ਵਲਟੋਹਾ ਵਲੋਂ 'ਆਪ' ਵਿਧਾਇਕਾਂ ਨੂੰ ਲੈ ਕੇ ਵੱਡਾ ਖ਼ੁਲਾਸਾ
ਪਿਛਲੇ ਕੁੱਝ ਦਿਨਾਂ ਤੋਂ ਆਮ ਆਦਮੀ ਪਾਰਟੀ ਵਿਚ ਕਾਫ਼ੀ ਸਿਆਸੀ ਘਮਾਸਾਣ ਚਲਦਾ ਆ ਰਿਹਾ ਹੈ, ਜੋ ਸੁਖਪਾਲ ਖਹਿਰਾ ਨੂੰ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੋਂ...
ਮੁਹਾਲੀ : ਪਿਛਲੇ ਕੁੱਝ ਦਿਨਾਂ ਤੋਂ ਆਮ ਆਦਮੀ ਪਾਰਟੀ ਵਿਚ ਕਾਫ਼ੀ ਸਿਆਸੀ ਘਮਾਸਾਣ ਚਲਦਾ ਆ ਰਿਹਾ ਹੈ, ਜੋ ਸੁਖਪਾਲ ਖਹਿਰਾ ਨੂੰ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਛਿੜਿਆ। ਇਸ ਸਿਆਸੀ ਘਟਨਾਕ੍ਰਮ ਤੋਂ ਬਾਅਦ ਪੰਜਾਬ ਵਿਚ ਇਕ ਤਰ੍ਹਾਂ ਨਾਲ ਆਮ ਆਦਮੀ ਪਾਰਟੀ ਖਿੰਡਰ ਪੁੰਡਰ ਕੇ ਰਹਿ ਗਈ ਹੈ ਕਿਉਂਕਿ ਆਪ ਦੇ ਕੁੱਝ ਵਿਧਾਇਕ ਸੁਖਪਾਲ ਖਹਿਰਾ ਦੇ ਸਮਰਥਨ ਵਿਚ ਜਾ ਖੜ੍ਹੇ ਹਨ ਅਤੇ ਜਦਕਿ ਕੁੱਝ ਆਮ ਆਦਮੀ ਪਾਰਟੀ ਦੇ ਨਵੇਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨਾਲ ਖੜ੍ਹੇ ਹਨ।
ਹੁਣ ਇਸੇ ਸਿਆਸੀ ਹਲਚਲ ਦੇ ਚਲਦਿਆਂ ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਨੇ ਆਮ ਆਦਮੀ ਪਾਰਟੀ ਨੂੰ ਲੈ ਕੇ ਵੱਡਾ ਖ਼ੁਲਾਸਾ ਕੀਤਾ ਹੈ। ਵਲਟੋਹਾ ਨੇ ਜਿੱਥੇ ਸੁਖਪਾਲ ਸਿੰਘ ਖਹਿਰਾ ਨਾਲ ਅਪਣੀ ਨੇੜਤਾ ਦਾ ਜ਼ਿਕਰ ਕੀਤਾ ਹੈ, ਉਥੇ ਹੀ ਉਨ੍ਹਾਂ ਨੇ ਇਹ ਵੀ ਆਖਿਆ ਕਿ 'ਆਪ' ਦੇ 20 ਦੇ ਕਰੀਬ ਵਿਧਾਇਕ ਬਿਕਰਮ ਸਿੰਘ ਮਜੀਠੀਆ ਦੇ ਸੰਪਰਕ ਵਿਚ ਹਨ। ਇਸ ਲਈ ਕਿਸੇ ਵੇਲੇ ਵੀ ਵੱਡਾ ਸਿਆਸੀ ਧਮਾਕਾ ਹੋ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਆਪ ਦੇ ਵਿਧਾਇਕ ਫਿਲਹਾਲ ਦੁਚਿੱਤੀ ਵਿਚ ਫਸੇ ਹੋਏ ਹਨ, ਉਹ ਮਨ ਨਹੀਂ ਬਣਾ ਪਾ ਰਹੇ। ਹੋਰ ਸਕਦੈ ਕਿ ਜਲਦ ਹੀ ਕੋਈ ਫ਼ੈਸਲਾ ਸਾਹਮਣੇ ਆ ਜਾਵੇ।
