ਅਕਾਲੀ ਦਲ ਲਈ ਘਾਤਕ ਸਿੱਧ ਹੋਣ ਵਾਲਾ ਹੈ ਸਾਬਕਾ ਡੀ.ਜੀ.ਪੀ. ਸੈਣੀ ਦਾ ਮਾਮਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਲਵੰਤ ਮੁਲਤਾਨੀ ਦੇ ਨਾਲ-ਨਾਲ ਚੱਲ ਰਿਹੈ ਬਰਗਾੜੀ ਅਤੇ ਬਹਿਬਲ ਕਲਾਂ

Sumedh Singh Saini

ਐਸ.ਏ.ਐਸ. ਨਗਰ : ਮੋਹਾਲੀ  ਦੇ ਮਟੌਰ ਥਾਣੇ ਵਿਚ ਦਰਜ ਹੋਏ ਸਾਬਕਾ ਡੀ.ਜੀ.ਪੀ. ਪੰਜਾਬ ਸੁਮੇਧ ਸਿੰਘ ਸੈਣੀ ਦਾ ਬਹੁਚਰਚਿਤ ਮਾਮਲਾ, ਜਿਸ ਵਿਚ ਆਈ.ਪੀ.ਸੀ. ਦੀ ਧਾਰਾ 302 ਸ਼ਾਮਲ ਕੀਤੇ ਜਾਣ ਤੋਂ ਬਾਅਦ ਸੈਣੀ ਦੀਆਂ ਮੁਸ਼ਕਲਾਂ ਇਕ ਤੋਂ ਬਾਅਦ ਇਕ ਵਧਦੀਆਂ ਗਈਆਂ ਹਨ, ਸੁਪ੍ਰੀਮ ਕੋਰਟ ਤਕ ਉਸਦੀ ਜ਼ਮਾਨਤ ਖ਼ਾਰਜ ਕਰ ਚੁਕਿਆ ਹੈ।

ਸਿਰਫ ਇਹੀ ਮਾਮਲਾ ਨਹੀਂ ਸਗੋਂ ਬਰਗਾੜੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ 12 ਅਕਤੂਬਰ 2015 ਨੂੰ ਬਰਗਾੜੀ ਪਿੰਡ ਵਿਚ ਹੋਈ ਬੇਅਦਬੀ ਤੋਂ ਬਾਅਦ 14 ਅਕਤੂਬਰ ਨੂੰ ਬਹਿਬਲ ਕਲਾਂ ਵਿਚ ਸਿੱਖ ਨੌਜਵਾਨਾਂ ਉਤੇ ਹੋਈ ਫ਼ਾਇਰਿੰਗ ਦੇ ਸਮੇਂ ਇਹੀ ਸੁਮੇਧ ਸਿੰਘ ਸੈਣੀ ਪੰਜਾਬ ਦਾ ਡੀ.ਜੀ.ਪੀ. ਸੀ। ਇਸ ਮਾਮਲੇ ਵਿਚ ਐਸ.ਆਈ.ਟੀ. ਵਲੋਂ ਸੈਣੀ ਦਾ ਨਾਮ ਸਾਹਮਣੇ ਲਿਆਉਣ ਤੋਂ ਬਾਅਦ ਹੁਣ ਅਕਾਲੀ ਦਲ ਵੀ ਦੁਬਾਰਾ ਕਸੂਤੀ ਹਾਲਤ ਵਿਚ ਫਸਿਆ ਦਿਖਾਈ ਦੇ ਰਿਹਾ ਹੈ।

