ਫ਼ੌਜ ਦਾ ਅਸਲਾ ਚੋਰੀ ਕਰਨ ਵਾਲਾ ਕੈਦੀ ਹਸਪਤਾਲ ਚੋਂ ਹੋਇਆ ਨੌਂ ਦੋ ਗਿਆਰਾਂ

ਏਜੰਸੀ

ਖ਼ਬਰਾਂ, ਪੰਜਾਬ

ਪੁਲਿਸ ਦੀ ਵੱਡੀ ਲਾਪਰਵਾਹੀ ਆਈ ਸਾਹਮਣੇ

File Photo

ਚੰਡੀਗੜ੍ਹ : ਹੁਸ਼ਿਆਰਪੁਰ ਦੇ ਸਿਵਿਲ ਹਸਪਤਾਲ ਵਿਚ ਪੁਲਿਸ ਦੀ ਇਕ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਦਰਅਸਲ ਇੱਥੇ ਇਲਾਜ ਦੇ ਲਈ ਦਾਖਲ ਇਕ ਖਤਰਨਾਕ ਕੈਦੀ ਪੁਲਿਸ ਨੂੰ ਚੱਕਮਾ ਦੇ ਕੇ ਫਰਾਰ ਹੋ ਗਿਆ ਹੈ।

ਜਾਣਕਾਰੀ ਮੁਤਾਬਕ ਹਰਪ੍ਰੀਤ ਸਿੰਘ ਨਾਮ ਦਾ ਕੈਦੀ ਮੱਧ ਪ੍ਰਦੇਸ਼ ਦੇ ਇਕ ਆਰਮੀ ਕੈਂਪ ਵਿਚੋਂ ਆਰਮੀ ਅਧਿਕਾਰੀ ਦਾ ਭੇਸ ਬਣਾ ਕੇ ਫ਼ੌਜ ਦੀ ਅਸਾਸ ਰਾਈਫਲ ਚੋਰੀ ਕਰਕੇ ਪੰਜਾਬ ਲਿਆਇਆ ਸੀ ਜਿਸ ਨੇ ਇਕ ਵੱਡੀ ਅੱਤਵਾਦੀ ਘਟਨਾ ਨੂੰ ਅੰਜਾਮ ਦੇਣਾ ਸੀ ਪਰ ਟਾਂਡਾ ਪੁਲਿਸ ਨੇ ਆਰੋਪੀ ਹਰਪ੍ਰੀਤ ਦੀ ਸਾਜਿਸ ਨੂੰ ਨਾਕਾਮ ਕਰਦਿਆਂ ਉਸਨੂੰ ਉਸ ਦੇ ਹੋਰ ਚਾਰ ਸਾਥੀਆਂ ਨਾਲ ਗਿਰਫ਼ਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਸੀ ਅਤੇ ਉਨ੍ਹਾਂ ਨੂੰ ਹੁਸ਼ਿਆਰਪੁਰ ਦੀ ਕੇਂਦਰੀ ਜੇਲ੍ਹ ਵਿਚ ਰੱਖਿਆ ਗਿਆ ਸੀ।

ਆਰੋਪੀ ਹਰਪ੍ਰੀਤ ਕੁੱਝ ਦਿਨਾਂ ਤੋਂ ਬੀਮਾਰ ਚੱਲ ਰਿਹਾ ਸੀ ਜਿਸ ਕਰਕੇ ਉਸ ਨੂੰ ਹੁਸ਼ਿਆਰਪੁਰ ਦੇ ਸਰਕਾਰੀ ਹਸਪਤਾਲ ਵਿਚ ਦਾਖਿਲ ਕਰਵਾਇਆ ਗਿਆ ਸੀ ਪਰ ਅੱਜ ਸਵੇਰੇ ਕਰੀਬ 6 ਵਜੇ ਉਹ ਪਿਸ਼ਾਬ ਦਾ ਬਹਾਨਾ ਲਗਾ ਕੇ ਬਾਥਰੂਮ ਗਿਆ ਅਤੇ ਪੁਲਿਸ ਮੁਲਾਜ਼ਮ ਨੂੰ ਧੱਕਾ ਦੇ ਕੇ ਰੱਫੂ ਚੱਕਰ ਹੋ ਗਿਆ।

ਦੂਜੇ ਪਾਸੇ ਪੁਲਿਸ ਵੀ ਇਸ ਮਾਮਲੇ ਵਿਚ ਕੋਤਾਹੀ ਵਰਤੇ ਜਾਣ ਦੀ ਗੱਲ ਮੰਨ ਰਹੀ ਹੈ ।ਪੁਲਿਸ ਦਾ ਕਹਿਣਾ ਹੈ ਕਿ ਮੁਲਾਜ਼ਮਾ ਵੱਲੋਂ ਕਿਤੇ ਨਾ ਕਿਤੇ ਢੀਲ ਵਰਤੀ ਗਈ ਹੈ ਜਿਸ ਕਰਕੇ ਆਰੋਪੀ ਭੱਜਣ ਵਿਚ ਕਾਮਯਾਬ ਹੈ ਗਿਆ। ਪੁਲਿਸ ਨੇ ਦੱਸਿਆ ਹੈ ਕਿ ਆਰੋਪੀ ਦੀ ਭਾਲ ਕੀਤੀ ਜਾ ਰਹੀ ਹੈ।