ਕੈਦੀਆਂ ਵੱਲੋਂ ਹਵਾਲਾਤੀ ਦੀ ਕੁੱਟਮਾਰ, ਕੱਪੜੇ ਉਤਰਵਾ ਕੇ ਬਣਾਈ ਵੀਡੀਓ  

ਏਜੰਸੀ

ਖ਼ਬਰਾਂ, ਪੰਜਾਬ

ਪੰਜਬ 'ਚ ਇਕ ਦੂਜੇ ਨੂੰ ਕੁੱਟਮਾਰ ਕਰਨ ਦੇ ਮਾਮਲੇ ਤਾਂ ਅਕਸਰ ਸਾਹਮਣੇ ਆਉਂਦੇ ਹੀ ਰਹਿੰਦੇ ਹਨ। ਤੇ ਹੁਣ ਜੇਲ੍ਹ 'ਚ ਬੰਦ ਹਵਾਲਾਤੀ ਨੂੰ ਬੁਰੀ ਤਰ੍ਹਾਂ ਕੁੱਟਣ ਅਤੇ ਉਸ

File Photo

ਅੰਮ੍ਰਿਤਸਰ : ਪੰਜਬ 'ਚ ਇਕ ਦੂਜੇ ਨੂੰ ਕੁੱਟਮਾਰ ਕਰਨ ਦੇ ਮਾਮਲੇ ਤਾਂ ਅਕਸਰ ਸਾਹਮਣੇ ਆਉਂਦੇ ਹੀ ਰਹਿੰਦੇ ਹਨ। ਤੇ ਹੁਣ ਜੇਲ੍ਹ 'ਚ ਬੰਦ ਹਵਾਲਾਤੀ ਨੂੰ ਬੁਰੀ ਤਰ੍ਹਾਂ ਕੁੱਟਣ ਅਤੇ ਉਸ ਦੇ ਕੱਪੜੇ ਉਤਾਰ ਕੇ ਉਸ ਦੀ ਵੀਡੀਓ ਬਣਾਉਣ ਦੇ ਮਾਮਲੇ ਵਿਚ ਥਾਣਾ ਇਸਲਾਮਾਬਾਦ ਦੀ ਪੁਲਸ ਨੇ ਵਧੀਕ ਜੇਲ੍ਹ ਸੁਪਰਡੈਂਟ ਗੁਰਬਚਨ ਸਿੰਘ ਦੀ ਸ਼ਿਕਾਇਤ 'ਤੇ ਕੈਦੀ ਜਗਦੀਪ ਸਿੰਘ ਜੱਗੀ ਨਿਵਾਸੀ ਰਾਨੀਵਾਲਾ, ਕੈਦੀ ਵਿਸ਼ਾਲ ਕੁਮਾਰ ਨਿਵਾਸੀ ਭਿੱਖੀਵਿੰਡ ਅਤੇ ਜੰਗ ਬਹਾਦੁਰ ਉਰਫ਼ ਜੰਗ ਨਿਵਾਸੀ ਝੱਬਾਲ ਅਤੇ ਗੁਰਜਿੰਦਰਜੀਤ ਸਿੰਘ ਨਿਵਾਸੀ ਚੋਹਲਾ ਸਾਹਿਬ ਵਿਰੁੱਧ ਕੇਸ ਦਰਜ ਕੀਤਾ ਹੈ।

ਵਧੀਕ ਜੇਲ੍ਹ ਸੁਪਰਡੈਂਟ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਬੀਤੇ ਦਿਨ ਹਵਾਲਾਤੀ ਗੁਰਜਿੰਦਰ ਸਿੰਘ ਉਸ ਕੋਲ ਆਇਆ ਅਤੇ ਕਹਿਣ ਲੱਗਾ ਕਿ ਉਸ ਦੀ ਕੈਦੀ ਜਗਦੀਪ, ਵਿਸ਼ਾਲ ਅਤੇ ਜੰਗ ਬਹਾਦੁਰ ਨਾਲ ਪੁਰਾਣੀ ਰੰਜਿਸ਼ ਸੀ, ਜਿਸ ਵਿਚ ਸਾਰੇ ਕੈਦੀਆਂ ਨੇ ਵਿਉਂਤਬੱਧ ਢੰਗ ਨਾਲ ਉਸ ਨੂੰ ਬੈਰਕ ਨੰਬਰ 7 ਵਿਚ ਸੱਦਿਆ ਅਤੇ ਉਸ ਦੀ ਬੁਰੀ ਤਰ੍ਹਾਂ ਨਾਲ ਮਾਰ-ਕੁਟਾਈ ਕੀਤੀ।

