ਪਟਿਆਲਾ ਪ੍ਰਸ਼ਾਸਨ ਵਲੋਂ ਸੱਪਾਂ ਨਾਲ ਨਜਿੱਠਣ ਲਈ ਹੈਲਪ ਲਾਈਨ ਨੰਬਰ ਜਾਰੀ
ਸੱਪ ਵੀ ਸੰਕਟ 'ਚ, ਮਾਰਨ ਦੀ ਬਜਾਏ ਰੈਸਕਿਊ ਕਰਵਾਉ : ਡੀਸੀ
ਪਟਿਆਲਾ : ਹੜ੍ਹ ਦਾ ਪਾਣੀ ਉਤਰਨ ਤੋਂ ਬਾਅਦ ਘਰਾਂ ਵਿਚ ਸੱਪ ਨਿਕਲਣ ਦੀ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਇਸ ਸਥਿਤੀ ਨਾਲ ਨਿਪਟਣ ਲਈ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੇ ਹੁਕਮ ਅਨੁਸਾਰ ਵਣ ਮੰਡਲ ਅਫ਼ਸਰ (ਜੰਗਲੀ ਜੀਵ) ਪਟਿਆਲਾ ਵਲੋਂ ਰੈਪਿਡ ਰਿਸਪਾਂਸ ਟੀਮ ਗਠਿਤ ਕਰਦੇ ਹੋਏ ਹੈਲਪ ਲਾਈਨ ਨੰਬਰ 8253900002 ਜਾਰੀ ਕਰ ਦਿਤਾ ਗਿਆ ਹੈ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਹੜ੍ਹ ਦੀ ਸਥਿਤੀ ਕਾਰਨ ਇਨਸਾਨਾਂ ਦੇ ਨਾਲ-ਨਾਲ ਸਾਰੇ ਜੀਵ ਸੰਕਟ ਵਿਚ ਹਨ। ਕੁਦਰਤੀ ਇਨਸਾਫ਼ ਦੀ ਕਸੌਟੀ ਦੇ ਹਿਸਾਬ ਨਾਲ ਸਾਰੇ ਜੀਵ-ਜੰਤੂ ਮਦਦ ਦੇ ਹੱਕਦਾਰ ਹਨ। ਲਗਾਤਾਰ ਪਾਣੀ ਵਿਚ ਰਹਿਣ ਕਾਰਨ ਸੱਪ ਵੀ ਸੰਕਟ 'ਚ ਹਨ ਅਤੇ ਆਪਣੇ ਲਈ ਸੁਰੱਖਿਅਤ ਥਾਵਾਂ ਦੀ ਭਾਲ ਕਰ ਰਹੇ ਹਨ। ਅਜਿਹੇ ਵਿਚ ਉਹ ਰਿਹਾਇਸ਼ੀ ਘਰਾਂ ਵਿਚ ਵੜ ਰਹੇ ਹਨ।
ਇਹ ਵੀ ਪੜ੍ਹੋ: ਬਜ਼ੁਰਗ ਦਾ ਸੜਕ ਕੰਢੇ ਸਸਕਾਰ ਕਰਨ ਲਈ ਮਜਬੂਰ ਹੋਇਆ ਪ੍ਰਵਾਰ
ਉਨ੍ਹਾਂ ਅਪੀਲ ਕੀਤੀ ਕਿ ਲੋਕ ਘਰਾਂ ਵਿਚ ਸੱਪ ਨਿਕਲਣ ਤੇ ਘਬਰਾ ਕੇ ਅਪਣਾ ਜਾਂ ਸੱਪ ਦਾ ਨੁਕਸਾਨ ਕਰਨ ਦੀ ਬਜਾਏ ਸਨੇਕ ਹੈਲਪ ਲਾਈਨ 'ਤੇ ਫ਼ੋਨ ਕਰ ਕੇ ਸੱਪ ਨੂੰ ਰੈਸਕਿਊ ਕਰਵਾਉਣ। ਉਨ੍ਹਾਂ ਦਸਿਆ ਕਿ ਹੈਲਪ ਲਾਈਨ 'ਤੇ ਫ਼ੋਨ ਕਰਨ 'ਤੇ ਜੰਗਲੀ ਜੀਵ ਮਹਿਕਮੇ ਦੀ ਟੀਮ ਤੁਰਤ ਮੌਕੇ 'ਤੇ ਪਹੁੰਚ ਕੇ ਸੱਪ ਨੂੰ ਫੜਕੇ ਲੈ ਜਾਵੇਗੀ ਅਤੇ ਸੁਰੱਖਿਅਤ ਥਾਂ 'ਤੇ ਛੱਡੇਗੀ।
ਉਨ੍ਹਾਂ ਇਹ ਵੀ ਦਸਿਆ ਕਿ ਪਟਿਆਲਾ ਰੀਜਨ ਵਿਚ ਬਹੁਤ ਹੀ ਘੱਟ ਗਿਣਤੀ ਸੱਪ ਜ਼ਹਿਰੀਲੇ ਹਨ। ਇਸ ਲਈ ਸਨੇਕ ਬਾਈਟ ਹੋਣ ਉਤੇ ਘਬਰਾਉਣ ਦੀ ਥਾਂ ਤੁਰਤ ਰਜਿੰਦਰਾ ਹਸਪਤਾਲ ਜਾਂ ਨੇੜਲੇ ਸਿਹਤ ਕੇਂਦਰ ਪਹੁੰਚਕੇ ਇਲਾਜ ਕਰਵਾਉਣ। ਸਨੇਕ ਹੈਲਪ ਲਾਈਨ ਨੰਬਰ ਦੇ ਰਿਸਪਾਂਸ ਤੋਂ ਅਸੰਤੁਸ਼ਟ ਲੋਕ ਵਣ ਮੰਡਲ ਅਫ਼ਸਰ (ਜੰਗਲੀ ਜੀਵ) ਪਟਿਆਲਾ ਨਾਲ 9463596843 ਨੰਬਰ ਉਤੇ ਵੀ ਸੰਪਰਕ ਕਰ ਸਕਦੇ ਹਨ।