ਅਕਾਲੀ ਦਲ ਅਪਣੀ ਹੋਈ ਦੁਰਗਤੀ ਲਈ ਖ਼ੁਦ ਜ਼ਿੰਮੇਵਾਰ : ਬ੍ਰਹਮਪੁਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਦੇ ਪੰਜਾਬ ਦੀ ਰਾਜਨੀਤੀ ਵਿਚ ਮਾਝੇ ਦੇ ਜਰਨੈਲ ਵਜੋ ਜਾਣੇ ਜਾਂਦੇ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੇ ਸਿਆਸੀ ਵਾਰਿਸ ਖਡੂਰ ਸਾਹਿਬ ਤੋਂ ਸਾਬਕਾ ਵਿਧਾਇਕ...........

Ravinder Singh Brahmpura

ਤਰਨਤਾਰਨ : ਕਦੇ ਪੰਜਾਬ ਦੀ ਰਾਜਨੀਤੀ ਵਿਚ ਮਾਝੇ ਦੇ ਜਰਨੈਲ ਵਜੋ ਜਾਣੇ ਜਾਂਦੇ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੇ ਸਿਆਸੀ ਵਾਰਿਸ ਖਡੂਰ ਸਾਹਿਬ ਤੋਂ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਕਿਹਾ ਜੇਕਰ ਕਿਸੇ ਅਖਬਾਰ ਜਾਂ ਚੈਨਲ ਨਾਲ ਵਿਚਾਰਕ ਮਤਭੇਦ ਹਨ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਉਸ ਦੇ ਜਨਤਕ ਤੌਰ 'ਤੇ ਬਾਈਕਾਟ ਦਾ ਸੱਦਾ ਦਿਉ। ਤੁਸੀ ਪਹਿਲਾਂ ਆਪ ਬਾਈਕਾਟ ਦੇ ਸੱਦੇ ਦਿੰਦੇ ਹੋ ਤੇ ਫਿਰ ਖੁਦ ਘਰ ਜਾ ਕੇ ਪਹਿਲਾਂ ਉਹੀ ਅਖਬਾਰ ਅਤੇ ਚੈਨਲ ਦੇਖਦੇ ਹੋ। ਸ. ਬ੍ਰਹਮਪੁਰਾ ਨੇ ਕਿਹਾ ਕਿ  ਪ੍ਰੈਸ ਲੋਕਤੰਤਰ ਦਾ ਚੌਥਾ ਥੰਮ੍ਹ ਹੈ ਤੇ ਇਸ ਦੇ ਨਾਲ ਵਿਚਾਰ ਨਾ ਰਲਣ ਦਾ ਮਤਲਬ ਬਾਈਕਾਟ ਨਹੀਂ ਹੋ ਸਕਦਾ।

ਸ. ਬ੍ਰਹਮਪੁਰਾ ਨੇ ਕਿਹਾ ਕਿ ਅਕਾਲੀ ਦਲ ਆਪਣੀ ਹੋਈ ਦੁਰਗਤੀ ਲਈ ਖੁਦ ਜ਼ਿੰਮੇਵਾਰ ਹੈ। ਸਮਾਂ ਰਹਿੰਦੇ ਜੇਕਰ ਉਸ ਵੇਲੇ ਦੀ ਸਰਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿੰਦੀ ਤਾਂ ਅੱਜ ਅਕਾਲੀ ਦਲ ਨੂੰ ਇਹ ਦਿਨ ਨਾ ਦੇਖਣੇ ਪੈਂਦੇ। ਸ. ਬ੍ਰਹਮਪੁਰਾ ਨੇ ਕਿਹਾ ਕਿ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਉਹ ਦੋਸ਼ੀਆਂ ਨਾਲ ਸਖਤੀ ਨਾਲ ਪੇਸ਼ ਆਵੇ ਪਰ ਸਰਕਾਰ ਨੇ ਇਸ ਦੀ ਪ੍ਰਵਾਹ ਨਹੀਂ ਕੀਤੀ।

ਉਨ੍ਹਾਂ ਕਿਹਾ ਕਿ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਡੇਰਾ ਮੁਖੀ ਨੂੰ ਬਿਨਾ ਮੰਗੇ, ਬਿਨਾ ਆਇਆਂ ਹੀ ਮੁਆਫੀ ਦੇ ਦਿਤੀ ਫਿਰ ਮੁਆਫੀ ਵਾਪਸ ਲੈ ਲਈ ਜਿਸ ਦਾ ਖਮਿਆਜਾ ਅਕਾਲੀ ਦਲ ਨੂੰ ਵਿਧਾਨ ਸਭਾ ਚੋਣਾਂ ਵਿਚ ਭੁਗਤਣਾ ਪਿਆ। ਇਕ ਸਵਾਲ ਦੇ ਜਵਾਬ ਵਿਚ ਸ. ਬ੍ਰਹਮਪੁਰਾ ਨੇ ਕਿਹਾ ਕਿ ਮਾਝੇ ਵਾਲਿਆਂ ਵਿਚ ਅਜੇ ਅਣਖ ਤੇ ਗ਼ੈਰਤ ਬਾਕੀ ਹੈ ਤੇ ਸਾਡੇ ਲਈ ਪੰਥ ਪਹਿਲਾਂ ਤੇ ਸਰਕਾਰ ਬਾਅਦ ਵਿਚ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਅਕਾਲੀ ਦਲ ਪਾਰਟੀ ਵਿਚ ਆਈਆਂ ਊਣਤਾਈਆਂ ਤੇ ਵਿਚਾਰ ਕਰੇ ਤੇ ਫਿਰ ਪਹਿਲਾਂ ਪੰਥ ਵਾਲੀ ਸੋਚ ਅਪਣਾਏ ਇਸ ਤੋਂ ਬਾਅਦ ਹੀ  ਅਕਾਲੀ ਦਲ ਅਗੇ ਵਧ ਸਕੇਗਾ।