ਪੰਜਾਬ ਬੰਦ ਪ੍ਰਦਰਸ਼ਨ ਨੂੰ ਲੈ ਕੇ ਘੁਸਪੈਠ ਦਾ ਖ਼ਤਰਾ, ਹਾਈ ਅਲਰਟ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੁਪਰੀਮ ਕੋਰਟ ਦੇ ਆਦੇਸ਼ 'ਤੇ ਦੱਖਣੀ ਦਿੱਲੀ 'ਚ ਸ੍ਰੀ ਗੁਰੂ ਰਵਿਦਾਸ ਜੀ ਦਾ ਮੰਦਰ ਢਾਹੁਣ...

Punjab Close

ਜਲੰਧਰ: ਸੁਪਰੀਮ ਕੋਰਟ ਦੇ ਆਦੇਸ਼ 'ਤੇ ਦੱਖਣੀ ਦਿੱਲੀ 'ਚ ਸ੍ਰੀ ਗੁਰੂ ਰਵਿਦਾਸ ਜੀ ਦਾ ਮੰਦਰ ਢਾਹੁਣ ਦੇ ਵਿਰੋਧ 'ਚ ਰਵਿਦਾਸ ਸਮਾਜ ਨੇ ਅੱਜ ਪੰਜਾਬ ਬੰਦ ਕਰ ਦਿੱਤਾ ਹੈ। ਇਸ ਬੰਦ ਦੌਰਾਨ ਪ੍ਰਦਰਸ਼ਨ 'ਚ ਅੱਤਾਵਦੀਆਂ ਦੀ ਘੁਸਪੈਠ ਦਾ ਖ਼ਦਸ਼ਾ ਜਤਾਇਆ ਹੈ। ਇਸ ਕਾਰਨ ਪੰਜਾਬ ਸਰਕਾਰ ਨੇ ਸੂਬੇ 'ਚ ਹਾਈ ਅਲਰਟ ਜਾਰੀ ਕੀਤਾ ਹੈ। ਪੂਰੇ ਸੂਬੇ 'ਚ ਸੁਰੱਖਿਆ ਬੇਹੱਦ ਸਖ਼ਤ ਪ੍ਰਬੰਧ ਕੀਤੇ ਗਏ ਹਨ। ਪੰਜ ਜ਼ਿਲ੍ਹਿਆਂ 'ਚ ਸਕੂਲਾਂ ਨੂੰ ਬੰਦ ਰੱਖਿਆ ਗਿਆ ਹੈ। ਸੂਬੇ 'ਚ ਪੰਜ ਹਜ਼ਾਰ ਵਾਧੂ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।

 ਸੂਬੇ 'ਚ ਜ਼ਿਆਦਾਤਰ ਥਾਵਾਂ 'ਤੇ ਸਵੇਰ ਤੋਂ ਬਾਜ਼ਾਰ ਬੰਦ ਹਨ। ਪਠਾਨਕੋਟ ਸਮੇਤ ਕਈ ਥਾਵਾਂ 'ਤੇ ਰਵਿਦਾਸ ਸਮਾਜ ਦੇ ਲੋਕ ਪ੍ਰਦਰਸ਼ਨ ਕਰ ਰਹੇ ਹਨ। ਰਵਿਦਾਸ ਸਮਾਜ ਦੇ ਲੋਕ ਵੱਖ-ਵੱਖ ਜ਼ਿਲ੍ਹਿਆਂ 'ਚ ਪ੍ਰਦਰਸ਼ਨ ਕਰ ਰਹੇ ਹਨ। ਜਲੰਧਰ, ਲੁਧਿਆਣਾ, ਹੁਸ਼ਿਆਰਪੁਰ, ਗੁਰਦਾਸਪੁਰ ਤੇ ਕਪੂਰਥਲਾ 'ਚ ਸਰਕਾਰੀ ਤੇ ਪ੍ਰਾਈਵੇਟ ਸਕੂਲ ਬੰਦ ਹਨ।

