ਸਿੱਖ ਵਿਰਸੇ ਦੀ ਸੰਭਾਲ ਲਈ ਅੱਜ ਹਰ ਘਰ ਵਿਚ ਮਾਈ ਭਾਗੋ ਦੀ ਲੋੜ : ਜਥੇਦਾਰ ਹਵਾਰਾ ਕਮੇਟੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਰਬੱਤ ਖ਼ਾਲਸਾ  ਵਲੋਂ ਥਾਪੇ ਗਏ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਦਿਸ਼ਾ ਨਿਰਦੇਸ਼ਾਂ 'ਤੇ ਕਾਰਜਸ਼ੀਲ ਹਵਾਰਾ ਕਮੇਟੀ...

Photo

ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ): ਸਰਬੱਤ ਖ਼ਾਲਸਾ  ਵਲੋਂ ਥਾਪੇ ਗਏ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਦਿਸ਼ਾ ਨਿਰਦੇਸ਼ਾਂ 'ਤੇ ਕਾਰਜਸ਼ੀਲ ਹਵਾਰਾ ਕਮੇਟੀ ਨੇ ਮਾਘੀ ਦੇ ਮੁਕੱਦਸ ਦਿਵਸ 'ਤੇ ਸਿੱਖ ਕੌਮ ਨੂੰ ਸੁਨੇਹਾ ਦਿੱਤਾ।

ਇਸ ਸੁਨੇਹੇ ਵਿਚ ਉਹਨਾਂ ਕਿਹਾ ਹੈ ਕਿ ਅੱਜ ਦੁਨਿਆਵੀ ਸ਼ੋਹਰਤ, ਪਦਵੀਆਂ ਦੀ ਲਾਲਸਾ ਅਤੇ ਰਾਜਸੀ ਆਗੂਆਂ ਦੀ ਚਾਪਲੂਸੀ ਕਾਰਨ ਗੁਰੂ ਤੋਂ ਬੇਮੁਖ ਹੋ ਕੇ ਬੇਦਾਵਾ ਦੇਣ ਵਾਲੇ ਸਿੱਖਾਂ ਅਤੇ ਧਾਰਮਕ ਆਗੂਆਂ ਦੀ ਗਿਣਤੀ ਵਿਚ ਹਰ ਰੋਜ਼ ਵੱਡਾ ਵਾਧਾ ਹੋ ਰਿਹਾ ਹੈ ਜੋ ਕਿ ਕੌਮੀ ਭਵਿੱਖ ਲਈ ਸਾਡੇ ਸਾਰਿਆਂ ਵਾਸਤੇ ਚਿੰਤਾ ਦਾ ਵਿਸ਼ਾ ਹੈ।

ਗੁਰੂ ਨੂੰ ਬੇਦਾਵਾ ਲਿਖ ਕੇ ਦੇਣ ਵਾਲੇ 40 ਸਿੰਘਾਂ ਨੂੰ ਪੰਥਕ ਸਫ਼ਾਂ ਵਿਚ ਇਤਿਹਾਸਕ ਤੌਰ 'ਤੇ ਸਦੀਵੀ ਸਥਾਨ ਦਿਵਾਉਣ ਵਾਲੀ ਸਾਹਸ, ਦਲੇਰ ਅਤੇ ਜੰਗਬਾਜ਼ ਮਾਈ ਭਾਗੋ (ਮਾਤਾ ਭਾਗ ਕੌਰ) ਦੀ ਅੱਜ ਹਰ ਸਿੱਖ ਪਰਵਾਰ ਨੂੰ ਲੋੜ ਹੈ ਤਾਂ ਜੋ ਬੇਦਾਵਾ ਦੇਣ ਵਾਲਆਿਂ ਦੀ ਆਤਮਾ ਨੂੰ ਝੰਜੋੜਿਆ ਜਾ ਸਕੇ।

