ਮੁਹਾਲੀ ਵਿਚ ਚੱਪੜਚਿੜੀ ਨੇੜੇ ਜੇਲ੍ਹ ਵਿਭਾਗ ਦੇ ਹੈਡਕੁਆਟਰ ਬਣਾਉਣ ਲਈ ਜ਼ਮੀਨ ਦੀ ਸ਼ਨਾਖਤ ਕਰਨ ਲਈ ਕਿਹਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਜੋਕੇ ਦੌਰ ਵਿੱਚ ਅਮਨ-ਕਾਨੂੰਨ ਦੀ ਵਿਵਸਥਾ ਕਾਇਮ ਰੱਖਣ ਲਈ ਸੁਰੱਖਿਆ ਦੀ ਬਹੁਤ ਮਹਤੱਤਾ ਹੈ ਅਤੇ ਇਸ ਸਬੰਧੀ ਜੇਲ੍ਹ...

ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ

ਚੰਡੀਗੜ (ਚੰਡੀਗੜ੍ਹ ) : ਅਜੋਕੇ ਦੌਰ ਵਿੱਚ ਅਮਨ-ਕਾਨੂੰਨ ਦੀ ਵਿਵਸਥਾ ਕਾਇਮ ਰੱਖਣ ਲਈ ਸੁਰੱਖਿਆ ਦੀ ਬਹੁਤ ਮਹਤੱਤਾ ਹੈ ਅਤੇ ਇਸ ਸਬੰਧੀ ਜੇਲ੍ਹ ਵਿਭਾਗ ਕੋਲ ਸਭ ਤੋਂ ਅਹਿਮ ਜ਼ਿੰਮੇਵਾਰੀ ਹੈ। ਸੂਬਾ ਸਰਕਾਰ ਜੇਲ੍ਹਾਂ ਦੇ ਆਧੁਨਿਕੀਕਰਣ ਲਈ 5 ਕਰੋੜ ਰੁਪਏ ਖਰਚਣ ਜਾ ਰਹੀ ਹੈ ਅਤੇ ਸਰਕਾਰ ਦੀ ਇਹੋ ਕੋਸ਼ਿਸ਼ ਰਹੇਗੀ ਕਿ ਸੁਧਾਰ ਘਰ ਵਜੋਂ ਜਾਣੀਆਂ ਜਾਂਦੀਆਂ ਜੇਲ੍ਹਾਂ ਲਈ ਫੰਡਾਂ ਦੀ ਕੋਈ ਘਾਟ ਨਹੀਂ ਰਹਿਣ ਦਿੱਤੀ ਜਾਵੇਗੀ। ਇਹ ਖੁਲਾਸਾ ਪੰਜਾਬ ਦੇ ਜੇਲ੍ਹ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਵਿਭਾਗ ਦੇ ਉਚ ਅਧਿਕਾਰੀਆਂ ਅਤੇ ਸਮੂਹ ਜੇਲ੍ਹ ਸੁਪਰਡੈਂਟਾਂ ਦੀ ਪੰਜਾਬ ਭਵਨ ਵਿਖੇ ਸੱਦੀ ਮੀਟਿੰਗ ਦੌਰਾਨ ਕੀਤਾ।

ਸ. ਰੰਧਾਵਾ ਨੇ ਜੇਲ੍ਹਾਂ ਵਿੱਚ ਸੁਰੱਖਿਆ ਦੇ ਪੁਖਤਾ ਪ੍ਰਬੰਧਾਂ ਅਤੇ ਕੀਤੇ ਜਾ ਰਹੇ ਸੁਧਾਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿਭਾਗ ਵੱਲੋਂ ਜੇਲ੍ਹ ਕਰਮਚਾਰੀਆਂ ਦੇ ਪ੍ਰੋਤਸਾਹਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਜੇਲ੍ਹਾਂ ਦੇ ਆਧੁਨਿਕੀਕਰਨ ਉਤੇ ਖਰਚੇ ਜਾਣ ਵਾਲੇ ਲਈ 5 ਕਰੋੜ ਰੁਪਏ ਖਰਚਣ ਦਾ ਖੁਲਾਸਾ ਕਰਦਿਆਂ ਉਨ੍ਹਾਂ ਦੱਸਿਆ ਕਿ ਇਸ ਵਿੱਚੋਂ 2.75 ਕਰੋੜ ਰੁਪਏ ਨਵੇਂ ਵਾਹਨ ਖਰੀਦਣ ਅਤੇ 2.25 ਕਰੋੜ ਰੁਪਏ ਅਤਿ ਆਧੁਨਿਕ ਹਥਿਆਰ ਖਰੀਦਣ ਲਈ ਖਰਚੇ ਜਾਣਗੇ। ਸ. ਰੰਧਾਵਾ ਨੇ ਅੱਗੇ ਕਿਹਾ ਕਿ 1 ਕਰੋੜ ਰੁਪਏ ਜ਼ਿਲ੍ਹਾ ਜੇਲ੍ਹਾਂ ਨੂੰ ਅਪਗ੍ਰੇਡ ਕਰਨ ਲਈ ਖਰਚੇ ਜਾਣਗੇ।

