ਰੇਡ ਕਰਨ ਗਏ ਸਬ-ਇਸਪੈਕਟਰ ਦਾ ਸਾਬਕਾ ਸਰਪੰਚ ਨੇ ਚਾੜ੍ਹਿਆ ਕੁਟਾਪਾ, ਨਾਲਦਿਆਂ ਨੂੰ ਵੀ ਨੁੜਿਆ
ਅੰਮ੍ਰਿਤਸਰ ਦੇ ਚੌਗਾਵਾ ਪਿੰਡ 'ਚ ਜਿਥੇ ਲੋਕਾਂ ਦੀ ਅਜੇ ਨੀਂਦ ਵੀ ਨਹੀਂ ਖੁੱਲ੍ਹੀ ਸੀ...
ਅੰਮ੍ਰਿਤਸਰ: ਅੰਮ੍ਰਿਤਸਰ ਦੇ ਚੌਗਾਵਾ ਪਿੰਡ 'ਚ ਜਿਥੇ ਲੋਕਾਂ ਦੀ ਅਜੇ ਨੀਂਦ ਵੀ ਨਹੀਂ ਖੁੱਲ੍ਹੀ ਸੀ ਕਿ ਅਚਾਨਕ ਪੰਜਾਬ ਦੇ ਜ਼ਿਲਾ ਤਰਨਤਾਰਨ ਦੀ ਪੁਲਸ ਨੇ ਆ ਪਿੰਡ ਦੇ ਸਾਬਕਾ ਸਰਪੰਚ ਜਤਿੰਦਰ ਸਿੰਘ ਦੇ ਘਰ ਰੇਡ ਕਰ ਦਿੱਤੀ। ਸਰਪੰਚ ਦੇ ਘਰ ਪਹਿਲਾਂ ਤੋਂ ਮੌਜੂਦ ਲੋਕਾਂ ਨੇ ਸਬ-ਇੰਸਪੈਕਟਰ ਬਲਦੇਵ ਸਿੰਘ ਦੀ ਜੰਮ ਕੇ ਕੁੱਟਮਾਰ ਕੀਤੀ ਤੇ ਬਾਕੀ ਪੁਲਸ ਪਾਰਟੀ ਨੂੰ ਵੀ ਬੰਨ੍ਹ ਲਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਬਕਾ ਸਰਪੰਚ ਨੇ ਦੱਸਿਆ ਕਿ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਨਾਲ ਸਬੰਧਤ ਹਨ ਜਦਕਿ ਮੌਜੂਦਾ ਸਰਪੰਚ ਨਿਰਵੈਲ ਸਿੰਘ ਕਾਂਗਰਸ ਪਾਰਟੀ ਦਾ ਹੈ ਤੇ ਸਬ-ਇੰਸਪੈਕਟਰ ਬਲਦੇਵ ਸਿੰਘ ਦਾ ਰਿਸ਼ਤੇਦਾਰ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਮੌਜੂਦਾ ਸਰਪੰਚ ਨਿਰਵੈਲ ਸਿੰਘ ਦੇ ਇਸ਼ਾਰੇ 'ਤੇ ਸਬ-ਇੰਸਪੈਕਟਰ ਬਲਦੇਵ ਸਿੰਘ ਉਨ੍ਹਾਂ ਨੂੰ ਤੰਗ-ਪ੍ਰੇਸ਼ਾਨ ਕਰਦਾ ਹੈ ਤੇ ਹੈਰੋਇਨ ਦੇ ਝੂਠੇ ਕੇਸ 'ਚ ਫਸਾਉਣਾ ਚਾਹੁੰਦਾ ਹੈ।
ਇਸ ਨੂੰ ਲੈ ਕੇ ਸਬ-ਇੰਸਪੈਕਟਰ ਬਲਦੇਵ ਸਿੰਘ ਨੇ ਸਾਬਕਾ ਸਰਪੰਚ ਤੇ ਅਮਨਦੀਪ ਸਿੰਘ ਕੋਲੋਂ 2 ਲੱਖ ਦੀ ਮੰਗ ਕੀਤੀ ਸੀ ਤੇ ਉਸ ਨੇ ਕਿਹਾ ਕਿ ਸੀ ਕਿ ਜੇਕਰ ਉਹ ਪੈਸੇ ਦਿੰਦੇ ਹਨ ਤਾਂ ਇਸ ਕੇਸ 'ਚੋਂ ਬਰੀ ਹੋ ਜਾਣਗੇ। ਜੇਕਰ ਪੈਸੇ ਨਹੀਂ ਦਿੱਤੇ ਤਾਂ ਉਹ ਉਨ੍ਹਾਂ ਨੂੰ ਜੇਲ ਭੇਜ ਦੇਵੇਗਾ। ਇਸ ਦੇ ਚੱਲਦਿਆਂ ਹੀ ਉਹ ਮੌਜੂਦਾ ਸਰਪੰਚ ਦੇ ਕਹਿਣ 'ਤੇ ਅੱਜ ਪੁਲਸ ਪਾਰਟੀ ਸਮੇਤ ਸਬ-ਇੰਸਪੈਕਟਰ ਬਲਦੇਵ ਸਿੰਘ ਉਨ੍ਹਾਂ ਦੇ ਘਰ ਪਹੁੰਚਿਆ ਪਰ ਉਥੇ ਲੋਕਾਂ ਦੀ ਪੁਲਸ ਨਾਲ ਹੱਥੋਪਾਈ ਕੀਤੀ ਤੇ ਸਬ-ਇੰਸਪੈਕਟਰ ਬਲਦੇਵ ਸਿੰਘ ਦੇ ਕੱਪੜੇ ਪਾੜ ਦਿੱਤੇ ਤੇ ਉਸ ਦੀ ਸਰਵਿਸ ਰਿਵਾਲਵਰ ਵੀ ਖੋਹ ਲਈ।
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਬਲਦੇਵ ਸਿੰਘ ਖੁਦ ਵੀ ਨਸ਼ਾ ਕਰਦਾ ਹੈ ਤੇ ਅੱਜ ਵੀ ਨਸ਼ੇ ਦੀ ਹਾਲਤ 'ਚ ਹੀ ਉਹ ਇਥੇ ਆਇਆ ਸੀ। ਇਸ ਸਬੰਧੀ ਪਿੰਡ ਵਾਸੀਆਂ ਨੇ ਅੰਮ੍ਰਿਤਸਰ ਪੁਲਿਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਮੌਕੇ 'ਤੇ ਪੁੱਜੀ ਪੁਲਸ ਨੇ ਦੋਵਾਂ ਧਿਰਾਂ ਨੂੰ ਸਮਝਾਇਆ। ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਦੀ ਗੱਲ ਸੁਣੀ ਜਾਵੇਗੀ ਤੇ ਉਸ ਤੋਂ ਬਾਅਦ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ।