ਮੋਗਾ ਪੁਲਿਸ ਵੱਲੋਂ ਹਾਈਵੇ 'ਤੇ ਲਗਜ਼ਰੀ ਗੱਡੀਆਂ ਲੁੱਟਣ ਵਾਲੇ ਗਿਰੋਹ ਦੇ 6 ਮੈਂਬਰ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੋਗਾ ਸੀਆਈਏ ਸਟਾਫ਼ ਪੁਲਿਸ ਨੇ ਹਾਈਵੇ ‘ਤੇ ਹਥਿਆਰ ਦਿਖਾ ਕੇ ਲਗਜ਼ਰੀ ਗੱਡੀਆਂ ਲੁੱਟਣ ਵਾਲੇ ਗਿਰੋਹ ਦਾ ਪਰਦਾਫ਼ਾਸ ਕਰਕੇ....

Moga Police

ਮੋਗਾ (ਪੀਟੀਆਈ) : ਮੋਗਾ ਸੀਆਈਏ ਸਟਾਫ਼ ਪੁਲਿਸ ਨੇ ਹਾਈਵੇ ‘ਤੇ ਹਥਿਆਰ ਦਿਖਾ ਕੇ ਲਗਜ਼ਰੀ ਗੱਡੀਆਂ ਲੁੱਟਣ ਵਾਲੇ ਗਿਰੋਹ ਦਾ ਪਰਦਾਫ਼ਾਸ ਕਰਕੇ ਗਿਰੋਹ ਦੇ 6 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇਸ ਗਿਰੋਹ ਤੋਂ ਚਾਰ ਗੱਡੀਆਂ ਫਾਰਚੂਨਰ, ਬ੍ਰੇਜਾ, ਕ੍ਰੇਟਾ, ਸਕਾਰਪਿਓ ਅਤੇ ਤਿੰਨ 32 ਬੋਰ ਦੇਸੀ ਪਿਸਤੌਲ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਐਕਸਯੂਵੀ ਗੱਡੀ ਸਮੇਤ ਦੋ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਐਸ.ਐਸ.ਪੀ ਗੁਲਨੀਤ ਸਿੰਘ ਖੁਰਾਨਾ ਨੇ ਦੱਸਿਆ ਕਿ ਹਾਈਵੇ ਉਤੇ ਲਗਜ਼ਰੀ ਗੱਡੀਆਂ ਲੁੱਟਣ ਦੀ ਵਾਰਦਾਤ ਦੀ ਜਾਂਚ ਲਈ ਵਜੀਰ ਸਿੰਘ ਐਸ ਪੀ (ਆਈ) ਅਤੇ ਹਰਿੰਦਰ ਸਿੰਘ ਡੋਡ, ਡੀਐਸਪੀ (ਆਈ), ਇੰਸਪੈਕਟਰ ਕਿੱਕਰ ਸਿੰਘ ਇੰਚਾਰਜ਼ ਸੀਆਈਏ ਸਟਾਫ਼ ਦੀ ਗਠਿਤ ਵਿਸ਼ੇਸ਼ ਟੀਮ ਬਣਾਈ ਗਈ ਸੀ। ਜਾਂਚ ਕਰਨ ‘ਚ ਪਤਾ ਲੱਗਿਆ ਕਿ ਹਰਮੰਦਰ ਸਿੰਘ, ਸਰਵਣ ਸਿੰਘ, ਗੁਰਸ਼ਰਨਪ੍ਰੀਤ ਸਿੰਘ, ਭੁਪਿੰਦਰ ਸਿੰਘ, ਗੁਰਪ੍ਰੀਤ ਸਿੰਘ, ਨੇ ਹਥਿਆਰ ਦਿਖਾ ਕੇ ਹਾਈਵੇ ਤੋਂ ਲਗਜ਼ਰੀ ਗੱਟੀਆਂ ਲੁੱਟਣ ਵਾਲਾ ਗੈਂਗ ਬਣਿਆ ਹੋਇਆ ਸੀ।