ਜੇਲ੍ਹ ਮੰਤਰੀ ਨੇ ਭਵਿੱਖ ਵਿੱਚ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਦੱਸਦਿਆਂ ਕਿਹਾ ਕਿ ਲੁਧਿਆਣਾ ਤੇ ਪਟਿਆਲਾ ਦੀਆਂ ਕੇਂਦਰੀ ਜੇਲ੍ਹਾਂ ਲਈ ਵੇਟਿੰਗ ਰੂਮ ਬਣਾਏ ਜਾਣਗੇ। ਨਿਗਰਾਨੀ ਦੇ ਨਾਲ ਹੀ ਸੁਰੱਖਿਆ ਜ਼ੋਨ ਵੀ ਹੁਣ ਹੈੱਡਕੁਆਟਰਾਂ ਤੋਂ ਜੇਲ੍ਹਾਂ ਵਿੱਚ ਲਿਆਂਦੇ ਜਾਣਗੇ ਤਾਂ ਜੋ ਏ ਕੈਟੇਗਰੀ ਦੇ ਅਪਰਾਧੀਆਂ ਨੂੰ ਇੱਥੇ ਕੈਦ ਕਰਕੇ ਰੱਖਿਆ ਜਾ ਸਕੇ। ਸ. ਰੰਧਾਵਾ ਨੇ ਦੱਸਿਆ ਕਿ ਗੈਂਗਸਟਰਾਂ ਨੂੰ ਨਿਯਮਿਤ ਤੌਰ 'ਤੇ ਇਕ ਤੋਂ ਦੂਜੀ ਜੇਲ੍ਹ ਵਿਚ ਬਦਲਿਆ ਜਾਵੇਗਾ ਤਾਂ ਜੋ ਉਨ੍ਹਾਂ ਦੀ ਪੱਕੀ ਠਹਿਰ ਤੋੜੀ ਜਾ ਸਕੀ ਜਿਸ ਨਾਲ ਉਹ ਨਾਪਾਕ ਗਠਜੋੜ ਨਾ ਬਣਾ ਸਕਣ।

ਸ. ਰੰਧਾਵਾ ਨੇ ਸਾਰੇ ਮਹੱਤਵਪੂਰਨ ਵਿਭਾਗਾਂ ਵਿੱਚੋਂ ਜੇਲ੍ਹ ਵਿਭਾਗ ਨੂੰ ਦੱਸਦਿਆਂ ਵਿਭਾਗ ਦੇ ਕਰਮਚਾਰੀਆਂ ਦੀ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਕੰਮ ਕਰਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਕ ਪਾਸੇ ਪਦਉੱਨਤੀ ਦੀ ਪ੍ਰਕਿਰਿਆ ਤੇਜ਼ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਇਕ ਮਹੀਨੇ ਵਿੱਚ 210 ਜੇਲ੍ਹ ਵਾਰਡਨ ਤੇ 57 ਮੈਟਰਨਸ ਭਰਤੀ ਕੀਤੇ ਜਾਣਗੇ। ਉਨ੍ਹਾਂ ਇਹ ਵੀ ਫੈਸਲਾ ਕੀਤਾ ਕਿ 25 ਸਾਲ ਸੇਵਾਵਾਂ ਨਿਭਾਉਣ ਵਾਲੇ ਜੇਲ੍ਹ ਕਰਮਚਾਰੀਆਂ ਅਤੇ ਸੇਵਾ ਮੁਕਤੀ ਵਿੱਚ ਇਕ ਸਾਲ ਜਾਂ ਇਸ ਤੋਂ ਘੱਟ ਸਮੇਂ ਦੀ ਸੇਵਾ ਰਹਿਣ ਵਾਲੇ ਯੋਗ ਕਰਮਚਾਰੀਆਂ ਨੂੰ ਇਕ ਅਹੁਦੇ ਦੀ ਤਰੱਕੀ ਦਿੱਤੀ ਜਾਵੇ।