ਇਸਦੀ ਵਜ੍ਹਾ ਇਹ ਹੈ ਕਿ 2012 ਵਿਚ ਜਦੋਂ ਦੁਬਾਰਾ ਪੰਜਾਬ ਵਿਚ ਅਕਾਲੀ ਦਲ ਦੀ ਸਰਕਾਰ ਸੱਤਾ ਵਿਚ ਆਈ ਤਾਂ ਸੁਮੇਧ ਸਿੰਘ ਸੈਣੀ ਨੂੰ ਡੀ.ਜੀ.ਪੀ. ਦੇ ਅਹੁਦੇ ਨਾਲ ਨਿਵਾਜ਼ਿਆ ਗਿਆ। ਉਸ ਸਮੇਂ ਪੰਜਾਬ ਹੀ ਨਹੀਂ ਸਗੋਂ ਅੰਤਰਰਾਸ਼ਟਰੀ ਪੱਧਰ ਉੱਤੇ ਸਿੱਖ ਜਥੇਬੰਦੀਆਂ ਨੇ ਅਕਾਲੀ ਦਲ ਦੇ ਇਸ ਫ਼ੈਸਲੇ ਦੀ ਨਿਖੇਧੀ ਕਰਦਿਆਂ ਕਿਹਾ ਸੀ ਕਿ ਸੁਮੇਧ ਸਿੰਘ ਸੈਣੀ ਦਾ ਨਾਮ ਪੰਜਾਬ ਵਿਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਅਤੇ ਮਿਲਿਟੈਂਸੀ ਦੇ ਨਾਮ ਉਤੇ ਸਿੱਖ ਨੌਜਵਾਨਾਂ ਉਤੇ ਅਤਿਆਚਾਰਾਂ ਲਈ ਲਿਆ ਜਾਂਦਾ ਹੈ।

ਵੱਡੀ ਗੱਲ ਇਹ ਵੀ ਸੀ ਕਿ ਖੁਦ ਅਕਾਲੀ ਦਲ ਹੀ ਅਪਣੇ ਚੁਣਾਵੀ ਘੋਸ਼ਣਾ ਪੱਤਰਾਂ ਵਿਚ ਕਹਿੰਦਾ ਰਿਹਾ ਹੈ ਕਿ ਉਹ ਅਦਿਵਾਦ  ਦੌਰਾਨ ਪੁਲਿਸ ਵਧੀਕੀਆਂ ਕਰਨ ਵਾਲਿਆਂ ਵਿਰੁਧ ਕਾਰਵਾਈ ਕਰੇਗਾ। ਇਹੀ ਕਾਰਨ ਰਿਹਾ ਕਿ ਬਰਗਾੜੀ ਕਾਂਡ ਅਕਾਲੀ ਦਲ ਉਤੇ ਇਸ ਕਦਰ ਹਾਵੀ ਹੋਇਆ ਕਿ 2017 ਵਿਧਾਨ ਸਭਾ ਚੋਣ ਵਿਚ ਅਕਾਲੀ ਦਲ ਦੀ ਹਵਾ ਨਿਕਲ ਗਈ ਅਤੇ ਪੰਜਾਬ ਵਿਚ ਲਗਾਤਾਰ 10 ਸਾਲ ਰਾਜ ਕਰਨ ਵਾਲੀ ਪਾਰਟੀ ਅਪਣੇ ਪੂਰੇ ਇਤਿਹਾਸ ਵਿਚ ਸਭ ਤੋਂ ਘੱਟ ਸੀਟਾਂ ਹਾਸਲ ਕਰ ਕੇ ਤੀਸਰੇ ਸਥਾਨ ਉਤੇ ਗਈ ਅਤੇ ਨਵੀਂ ਪਾਰਟੀ (ਆਮ ਆਦਮੀ ਪਾਰਟੀ) ਇਸ ਤੋਂ ਜ਼ਿਆਦਾ ਸੀਟਾਂ ਜਿੱਤ ਗਈ ।  

ਸੈਣੀ ਦੇ ਨਾਲ ਨਾਲ ਅਕਾਲੀ ਦਲ ਦੀਆਂ ਮੁਸ਼ਕਲਾਂ ਬਰਗਾੜੀ ਅਤੇ ਬਹਿਬਲ ਕਲਾਂ ਦੇ ਕਾਰਨ ਵਧੀਆਂ ਹਨ। ਹੁਣ ਜਦੋਂ ਕਿ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿਚ ਸਿਰਫ ਡੇਢ ਸਾਲ ਦਾ ਵਕਫ਼ਾ ਹੀ ਰਹਿ ਗਿਆ ਹੈ ਤਾਂ ਇਸ ਮਾਮਲੇ ਦੀ ਗ਼ਰਮੀ ਅਪਣੀ ਚਰਮ ਸੀਮਾ ਉਤੇ ਪੁਜਦੀ ਦਿਖਾਈ ਦੇ ਰਹੀ ਹੈ।  ਸਾਫ਼ ਤੌਰ ਉਤੇ ਜੇਕਰ ਉਸ ਸਮੇਂ ਦੇ ਪੁਲਿਸ ਉਚ ਅਧਿਕਾਰੀ ਇਸਦੇ ਲਪੇਟੇ ਵਿਚ ਆਉਂਦੇ ਹਨ ਤਾਂ ਅਕਾਲੀ ਦਲ ਵੀ ਇਸ ਗਰਮੀ ਦੀ ਤਪਸ਼ ਤੋਂ ਬਚਿਆ ਨਹੀਂ ਰਹਿ ਸਕੇਗਾ।

