ਅਣਖ ਖ਼ਾਤਰ ਹਤਿਆ: ਮਾਪਿਆਂ ਦੇ ਇਕਲੌਤੇ ਪੁੱਤਰ ਦਾ ਕਤਲ
ਸਹੁਰੇ ਪ੍ਰਵਾਰ 'ਤੇ ਲੱਗੇ ਕੁੱਟ ਕੇ ਮਾਰਨ ਦੇ ਇਲਜ਼ਾਮ
4 ਮਹੀਨੇ ਪਹਿਲਾਂ ਪਿੰਡ ਦੀ ਕੁੜੀ ਨਾਲ ਕਰਵਾਇਆ ਸੀ ਪ੍ਰੇਮ ਵਿਆਹ
ਫ਼ਰੀਦਕੋਟ : ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਔਲਖ ਵਿਚ ਇਕ 28 ਸਾਲਾ ਨੌਜਵਾਨ ਦੀ ਕੁੱਟ-ਕੁੱਟ ਕੇ ਹਤਿਆ ਕਰ ਦਿਤੀ ਗਈ। ਦੋਸ਼ ਹੈ ਕਿ ਲੜਕਾ ਰਾਤ ਸਮੇਂ ਕੰਧ ਟੱਪ ਕੇ ਆਪਣੇ ਸਹੁਰੇ ਘਰ 'ਚ ਦਾਖਲ ਹੋਇਆ ਸੀ। ਉਹ ਆਪਣੀ ਪਤਨੀ ਨੂੰ ਮਿਲਣ ਆਇਆ ਸੀ, ਜਿਸ ਨੂੰ ਉਸ ਦੇ ਮਾਮੇ ਨੇ ਬੰਧਕ ਬਣਾ ਕੇ ਰਖਿਆ ਹੋਇਆ ਸੀ, ਪਰ ਲੜਕੀ ਦੇ ਰਿਸ਼ਤੇਦਾਰਾਂ ਨੇ ਉਸ ਦਾ ਕਤਲ ਕਰ ਦਿਤਾ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ।
ਥਾਣਾ ਸਦਰ ਫ਼ਰੀਦਕੋਟ ਦੇ ਇੰਚਾਰਜ ਨੇ ਦਸਿਆ ਕਿ ਮ੍ਰਿਤਕ ਦੀ ਪਛਾਣ ਗੁਰਇਕਬਾਲ ਸਿੰਘ ਦੇ ਰੂਪ 'ਚ ਹੋਈ ਹੈ। ਮ੍ਰਿਤਕ ਦੇ ਪਿਤਾ ਹਰਬੰਸ ਸਿੰਘ ਦੀ ਸ਼ਿਕਾਇਤ ’ਤੇ ਕਤਲ ਕੇਸ ਵਿਚ ਗੁਰਜੀਤ ਸਿੰਘ, ਕੁਲਦੀਪ ਸਿੰਘ, ਦਿਲਪ੍ਰੀਤ ਸਿੰਘ ਅਤੇ ਕੁਲਵੰਤ ਕੌਰ ਨੂੰ ਨਾਮਜ਼ਦ ਕੀਤਾ ਗਿਆ ਹੈ। ਇਨ੍ਹਾਂ ਵਿਚੋਂ ਗੁਰਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਬਾਕੀਆਂ ਦੀ ਗ੍ਰਿਫ਼ਤਾਰੀ ਲਈ ਯਤਨ ਜਾਰੀ ਹਨ।
ਮ੍ਰਿਤਕ ਗੁਰਇਕਬਾਲ ਸਿੰਘ ਦੇ ਰਿਸ਼ਤੇਦਾਰਾਂ ਨੇ ਦਸਿਆ ਕਿ ਗੁਰਇਕਬਾਲ ਦਾ ਪਿੰਡ ਦੀ ਹੀ ਇਕ ਲੜਕੀ ਨਾਲ ਪ੍ਰੇਮ ਵਿਆਹ ਹੋਇਆ ਸੀ। ਉਹ ਲੜਕੀ ਨਾਲ ਪਿੰਡ ਤੋਂ ਦੂਰ ਕਰੀਬ 4 ਮਹੀਨਿਆਂ ਤੋਂ ਰਹਿ ਰਿਹਾ ਸੀ। ਲੜਕੀ ਦੇ ਘਰ ਵਾਲਿਆਂ ਵਲੋਂ ਬੁਲਾਏ ਜਾਣ 'ਤੇ ਕੁੱਝ ਦਿਨ ਪਹਿਲਾਂ ਹੀ ਉਹ ਪਿੰਡ ਆਇਆ ਸੀ ਅਤੇ ਬਹਾਨੇ ਨਾਲ ਲੜਕੀ ਦੇ ਪ੍ਰਵਾਰ ਵਾਲੇ ਉਸ ਨੂੰ ਲੈ ਗਏ।
ਦਸਿਆ ਜਾ ਰਿਹਾ ਹੈ ਕਿ ਲੜਕੀ ਦੇ ਪ੍ਰਵਾਰ ਨੇ ਲੜਕੀ ਨੂੰ ਘਰ 'ਚ ਕੈਦ ਕੀਤਾ ਹੋਇਆ ਸੀ। ਉਸ ਨੂੰ ਨਾ ਤਾਂ ਗੁਰਇਕਬਾਲ ਸਿੰਘ ਨਾਲ ਮਿਲਣ ਦਿਤਾ ਗਿਆ ਅਤੇ ਨਾ ਹੀ ਫੋਨ ’ਤੇ ਗੱਲ ਕਰਨ ਦਿਤੀ ਗਈ। ਗੁਰਇਕਬਾਲ ਬੁੱਧਵਾਰ ਰਾਤ ਨੂੰ ਚੋਰੀ-ਛਿਪੇ ਸਹੁਰੇ ਘਰ ਦਾਖਲ ਹੋਇਆ ਜਿਥੇ ਉਸ ਨਾਲ ਕੁੱਟਮਾਰ ਕੀਤੀ ਗਈ। ਪੁਲਿਸ ਨੂੰ ਫੋਨ 'ਤੇ ਇਸ ਮਾਮਲੇ ਦੀ ਸੂਚਨਾ ਦਿਤੀ ਗਈ ਪਰ ਪੁਲਿਸ ਦੇ ਪਹੁੰਚਣ ਤਕ ਗੁਰਇਕਬਾਲ ਦੀ ਮੌਤ ਹੋ ਚੁੱਕੀ ਸੀ।