ਉਨ੍ਹਾਂ ਜੇਲ੍ਹ ਦੇ ਸਟਾਫ਼ ਨੂੰ ਇਨਾਮ ਦੇਣ ਬਾਰੇ ਵੀ ਦੱਸਿਆ ਅਤੇ ਕਿਹਾ ਕਿ ਇਹ ਉਨ੍ਹਾਂ ਸਾਰੇ ਸਾਥੀਆਂ ਲਈ ਲਾਭਕਾਰੀ ਸਿੱਧ ਹੋਵੇਗੀ ਜੋ ਆਪਣੀ ਪੜ੍ਹਾਈ ਜਾਰੀ ਰੱਖਣਾ ਚਾਹੁੰਦੇ ਹਨ। ਜੇਲ੍ਹ ਮੰਤਰੀ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਮੁਹਾਲੀ ਵਿੱਚ ਚੱਪੜਚਿੜੀ ਨੇੜੇ ਜੇਲ੍ਹ ਵਿਭਾਗ ਦਾ ਹੈਡਕੁਆਟਰ ਬਣਾਉਣ ਲਈ ਜ਼ਮੀਨ ਦੀ ਸ਼ਨਾਖਤ ਕਰਨ ਲਈ ਕਿਹਾ। ਇਸ ਮੌਕੇ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਕਿਰਪਾ ਸ਼ੰਕਰ ਸਰੋਜ ਨੇ ਜੇਲ੍ਹ ਮੰਤਰੀ ਦਾ ਧੰਨਵਾਦ ਕਰਦਿਆਂ ਇਹ ਭਰੋਸਾ ਦਿਵਾਇਆ ਕਿ ਜੇਲ੍ਹਾਂ ਦੇ ਸੁਧਾਰ ਅਤੇ ਬੁਨਿਆਦੀ ਢਾਂਚੇ ਦੇ ਆਧੁਨਿਕੀਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।

ਉਨ੍ਹਾਂ ਜੇਲ੍ਹ ਸੁਪਰਡੈਂਟਾਂ ਨੂੰ ਪ੍ਰੇਰਦਿਆਂ ਕਿਹਾ ਕਿ ਉਹ ਕੈਦੀਆਂ ਨੂੰ ਸੁਧਾਰਨ ਲਈ ਉਨ੍ਹਾਂ ਦੀ ਪੜ੍ਹਾਈ ਅਤੇ ਹੁਨਰ ਵਿਕਾਸ ਦੇ ਕੰਮਾਂ ਦਾ ਪ੍ਰਬੰਧ ਕਰਨ। ਇਸ ਮੌਕੇ ਏ.ਡੀ.ਜੀ.ਪੀ. (ਜੇਲ੍ਹਾਂ) ਸ੍ਰੀ ਰੋਹਿਤ ਚੌਧਰੀ ਨੇ ਦੱਸਿਆ ਕਿ ਜੇਲ੍ਹਾਂ ਵਿੱਚ ਨਿਗਰਾਨੀ ਨੂੰ ਵਧਾਉਣ ਲਈ ਸੀ.ਸੀ.ਟੀ.ਵੀ. ਕੈਮਰਿਆਂ ਦੀ ਗਿਣਤੀ ਵਧਾਈ ਜਾ ਰਹੀ ਹੈ। ਉਨ੍ਹਾਂ ਜੇਲ੍ਹ ਮੰਤਰੀ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਅਹੁਦਾ ਸੰਭਾਲਣ ਤੋਂ ਬਾਅਦ ਖੁਦ ਜੇਲ੍ਹਾਂ ਦਾ ਦੌਰਾ ਕਰ ਕੇ ਸੁਰੱਖਿਆ ਪ੍ਰਬੰਧਾਂ ਅਤੇ ਕੈਦੀਆਂ ਨੂੰ ਮੁਹੱਈਆ ਸਹੂਲਤਾਂ ਦਾ ਜਾਇਜ਼ਾ ਲਿਆ। ਇਸ ਮੌਕੇ ਜੇਲ੍ਹ ਮੰਤਰੀ ਸ. ਰੰਧਾਵਾ ਨੇ ਬਿਹਤਰ ਸੇਵਾਵਾਂ ਨਿਭਾਉਣ ਵਾਲੇ ਜੇਲ੍ਹ ਵਿਭਾਗ ਦੇ 11 ਅਧਿਕਾਰੀਆਂ/ਕਰਮਚਾਰੀਆਂ ਪ੍ਰਸੰਸਾ ਪੱਤਰ ਵੀ ਸੌਂਪੇ। ਮੀਟਿੰਗ ਵਿੱਚ ਆਈ.ਜੀ. (ਜੇਲ੍ਹਾਂ) ਸ੍ਰੀ ਆਰ.ਕੇ. ਅਰੋੜਾ, ਡੀ.ਆਈ.ਜੀ. (ਜੇਲ੍ਹਾਂ) ਸ੍ਰੀ ਲਖਵਿੰਦਰ ਸਿੰਘ ਜਾਖੜ ਸਮੇਤ ਸਮੂਹ ਜੇਲ੍ਹ ਸੁਪਰਡੈਂਟਾਂ ਹਾਜ਼ਰ ਸਨ।