ਕੁਝ ਦਿਨ ਪਹਿਲਾਂ ਦੋਸ਼ੀ ਹਰਮੰਦਰ ਸਿੰਘ ਨੂੰ ਕਪੂਰਥਲਾ ਪੁਲਿਸ ਨੇ ਹੈਰੋਇਨ ਦੇ ਨਾਲ ਗ੍ਰਿਫ਼ਤਾਰ ਕੀਤਾ ਸੀ। ਉਸ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲੈ ਕੇ ਪੁਛ-ਗਿਛ ਕੀਤੀ ਤਾਂ ਉਸ ਨੇ ਮੋਗਾ ਖੇਤਰ ਵਿਚ ਲੁੱਟੀਆਂ ਗਈਆਂ ਲਗਜ਼ਰੀ ਗੱਡੀਆਂ ਦਾ ਖ਼ੁਲਾਸਾ ਕੀਤਾ। ਇਹ ਗਿਰੋਹ ਗੱਡੀ ਲੁੱਟਣ ਤੋਂ ਪਹਿਲਾਂ ਪਿੱਛੇ ਤੋਂ ਟੱਕਰ ਮਾਰ ਦਿੰਦਾ ਸੀ। ਅਤੇ ਬਾਅਦ ਵਿਚ ਹਥਿਆਰ ਦਿਖਾ ਕੇ ਗੱਡੀ ਲੁੱਟ ਕੇ ਫਰਾਰ ਹੋ ਜਾਂਦਾ ਸੀ। ਇਸ ਗਿਰੋਹ ਵਿਚ ਅਮੀਰ ਪਰਿਵਾਰਾਂ ਦੇ ਮੰਡੇ ਹਨ ਅਤੇ ਉਹ ਸ਼ੌਂਕ ਪੂਰਾ ਕਰਨ ਲਈ ਹਾਈਵੇ ਤੋਂ ਹਥਿਆਰ ਦਿਖਾ ਕੇ ਲਗਜ਼ਰੀ ਗੱਡੀਆਂ ਲੁੱਟਦੇ ਸੀ।

ਗੱਡੀਆਂ ਲੁੱਟਣ ਤੋਂ ਬਾਅਦ ਜਾਅਲੀ ਨੰਬਰ ਪਲੇਟ ਤਿਆਰ ਕਰਕੇ ਇਹਨਾਂ ਗੱਡੀਆਂ ਦਾ ਇਸਤੇਮਾਲ ਕਰਦੇ ਸੀ। ਇਸ ਤੋਂ ਬਾਅਦ ਗਿਰੋਹ ਵਿਚ ਸ਼ਾਮਲ ਰਣਜੋਧ ਸਿੰਘ, ਅਰਸ਼ਦੀਪ ਸਿੰਘ, ਗੁਰਸ਼ਰਨ ਸਿੰਘ, ਸਰਵਣ ਸਿੰਘ ਅਤੇ ਮੁਕੇਸ਼ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਭੁਪਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਫ਼ਰਾਰ ਹਨ। ਪੁਲਿਸ ਦੇ ਮੁਤਾਬਿਕ ਦੋਸ਼ੀ ਮੁਕੇਸ਼ ਕੁਮਾਰ ਅਤੇ ਅਰਸ਼ਦੀਪ ਲੁੱਟੀਆਂ ਹੋਈਆਂ ਗੱਡੀਆਂ ਦੇ ਲਈ ਨੰਬਰ ਪਲੇਟ ਤਿਆਰ ਕਰਦੇ ਸੀ। ਇਸ ਗਿਰੋਹ ਨੇ ਫਾਰਚੂਨਰ ਮੱਖੂ ਤੋਂ ਲੁੱਟੀ ਸੀ।

ਇਸ ਤੋਂ ਇਲਾਵਾ ਗੈਂਗ ਦੇ ਮੈਂਬਰਾਂ ਨੇ 11 ਅਕਤੂਬਰ ਨੂੰ ਇਕ ਮੋਟਰਸਾਇਕਲ ‘ਤੇ ਦਸ਼ਮੇਸ਼ ਕੰਪਲੈਕਸ ਜਗਰਾਓ ‘ਚ ਵੱਖ-ਵੱਖ ਬੈਂਕਾਂ ‘ਚ ਪੈਸੇ ਇਕੱਠੇ ਕਰਨ ਵਾਲੇ ਗੁਰਵਿੰਦਰ ਸਿੰਘ ਤੋਂ 2.50 ਲੱਖ ਰੁਪਏ ਲੁੱਟੇ ਸੀ।