ਹਾਲਾਂਕਿ ਪੰਜਾਬ ਰੋਡਵੇਜ਼ ਦੇ ਜਨਰਲ ਮੈਨੇਜਰ ਪਰਨੀਤ ਸਿੰਘ ਮਿਨਹਾਸ ਨੇ ਕਿਹਾ ਕਿ ਪੰਜਾਬ ਰੋਡਵੇਜ਼ ਹੈਡਕੁਆਰਟਰ ਨੇ ਬੱਸਾਂ ਬੰਦ ਰੱਖਣ ਸਬੰਧੀ ਕੋਈ ਆਦੇਸ਼ ਜਾਰੀ ਨਹੀਂ ਕੀਤਾ ਗਿਆ ਹੈ। ਇਸ ਦੌਰਾਨ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਡੇਰਾ ਸੱਚਖੰਡ ਬੱਲਾਂ 'ਚ ਗੱਦੀਨਸ਼ੀਨ ਸ੍ਰੀ 108 ਸੰਤ ਨਿਰੰਜਨ ਦਾਸ ਜੀ ਨਾਲ ਮੁਲਾਕਾਤ ਕਰ ਉਨ੍ਹਾਂ ਦਾ ਆਸ਼ਿਰਵਾਦ ਲਿਆ। ਉਨ੍ਹਾਂ ਨੇ ਵੀ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ।

ਕਾਂਗਰਸ ਦੇ ਸੂਬਾ ਪ੍ਰਧਾਨ ਤੋਂ ਅਸਤੀਫ਼ਾ ਦੇ ਚੁੱਕੇ ਸਾਬਕਾ ਸੰਸਦ ਮੈਂਬਰ ਸੁਨੀਲ ਜਾਖੜ ਨੇ ਪ੍ਰਦਰਸ਼ਨ ਦੌਰਾਨ ਆਮ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਹੋਣ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ। ਜਾਖੜ ਨੇ ਕਿਹਾ ਕਾਂਗਰਸ ਰਵਿਦਾਸ ਸਮਾਜ ਨਾਲ ਖੜ੍ਹੀ ਹੈ ਤੇ ਸੁਪਰੀਮ ਕੋਰਟ ਦੇ ਆਦੇਸ਼ 'ਚ ਢਾਹੇ ਗਏ ਮੰਦਰ ਲਈ ਉਸ ਇਤਿਹਾਸਤਕ ਸਥਾਨ ਨੂੰ ਦੁਬਾਰਾ ਮੰਦਰ ਬਣਾਉਣ ਲਈ ਹਰ ਸੰਭਵ ਸਹਿਯੋਗ ਦੇਵੇਗੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਇਸ ਮੁੱਦੇ 'ਤੇ ਕੇਂਦਰ ਸਰਕਾਰ ਨਾਲ ਗੱਲ ਕਰਨਗੇ।

 ਸਾਬਕਾ ਸੀਐੱਮ ਪ੍ਰਕਾਸ਼ ਸਿੰਘ ਬਾਦਲ ਨੇ ਵੀ ਮੰਦਰ ਢਾਹੁਣ ਦੀ ਘਟਨਾ ਨੂੰ ਗ਼ਲਤ ਦੱਸਿਆ ਹੈ। ਉੱਥੇ ਹੀ ਕੇਂਦਰ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਹੈ ਕਿ ਉਹ ਮੰਦਰ ਲਈ ਦੁਬਾਰਾ ਜ਼ਮੀਨ ਅਲਾਰਟ ਕਰਵਾਉਣ ਦੀ ਕੋਸ਼ਿਸ਼ ਕਰਨਗੇ। ਦੂਸਰੇ ਪਾਸੇ ਪੰਜਾਬ ਪੁਲਿਸ ਨੇ ਬੰਦ ਦੌਰਾਨ ਅੱਤਵਾਦੀ ਹਮਲੇ ਦਾ ਖ਼ਦਸ਼ੇ ਦੇ ਮੱਦੇਨਜ਼ਰ ਸੂਬੇ 'ਚ ਹਾਈ ਅਲਰਟ ਜਾਰੀ ਕਰ ਦਿੱਤਾ। ਸਾਰੀਆਂ ਬਟਾਲੀਅਨਾਂ ਦੇ ਜਵਾਨਾਂ ਨੂੰ ਸੱਦ ਕੇ ਵੱਖ-ਵੱਖ ਜ਼ਿਲ੍ਹਿਆਂ 'ਚ ਤਾਇਨਾਤ ਕੀਤੇ ਗਏ ਹਨ।

ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਪੰਜ ਹਜ਼ਾਰ ਜਵਾਨਾਂ ਨੂੰ ਜ਼ਿਲ੍ਹੇ 'ਚ ਤਾਇਨਾਤ ਕੀਤਾ ਗਿਆ ਹੈ। ਸੂਤਰਾਂ ਅਨੁਸਾਰ ਕੇਂਦਰੀ ਖ਼ੁਫ਼ੀਆਂ ਏਜੰਸੀਆਂ ਨੇ ਪੰਜਾਬ ਪੁਲਿਸ ਨੂੰ ਅੱਤਵਾਦੀ ਘੁਸਪੈਠ ਦਾ ਅਲਰਟ ਜਾਰੀ ਕੀਤਾ ਹੈ।