ਵਲਟੋਹਾ ਨੇ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਨਾਲ ਉਨ੍ਹਾਂ ਦੀ ਨੇੜਤਾ ਕਾਫ਼ੀ ਪੁਰਾਣੀ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਖਹਿਰਾ ਹੀ ਨਹੀਂ, ਬਲਕਿ ਖਹਿਰਾ ਸਾਬ੍ਹ ਦੇ ਪਿਤਾ ਨਾਲ ਵੀ ਉਨ੍ਹਾਂ ਦੇ ਚੰਗੇ ਸਬੰਧ ਰਹੇ ਹਨ। ਉਨ੍ਹਾਂ ਕਿਹਾ ਕਿ ਖਹਿਰਾ ਅਤੇ ਉਹ ਇਕੱਠੇ ਹੀ ਵਿਧਾÎਇਕ ਬਣੇ ਸਨ ਪਰ ਖਹਿਰਾ ਉਸ ਵੇਲੇ ਕਾਂਗਰਸ ਵਿਚ ਸਨ। ਉਨ੍ਹਾਂ ਆਖਿਆ ਕਿ ਜਦੋਂ ਹਰਵਿੰਦਰ ਸਿੰਘ ਫੂਲਕਾ ਨੇ ਵਿਰੋਧੀ ਧਿਰ ਦਾ ਅਹੁਦਾ ਛੱਡਿਆ ਸੀ ਤਾਂ ਉਸ ਵੇਲੇ ਸੁਖਪਾਲ ਖਹਿਰਾ ਨੇ ਇਹ ਅਹੁਦਾ ਹਾਸਲ ਕਰਨ ਲਈ ਉਨ੍ਹਾਂ ਨੂੰ ਦਿੱਲੀ ਕਮੇਟੀ ਰਾਹੀਂ ਦਬਾਅ ਦਾ ਮਾਹੌਲ ਬਣਾਉਣ ਲਈ ਕਿਹਾ ਸੀ।
ਸੀਨੀਅਰ ਅਕਾਲੀ ਆਗੂ ਨੇ ਹੋਰ ਖ਼ੁਲਾਸਾ ਕਰਦਿਆਂ ਕਿਹਾ ਕਿ ਅਰਵਿੰਦ ਕੇਜਰੀਵਾਲ ਵਲੋਂ ਬਿਕਰਮ ਮਜੀਠੀਆ ਤੋਂ ਮੁਆਫ਼ੀ ਮੰਗਣ ਮਗਰੋਂ ਖਹਿਰਾ ਨੇ ਫ਼ੋਨ ਕਰਕੇ ਉਨ੍ਹਾਂ ਨੂੰ ਮਜੀਠੀਆ ਨਾਲ ਮੁਲਾਕਾਤ ਕਰਵਾਉਣ ਲਈ ਆਖਿਆ ਸੀ ਪਰ ਉਸ ਸਮੇਂ ਕਿਸੇ ਕਾਰਨਾਂ ਕਰਕੇ ਇਹ ਮੁਲਾਕਾਤ ਨਹੀਂ ਹੋ ਸਕੀ ਸੀ ਪਰ ਵਿਰੋਧੀ ਧਿਰ ਦੇ ਅਹੁਦੇ ਤੋਂ ਹਟਾਏ ਜਾਣ ਮਗਰੋਂ ਖਹਿਰਾ ਦੀ ਮਜੀਠੀਆ ਨਾਲ ਮੁਲਾਕਾਤ ਹੋਈ ਸੀ। ਵਲਟੋਹਾ ਨੇ ਆਖਿਆ ਕਿ ਉਨ੍ਹਾਂ ਨੂੰ ਮਜੀਠੀਆ ਨੇ ਵੀ ਦਸਿਆ ਹੈ ਕਿ ਆਮ ਆਦਮੀ ਪਾਰਟੀ ਦੇ 20 ਵਿਧਾਇਕ ਉਨ੍ਹਾਂ ਦੇ ਸੰਪਰਕ ਵਿਚ ਹਨ, ਜੋ ਫਿਲਹਾਲ ਪੱਕਾ ਮਨ ਨਹੀਂ ਬਣਾ ਪਾ ਰਹੇ ਹਨ।
ਵਲਟੋਹਾ ਦੇ ਖ਼ੁਲਾਸਿਆਂ ਵਿਚ ਕਿੰਨੀ ਕੁ ਸੱਚਾਈ ਹੈ, ਇਹ ਤਾਂ ਫਿਲਹਾਲ ਕੁੱਝ ਕਿਹਾ ਨਹੀਂ ਜਾ ਸਕਦਾ ਪਰ ਇੰਨਾ ਜ਼ਰੂਰ ਹੈ ਕਿ ਇਨ੍ਹਾਂ ਖ਼ੁਲਾਸਿਆਂ ਨਾਲ ਇਕ ਵਾਰ ਫਿਰ ਸਿਆਸੀ ਮਾਹੌਲ ਜ਼ਰੂਰ ਗਰਮਾਉਣ ਵਾਲਾ ਹੈ। 2019 ਦੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਾਰੀਆਂ ਸਿਆਸੀ ਪਾਰਟੀਆਂ ਆਪੋ ਅਪਣੀਆਂ ਸਿਆਸੀ ਗੋਟੀਆਂ ਫਿੱਟ ਕਰਨ ਵਿਚ ਲੱਗੀਆਂ ਹੋਈਆਂ ਹਨ ਤਾਂ ਜੋ ਲੋਕ ਸਭਾ ਚੋਣਾਂ ਵਿਚ ਜਿੱਤ ਹਾਸਲ ਕਰ ਸਕਣ। ਫਿਲਹਾਲ ਪੰਜਾਬ ਵਿਚ ਸਿਆਸੀ ਉਥਲ ਪੁਥਲ ਦਾ ਦੌਰ ਜਾਰੀ ਹੈ ਪਰ 2019 ਵਿਚ ਪੰਜਾਬ ਦੀ ਜਨਤਾ ਕਿਸ ਪਾਰਟੀ ਦੇ ਹੱਕ ਵਿਚ ਫ਼ਤਵਾ ਦੇਵੇਗੀ, ਇਹ ਹਾਲੇ ਕੁੱਝ ਨਹੀਂ ਕਿਹਾ ਜਾ ਸਕਦਾ।