ਸੁਲਤਾਨਪੁਰ ਲੋਧੀ ਵਿਖੇ ਧਾਰਮਕ ਸਮਾਗਮ ਤੇ ਵਿਸ਼ਾਲ ਮਹੱਲਾ ਅੱਜ : ਬਾਬਾ ਬਲਬੀਰ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਤੇ ਬੁੱਢਾ ਦਲ ਵਲੋਂ ਧਾਰਮਕ ਦੀਵਾਨ ਸਜਾਏ ਜਾਣਗੇ।

Baba Balbir Singh

ਸੁਲਤਾਨਪੁਰ ਲੋਧੀ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸ਼ਤਾਬਦੀ ਸਮਾਗਮਾਂ ਪ੍ਰਤੀ ਸੰਗਤਾਂ ਵਿਚ ਭਾਰੀ ਸ਼ਰਧਾ ਤੇ ਉਤਸ਼ਾਹ ਪਾਇਆ ਜਾ ਰਿਹਾ ਹੈ। ਇਹ ਸ਼ਬਦ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ ਮੁਖੀ 96ਵੇਂ ਕਰੋੜੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਵਲੋਂ ਗੁਰਦੁਆਰਾ ਸ੍ਰੀ ਹੱਟ ਸਾਹਿਬ ਨੇੜੇ ਪੁਰਾਤਨ ਗੁਰਦੁਆਰਾ ਸਾਹਿਬ ਵਿਖੇ ਚਲ ਰਹੇ ਸ਼ਤਾਬਦੀ ਸਮਾਗਮਾਂ ਮੌਕੇ ਅਤੇ ਅੱਜ ਸਜਾਏ ਜਾ ਰਹੇ ਮਹੱਲੇ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਉਪਰੰਤ ਕਹੇ।

ਉਨ੍ਹਾਂ ਦਸਿਆ ਕਿ ਸ਼ਤਾਬਦੀ ਸਮਾਗਮ ਦੇ ਮੱਦੇਨਜ਼ਰ ਗੁਰਦੁਆਰਾ ਬਾਬਾ ਬੁੱਢਾ ਦਲ ਪੰਜਵਾਂ ਤਖ਼ਤ ਸੁਲਤਾਨਪੁਰ ਲੋਧੀ ਦੇ ਦਰਬਾਰ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਦੇ ਪਾਠਾਂ ਦੀ ਲੜੀ ਚਲ ਰਹੀ ਹੈ ਤੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਤੇ ਬੁੱਢਾ ਦਲ ਵਲੋਂ ਇਸ ਮੌਕੇ ਧਾਰਮਕ ਦੀਵਾਨ ਸਜਾਏ ਜਾਣਗੇ। ਸਮਾਗਮ ਉਪਰੰਤ ਅੰਮ੍ਰਿਤ ਸੰਚਾਰ ਵੀ ਕੀਤਾ ਜਾਵੇਗਾ। ਬਾਬਾ ਬਲਬੀਰ ਸਿੰਘ ਦੀ ਅਗਵਾਈ ਵਿਚ ਜਥੇਬੰਦੀਆਂ ਵਲੋਂ ਪੁਰਾਤਨ ਰਵਾਇਤ ਮੁਤਾਬਕ ਪੂਰੇ ਜਾਹੋ ਜਲਾਲ ਨਾਲ ਵਿਸ਼ਾਲ ਖ਼ਾਲਸਾਈ ਮਹੱਲਾ ਕਢਿਆ ਜਾਵੇਗਾ। ਇਸ ਮਹੱਲੇ ਵਾਸਤੇ ਸੱਭ ਤਿਆਰੀਆਂ ਮੁਕੰਮਲ ਕੀਤੀਆਂ ਜਾ ਰਹੀਆਂ ਹਨ ਤੇ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।

ਇਸ ਮੌਕੇ ਬਾਬਾ ਬੁੱਢਾ ਦਲ ਦੇ ਮੀਡੀਆ ਸਕੱਤਰ ਦਿਲਜੀਤ ਸਿੰਘ ਨੇ ਦਸਿਆ ਕਿ ਮਹੱਲੇ ਮੌਕੇ ਘੋੜਿਆਂ ਦੀਆਂ ਦੌੜਾਂ ਤੇ ਸਿੰਘਾਂ ਦੇ ਵਿਰਸਾ ਸੰਭਾਲ ਗਤਕਾ ਮੁਕਾਬਲੇ ਕਰਵਾਏ ਜਾਣਗੇ। ਇਸ ਮੌਕੇ ਬਾਬਾ ਜੱਸਾ ਸਿੰਘ,ਬਾਬਾ ਸਰਵਨ ਸਿੰਘ, ਬਾਬਾ ਵਿਸ਼ਵਪ੍ਰਤਾਪ ਸਿੰਘ, ਭਾਈ ਲੱਖਾ ਸਿੰਘ, ਬਾਬਾ ਪਿਆਰਾ ਸਿੰਘ, ਭਾਈ ਹਰਪ੍ਰੀਤ ਸਿੰਘ ਹੈਪੀ, ਨਿਰਵੈਰ ਸਿੰਘ, ਭਾਈ ਸੁਖਚੈਨ ਸਿੰਘ, ਬਾਬਾ ਰਣਯੋਧ ਸਿੰਘ, ਭਾਈ ਜਸਬੀਰ ਸਿੰਘ ਸੇਵਾਦਾਰ, ਦਲੇਰ ਸਿੰਘ, ਗੁਰਮੁਖ ਸਿੰਘ, ਭਾਈ ਜਗਜੀਤ ਸਿੰਘ ਸੁਲਤਾਨਪੁਰ ਲੋਧੀ, ਭਾਈ ਪ੍ਰਦੀਪ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿਚ ਸੇਵਾਦਰ ਹਾਜ਼ਰ ਸਨ।