ਸੈਣੀ ਦੇ ਨਾਲ-ਨਾਲ ਉਸ ਸਮੇਂ ਦੇ ਆਈ.ਜੀ. ਉਮਰਾਨੰਗਲ ਦਾ ਨਾਮ ਵੀ ਐਸ.ਆਈ.ਟੀ. ਨੇ ਪ੍ਰਮੁਖਤਾ ਵਲੋਂ ਲਿਆ ਹੈ।  ਉਮਰਾਨੰਗਲ ਦੀ ਤਾਂ ਉਸ ਸਮੇਂ ਮੁਅਤਲੀ ਵੀ ਹੋਈ ਸੀ। ਇਸ ਐਸ.ਆਈ.ਟੀ. ਦੀ ਅਗਵਾਈ ਕੁੰਵਰ ਵਿਜੇ ਕੁਮਾਰ ਸਿੰਘ  ਕਰ ਰਹੇ ਹਨ ।   ਸਿਆਸੀ ਮਾਹਰ ਇਹ ਕਹਿੰਦੇ ਹਨ ਕਿ ਅਕਾਲੀ ਦਲ ਇਸ ਮਾਮਲੇ ਵਿਚ ਬਿਲਕੁਲ ਖਾਮੋਸ਼ ਹੈ ਜਦਕਿ ਸੈਣੀ ਹੁਣੇ ਤਕ ਫ਼ਰਾਰ ਹੈ ਅਤੇ ਉਸਦੇ ਵਿਰੁਧ ਗ਼ੈਰ ਜਮਾਨਤੀ ਵਾਰੰਟ ਵੀ ਜਾਰੀ ਹੋ ਗਏ ਹਨ।

ਅਕਾਲੀ ਦਲ  (ਅ)  ਅਤੇ ਹੋਰ ਸਿੱਖ ਜਥੇਬੰਦੀਆਂ ਸੈਣੀ  ਨੂੰ ਗ੍ਰਿਫ਼ਤਾਰ ਕਰਵਾਉਣ ਵਾਲੀਆਂ ਲਈ ਇਨਾਮ ਦਾ ਐਲਾਨ ਕਰ ਰਹੀਆਂ ਹਨ ।  ਇਸ ਨਾਲ ਅਕਾਲੀ ਦਲ ਦਾ ਹੋਰ ਸਿਆਸੀ ਨੁਕਸਾਨ ਹੋਰ ਰਿਹਾ ਹੈ ਅਤੇ ਜੋ ਵੀ ਭਰਪਾਈ ਅਕਾਲੀ ਦਲ ਨੇ ਸਾਢੇ ਤਿੰਨ ਸਾਲਾਂ ਵਿਚ ਕੀਤੀ ਸੀ, ਉਹ ਇਸ ਕੇਸ ਦੇ ਕਾਰਨ ਖ਼ਤਮ ਹੋ ਸਕਦੀ ਹੈ।

ਸਿਆਸੀ ਮਾਹਰ ਇਹ ਵੀ ਕਹਿੰਦੇ ਹਨ ਕਿ ਇਸ ਵਿਚ ਕੋਈ ਸ਼ਕ ਨਹੀਂ ਕਿ ਪੰਜਾਬ  ਦੇ ਲੋਕਾਂ ਵਿਚ ਕਾਂਗਰਸ ਵਿਰੁਧ ਐਂਟੀ ਇੰਕੰਬੈਂਸੀ ਫ਼ੈਕਟਰ ਹੈ ਪਰ ਨਾਲ ਹੀ ਅਕਾਲੀ ਦਲ ਵਿਰੁਧ ਵੀ ਬਰਗਾੜੀ  ਦੇ ਨਾਮ ਉਤੇ ਇਕ ਵੱਡਾ ਐਂਟੀ ਇੰਕੰਬੈਂਸੀ ਫੈਕਟਰ ਤਿਆਰ ਹੈ। ਇੰਤਜ਼ਾਰ ਸਿਰਫ ਇਸ ਕੇਸ  ਦੇ ਫ਼ੈਸਲੇ ਦਾ ਹੈ