ਬਾਸਮਤੀ ਚੌਲਾਂ ਦੀ ਗੁਣਵੱਤਾ ਵਿਚ ਸੁਧਾਰ ਲਈ ਭਗਵੰਤ ਮਾਨ ਸਰਕਾਰ ਨੇ ਲਿਆ ਵੱਡਾ ਫੈਸਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਾਸਮਤੀ ਚੌਲਾਂ ਦੀ ਬਰਾਮਦ ਵਿਚ ਰੁਕਾਵਟ ਪਾਉਣ ਵਾਲੇ 10 ਕੀਟਨਾਸ਼ਕਾਂ ਦੀ ਵਰਤੋਂ ‘ਤੇ ਲਾਈ ਪਾਬੰਦੀ

Bhagwant Mann

 

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਬਾਸਮਤੀ ਚੌਲਾਂ ਦੀ ਬਰਾਮਦ ਵਿਚ ਰੁਕਾਵਟ ਪਾਉਣ ਵਾਲੇ ਕੁਝ ਕੀਟਨਾਸਕਾਂ ਦੀ ਵਿਕਰੀ, ਭੰਡਾਰਨ, ਵੰਡ ਅਤੇ ਵਰਤੋਂ  ਉੱਤੇ ਪਾਬੰਦੀ ਲਗਾਉਣ ਦੇ ਨਿਰਦੇਸ ਜਾਰੀ ਕੀਤੇ ਹਨ। ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਜਿਨਾਂ ਨੇ ਪਹਿਲਾਂ ਹੀ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਨਕਲੀ ਅਤੇ ਘਟੀਆ ਦਰਜੇ ਦੇ ਕੀਟਨਾਸਕਾਂ ਦੀ ਵਿਕਰੀ ‘ਤੇ ਨਜਰ ਰੱਖਣ ਅਤੇ ਅਜਿਹੀਆਂ ਕਾਰਵਾਈਆਂ ਵਿਰੁੱਧ ਲੋੜੀਂਦੀ ਕਾਰਵਾਈ ਕਰਨ ਲਈ ਸਖਤ ਹਦਾਇਤਾਂ ਜਾਰੀ ਕੀਤੀਆਂ ਸਨ, ਨੇ ਕਿਹਾ ਹੈ ਕਿ ਹੁਣ ਇਹ ਨਿਰਦੇਸ ਬਾਸਮਤੀ ਚੌਲਾਂ ਦੀ ਗੁਣਵੱਤਾ ਵਿੱਚ ਸੁਧਾਰ ਲਈ ਕਿਸਾਨਾਂ ਦੇ ਪੱਖ ਵਿੱਚ ਜਾਰੀ ਕੀਤੇ ਗਏ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਹ ਫੈਸਲਾ ਇਸ ਲਈ ਲਿਆ ਗਿਆ ਹੈ ਕਿਉਂਕਿ ਪਾਬੰਦੀਸੁਦਾ ਕੀਟਨਾਸਕਾਂ ਦੀ ਵਰਤੋਂ ਬਾਸਮਤੀ ਚੌਲ ਉਤਪਾਦਕਾਂ ਦੇ ਹਿੱਤ ਵਿੱਚ ਨਹੀਂ ਹੈ। ਉਨਾਂ ਕਿਹਾ ਐਸੀਫੇਟ, ਬੁਪਰੋਫੇਜਿਨ, ਕਲੋਰੋਪਾਈਰੀਫੋਸ, ਮੈਥਾਮਾਈਡੋਫੋਸ, ਪ੍ਰੋਪੀਕੋਨਾਜੋਲ ਥਿਆਮੈਥੋਕਸਮ, ਪ੍ਰੋਫੈਨੋਫੋਸ, ਆਈਸੋਪ੍ਰੋਥੀਓਲੇਨ, ਕਾਰਬੈਂਡਾਜ਼ਿਮ ਟ੍ਰਾਈਸਾਈਕਲਾਜੋਲ ਵਰਗੇ ਕੀਟਨਾਸਕਾਂ ਦੀ ਵਿਕਰੀ, ਭੰਡਾਰਨ, ਵੰਡ ਅਤੇ ਵਰਤੋਂ ਚੌਲਾਂ ਖਾਸ ਕਰਕੇ ਬਾਸਮਤੀ ਚੌਲਾਂ ਦੀ ਬਰਾਮਦ ਅਤੇ ਖਪਤ ਵਿੱਚ ਸੰਭਾਵੀ ਰੁਕਾਵਟਾਂ ਬਣ ਰਹੇ ਸਨ।

Kuldeep Dhaliwal

ਧਾਲੀਵਾਲ ਨੇ ਅੱਗੇ ਕਿਹਾ ਕਿ ਉਪਰੋਕਤ ਕੀਟਨਾਸਕਾਂ ‘ਤੇ ਪੰਜਾਬ ਵਿੱਚ 60 ਦਿਨਾਂ ਦੀ ਮਿਆਦ ਲਈ ਪਾਬੰਦੀ ਲਗਾਈ ਗਈ ਹੈ ਤਾਂ ਜੋ ਬਿਨਾਂ ਕਿਸੇ ਰਹਿੰਦ-ਖੂੰਹਦ ਦੇ ਵਧੀਆ ਗੁਣਵੱਤਾ ਵਾਲੇ ਬਾਸਮਤੀ ਚੌਲ ਪੈਦਾ ਕੀਤੇ ਜਾ ਸਕਣ। ਖੇਤੀਬਾੜੀ ਮੰਤਰੀ ਨੇ ਕਿਹਾ ਕਿ ਮਾਹਿਰਾਂ ਅਨੁਸਾਰ ਇਨਾਂ ਖੇਤੀ ਰਸਾਇਣਾਂ ਦੀ ਵਰਤੋਂ ਕਾਰਨ ਬਾਸਮਤੀ ਚੌਲਾਂ ਵਿੱਚ ਸਮਰੱਥ ਅਥਾਰਟੀ ਦੁਆਰਾ ਨਿਰਧਾਰਤ ਮੈਕਸੀਅਮ ਰੈਜੀਡਿਊਲ ਲੈਵਲ (ਐਮਆਰਐਲ) ਤੋਂ ਵੱਧ ਕੀਟਨਾਸਕ ਰਹਿੰਦ-ਖੂੰਹਦ ਹੋਣ ਦਾ ਖਤਰਾ ਹੈ।

Kuldeep Singh Dhaliwal

ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਪੰਜਾਬ ਰਾਈਸ ਮਿੱਲਰਜ ਐਂਡ ਐਕਸਪੋਰਟਰਜ ਐਸੋਸੀਏਸਨ ਵੱਲੋਂ ਵੀ ਇਹ ਪਾਇਆ ਗਿਆ ਹੈ ਕਿ ਉਨਾਂ ਵੱਲੋਂ ਟੈਸਟ ਕੀਤੇ ਗਏ ਕਈ ਨਮੂਨਿਆਂ ਵਿੱਚ ਇਨਾਂ ਦੀ ਰਹਿੰਦ-ਖੂੰਹਦ ਦਾ ਮੁੱਲ ਬਾਸਮਤੀ ਚੌਲਾਂ ਵਿੱਚ ਐਮਆਰਐਲ ਤਹਿ ਤੋਂ ਕਿਤੇ ਵੱਧ ਪਾਇਆ ਗਿਆ ਹੈ। ਐਸੋਸੀਏਸਨ ਨੇ ਪੰਜਾਬ ਦੀ ਵਿਰਾਸਤੀ ਬਾਸਮਤੀ ਉਪਜ ਨੂੰ ਬਚਾਉਣ ਅਤੇ ਬਾਸਮਤੀ ਚੌਲਾਂ ਦੀ ਦੂਜੇ ਦੇਸਾਂ ਨੂੰ ਬਰਾਮਦ ਯਕੀਨੀ ਬਣਾਉਣ ਲਈ ਇਨਾਂ ਖੇਤੀ ਰਸਾਇਣਾਂ ‘ਤੇ ਪਾਬੰਦੀ ਲਗਾਉਣ ਦੀ ਬੇਨਤੀ ਕੀਤੀ ਸੀ। ਪੰਜਾਬ ਦੇ ਖੇਤੀਬਾੜੀ ਮੰਤਰੀ ਨੇ ਅੱਗੇ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ.) ਲੁਧਿਆਣਾ ਨੇ ਬਾਸਮਤੀ ਚੌਲਾਂ ਦੇ ਕੀੜਿਆਂ ਨੂੰ ਕੰਟਰੋਲ ਕਰਨ ਲਈ ਘੱਟ ਰਹਿੰਦ-ਖੂੰਹਦ ਵਾਲੇ ਖੇਤੀ ਰਸਾਇਣਾਂ ਦੀ ਸਿਫਾਰਸ ਕੀਤੀ ਹੈ ਜੋ ਬਜਾਰ ਵਿੱਚ ਉਪਲਬਧ ਹਨ।