ਇਸ ਤੋਂ ਬਾਅਦ ਮੁਲਜ਼ਮਾਂ ਨੇ ਉਸ ਦੇ ਕੱਪੜੇ ਉਤਾਰ ਦਿੱਤੇ ਅਤੇ ਮੋਬਾਇਲ 'ਤੇ ਉਸ ਦੀ ਵੀਡੀਓ ਵੀ ਬਣਾ ਲਈ। ਵੀਡੀਓ ਬਣਾਉਣ ਤੋਂ ਬਾਅਦ ਉਸ ਨੂੰ ਜਿੱਥੇ ਵਾਇਰਲ ਕਰਨ ਦੀਆਂ ਧਮਕੀਆਂ ਦਿੱਤੀਆਂ ਉਥੇ ਹੀ ਉਨ੍ਹਾਂ ਕਿਹਾ ਕਿ ਉਹ ਇਸ ਬਾਰੇ ਵਿਚ ਕਿਸੇ ਨੂੰ ਵੀ ਦੱਸੇਗਾ ਤਾਂ ਉਸ ਨੂੰ ਜਾਨੋਂ ਮਾਰ ਦੇਣਗੇ। ਗੁਰਜੀਤ ਸਿੰਘ ਦੇ ਕਹਿਣ 'ਤੇ ਵਧੀਕ ਜੇਲ ਸੁਪਰਡੈਂਟ ਵੱਲੋਂ ਕੈਦੀਆਂ ਵਿਰੁੱਧ ਅਪਰਾਧਿਕ ਮਾਮਲਾ ਦਰਜ ਕਰਵਾ ਦਿੱਤਾ ਗਿਆ ਹੈ ਪਰ ਵੀਡੀਓ ਬਣਾਉਣ ਵਾਲਾ ਮੋਬਾਇਲ ਫੋਨ ਜੇਲ੍ਹ ਵਿਚ ਬੰਦ ਇਨ੍ਹਾਂ ਕੈਦੀਆਂ ਕੋਲ ਕਿੱਥੋਂ ਆਇਆ ਇਹ ਇਕ ਵੱਡਾ ਸਵਾਲ ਹੈ।

ਜੇਕਰ ਇਸ ਵਿਚ ਸੱਚਾਈ ਹੈ ਤਾਂ ਇਨ੍ਹਾਂ ਕੈਦੀਆਂ ਨਾਲ ਉਨ੍ਹਾਂ ਜੇਲ ਅਧਿਕਾਰੀਆਂ 'ਤੇ ਵੀ ਕਾਰਵਾਈ ਬਣਦੀ ਹੈ ਜਿਨ੍ਹਾਂ ਦੀ ਮਿਲੀਭਗਤ ਨਾਲ ਇਹ ਕੈਦੀ ਮੋਬਾਇਲ ਫੋਨ ਅੰਦਰ ਲੈ ਕੇ ਆਏ ਸਨ। ਇਹ ਇਕ ਗੰਭੀਰ ਜਾਂਚ ਦਾ ਵਿਸ਼ਾ ਹੈ। ਇਸ ਸਬੰਧੀ ਵਧੀਕ ਜੇਲ੍ਹ ਸੁਪਰਡੈਂਟ ਗੁਰਬਚਨ ਸਿੰਘ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਪਰਚਾ ਦਰਜ ਕਰਵਾ ਦਿੱਤਾ ਗਿਆ ਹੈ। ਫਿਲਹਾਲ ਜਾਂਚ ਦੌਰਾਨ ਕਿਸੇ ਵੀ ਕੈਦੀ ਦੇ ਕਬਜ਼ੇ 'ਚੋਂ ਕੋਈ ਮੋਬਾਇਲ ਫੋਨ ਨਹੀਂ ਬਰਾਮਦ ਕੀਤਾ ਗਿਆ। ਹੁਣ ਇਸ ਮਾਮਲੇ ਵਿਚ ਅੱਗੇ ਦੀ ਜਾਂਚ ਪੁਲਿਸ ਕਰੇਗੀ।