ਇਹ ਵਿਚਾਰ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਦੇ ਮੁੱਖ ਬੁਲਾਰੇ ਪ੍ਰੋਫ਼ੈਸਰ ਬਲਜਿੰਦਰ ਸਿੰਘ, ਮਾਸਟਰ ਸੰਤੋਖ ਸਿੰਘ, ਪ੍ਰਿੰਸੀਪਲ ਚਰਨਜੀਤ ਸਿੰਘ ਅਤੇ ਮਹਾਂਬੀਰ ਸਿੰਘ ਸੁਲਤਾਨਵਿੰਡ ਨੇ ਸਾਂਝੇ ਤੌਰ 'ਤੇ ਦਿਤੇ।

ਕਮੇਟੀ ਆਗੂਆਂ ਨੇ ਕਿਹਾ ਕਿ ਪੰਥਕ ਜਥੇਬੰਦੀਆਂ, ਵਿਦਿਆਰਥੀ ਫ਼ੈਡਰੇਸ਼ਨਾਂ, ਸਿੱਖ ਸਕੂਲਾਂ, ਕਾਲਜਾਂ ਦੀਆਂ ਪ੍ਰਬੰਧਕ ਕਮੇਟੀਆਂ ਦਾ ਇਹ ਕੌਮੀ ਫ਼ਰਜ਼ ਬਣਦਾ ਹੈ ਕਿ ਉਹ ਨੌਜਵਾਨ ਲੜਕੇ ਲੜਕੀਆਂ ਲਈ ਗੁਰਮਤਿ ਕੈਂਪ ਲਗਵਾ ਕੇ ਉਨ੍ਹਾਂ ਨੂੰ ਸਾਹਿਬਜ਼ਾਦਿਆਂ ਦੇ ਲਾਸਾਨੀ ਇਤਿਹਾਸ ਤੋਂ ਜਾਣੂ ਕਰਵਾਉਣ ਅਤੇ ਉਨ੍ਹਾਂ ਵਿਚ ਖ਼ਾਲਸਾਈ ਜਜ਼ਬਾ ਭਰਨ ਸਮੇਂ ਦੀ ਮੰਗ ਹੈ ਕਿ ਲੜਕੀਆਂ ਨੂੰ ਮਾਈ ਭਾਗ ਕੌਰ ਤੋਂ ਇਲਾਵਾ ਬੇਬੇ ਨਾਨਕੀ, ਮਾਤਾ ਖੀਵੀ, ਬੀਬੀ ਭਾਨੀ, ਮਾਤਾ ਗੁਜਰ ਕੌਰ, ਮਾਤਾ ਸਾਹਿਬ ਕੌਰ, ਬੀਬੀ ਹਰਸਰਨ ਕੌਰ ਆਦਿ ਦੇ ਜੀਵਨ ਨੂੰ ਆਦਰਸ਼ ਬਣਾ ਕੇ ਗੁਰਸਿੱਖੀ ਦੇ ਮਾਰਗ ਦਾ ਪਾਂਧੀ ਬਣਾਇਆ ਜਾਵੇ।

ਉਨ੍ਹਾਂ ਕਿਹਾ ਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਚਾਹੁੰਦੇ ਹਨ ਕਿ ਆਉਣ ਵਾਲੇ 20 ਸਾਲਾ ਦੀ ਯੋਜਨਾ ਬਣਾ ਕੇ ਨੌਜਵਾਨਾਂ ਨੂੰ ਸਿੱਖ ਵਿਰਸੇ ਨਾਲ ਜੋੜੀਏ। ਇਸ ਮਕਸਦ ਦੀ ਪ੍ਰਾਪਤੀ ਲਈ ਕਮੇਟੀ ਮੈਂਬਰ ਪੈਦਲ ਚਲ ਕੇ ਹਰ ਇਕ ਕੋਲ ਜਾਣ ਲਈ ਤਿਆਰ ਹਨ।