰ ਕਰ ਉਸ ਦੀ ਹਤਿਆ ਕਰ ਦਿਤੀ ਗਈ ਸੀ ਅਤੇ ਹੁਣ ਇਸ ਮਾਮਲੇ 'ਚ ਕੋਟਕਪੂਰਾ ਸਦਰ ਪੁਲਿਸ ਵਲੋਂ ਲੜਕੀ ਦੇ ਪਿਤਾ ਗੁਰਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਗ਼ੌਰਤਲਬ ਹੈ ਕੇ ਫ਼ਰੀਦਕੋਟ ਦੇ ਪਿੰਡ ਔਲਖ ਦੇ ਗੁਰਇਕਬਾਲ ਸਿੰਘ ਨਾਮਕ 28 ਸਾਲ ਦੇ ਲੜਕੇ ਦਾ ਅਪਣੇ ਹੀ ਪਿੰਡ ਦੀ ਕੁੜੀ ਨਾਲ ਪਿਆਰ ਪੈ ਗਿਆ ਜਿਨ੍ਹਾਂ ਵਲੋਂ ਕਰੀਬ ਚਾਰ ਮਹੀਨੇ ਪਹਿਲਾਂ ਘਰੋਂ ਭੱਜ ਕੇ ਵਿਆਹ ਕਰਵਾ ਲਿਆ ਸੀ ਪਰ ਥੋੜੇ ਦਿਨਾਂ ਬਾਅਦ ਉਹ ਵਾਪਸ ਪਿੰਡ ਆ ਗਏ ਸਨ। ਲੜਕੀ ਦੇ ਪ੍ਰਵਾਰ ਵਾਲਿਆਂ ਨੂੰ ਇਹ ਰਿਸ਼ਤਾ ਮਨਜ਼ੂਰ ਨਹੀਂ ਸੀ ਇਸ ਲਈ ਉਹ ਲੜਕੀ ਨੂੰ ਵਾਪਸ ਅਪਣੇ ਘਰ ਲੈ ਗਏ ਪਰ ਬਾਅਦ ਚ ਵੀ ਲੜਕਾ ਲੜਕੀ ਨੂੰ ਮਿਲਣ ਜਾਂਦਾ ਰਹਿੰਦਾ ਸੀ।
ਇਹ ਵੀ ਪੜ੍ਹੋ: ਹੜ੍ਹ ਪੀੜਤਾਂ ਲਈ ਸਿੰਘਾਂ ਨੇ ਲਾਇਆ ਲੰਗਰ, ਬੇ-ਜ਼ੁਬਾਨ ਪਸ਼ੂਆਂ ਲਈ ਵੀ ਕੀਤਾ ਹਰੇ ਚਾਰੇ ਦਾ ਪ੍ਰਬੰਧ
ਚਸ਼ਮਦੀਦਾਂ ਮੁਤਬਿਕ ਇੱਕ ਰਾਤ ਪਹਿਲਾਂ ਲੜਕਾ ਲੜਕੀ ਨੂੰ ਮਿਲਣ ਉਸ ਦੇ ਘਰ ਗਿਆ ਪਰ ਲੜਕੀ ਦੇ ਪ੍ਰਵਾਰ ਵਾਲਿਆਂ ਵਲੋਂ ਉਸ ਨੂੰ ਰੱਸੀ ਨਾਲ ਬੰਨ੍ਹ ਲਿਆ ਅਤੇ ਬਹੁਤ ਜ਼ਿਆਦਾ ਕੁੱਟਮਾਰ ਕੀਤੀ ਜਿਸ ਨਾਲ ਲੜਕੇ ਦੀ ਉਥੇ ਹੀ ਮੌਤ ਹੋ ਗਈ। ਫਿਲਹਾਲ ਪੁਲਿਸ ਵਲੋਂ ਇਸ ਮਾਮਲੇ 'ਚ ਲੜਕੀ ਦੇ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਜਾਣਕਰੀ ਦਿੰਦੇ ਹੋਏ ਡੀ.ਐਸ.ਪੀ. ਸ਼ਮਸ਼ੇਰ ਸਿੰਘ ਨੇ ਦਸਿਆ ਕਿ ਪਿੰਡ ਔਲਖ 'ਚ ਕੱਲ ਗੁਰਇਕਬਾਲ ਸਿੰਘ ਨਾਮਕ ਯੁਵਕ ਦੇ ਕਤਲ ਮਾਮਲੇ ਚ 302 ਧਾਰਾ ਅਧੀਨ ਮਾਮਲਾ ਦਰਜ ਕੀਤਾ ਗਿਆ ਸੀ। ਜਿਸ 'ਚ ਲੜਕੀ ਦੇ ਪਿਤਾ ਗੁਰਜੀਤ ਸਿੰਘ, ਲੜਕੀ ਦਾ ਭਰਾ ਦਿਲਪ੍ਰੀਤ ਸਿੰਘ, ਲੜਕੀ ਦੀ ਭੂਆ ਕੁਲਵੰਤ ਕੌਰ ਅਤੇ ਇਕ ਹੋਰ ਵਿਅਕਤੀ ਕੁਲਵੰਤ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਸੀ। ਲੜਕੀ ਦੇ ਪਿਤਾ ਗੁਰਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਬਾਕੀ ਨਾਮਜ਼ਦ ਮੁਲਜ਼ਮਾਂ ਦੀ ਭਾਲ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ।