ਕੀ ਸ਼੍ਰੋਮਣੀ ਕਮੇਟੀ ਚੋਣਾਂ ਕਰਵਾਉਣ ਦਾ ਸਮਾਂ ਆ ਗਿਆ ਹੈ?

ਏਜੰਸੀ

ਖ਼ਬਰਾਂ, ਪੰਜਾਬ

ਟਕਸਾਲੀ ਆਗੂਆਂ ਵਲੋਂ ਸਰਗਰਮੀਆਂ ਤੇਜ਼

file photo

ਚੰਡੀਗੜ੍ਹ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਉਣ ਨੂੰ ਲੈ ਕੇ ਪੰਜਾਬ ਦੇ ਸਿਆਸੀ ਗਲਿਆਰਿਆਂ ਅੰਦਰ ਸਰਗਰਮੀਆਂ ਵਧਦੀਆਂ ਜਾ ਰਹੀਆਂ ਹਨ। ਪੰਜਾਬ ਦੀਆਂ ਸਾਰੀਆਂ ਸਿਆਸੀ ਧਿਰਾਂ ਇਸ ਤੱਥ ਨੂੰ ਭਲੀਭਾਂਤ ਜਾਣਦੀਆਂ ਹਨ ਕਿ ਪੰਜਾਬ ਅੰਦਰਲੀਆਂ ਧਾਰਮਿਕ ਸੰਸਥਾਵਾਂ ਉਪਰੋਂ ਬਾਦਲ ਪਰਵਾਰ ਦਾ ਕਬਜ਼ਾ ਤੋੜੇ ਬਗੈਰ ਸਿਆਸੀ ਥਾਂ ਪੱਕੀ ਕਰਨੀ ਮੁਸ਼ਕਲ ਹੈ।

ਇਹੀ ਕਾਰਨ ਹੈ ਕਿ ਪਹਿਲਾ ਬੇਅਦਬੀ ਘਟਨਾਵਾਂ ਕਾਰਨ ਹਾਸ਼ੀਏ 'ਤੇ ਆਉਣ ਅਤੇ ਬਾਅਦ 'ਚ ਪਾਰਟੀ ਅੰਦਰਲੀ ਬਗਾਵਤ ਕਾਰਨ ਸ਼੍ਰੋਮਣੀ ਅਕਾਲੀ ਦਲ ਇਸ ਸਮੇਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨੂੰ ਟਾਲਣ ਦੇ ਮੂੜ 'ਚ ਹੈ ਜਦਕਿ ਵਿਰੋਧੀ ਧਿਰ ਖ਼ਾਸ ਕਰ ਕੇ ਬਾਗੀ ਟਕਸਾਲੀ ਆਗੂ ਇਨ੍ਹਾਂ ਚੋਣਾਂ ਨੂੰ ਛੇਤੀ ਤੋਂ ਛੇਤੀ ਕਰਵਾਉਣ ਲਈ ਉਤਸਕ ਹਨ।

ਅਕਾਲੀ ਦਲ ਵਿਚੋਂ ਹੁਣੇ ਹੁਣੇ ਮੁਅੱਤਲ ਕੀਤੇ ਗਏ ਟਕਸਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਛੇਤੀ ਨੇਪਰੇ ਚਾੜ੍ਹਣ ਦੇ ਮਕਸਦ ਨਾਲ ਅਪਣੀਆਂ ਸਰਗਰਮੀਆਂ ਤੇਜ਼ ਕਰ ਦਿਤੀਆਂ ਹਨ।

ਇਸ ਸਬੰਧੀ ਉਹ ਛੇਤੀ ਹੀ ਕੇਂਦਰੀ ਗ੍ਰਹਿ ਮੰਤਰੀ ਨਾਲ ਮੁਲਾਕਾਤ ਦਾ ਮਨ ਬਣਾ ਚੁੱਕੇ ਹਨ। ਸੁਖਦੇਵ ਸਿੰਘ ਢੀਂਡਸਾ ਅਨੁਸਾਰ ਉਨ੍ਹਾਂ ਵਲੋਂ ਕੇਂਦਰੀ ਗ੍ਰਹਿ ਮੰਤਰੀ ਨਾਲ ਮੁਲਾਕਾਤ ਕਰ ਕੇ ਸ਼੍ਰੋਮਣੀ ਕਮੇਟੀ ਦੇ ਚੋਣ ਅਫ਼ਸਰ ਲਾਉਣ ਦੀ ਮੰਗ ਕੀਤੀ ਜਾਵੇਗੀ।

ਇਸ ਤੋਂ ਇਲਾਵਾ ਕੁੱਝ ਕਾਂਗਰਸ ਅੰਦਰਲੇ ਸਿੱਖ ਆਗੂ ਵੀ ਇਸ ਸਬੰਧੀ ਆਵਾਜ਼ ਉਠਾ ਚੁੱਕੇ ਹਨ। ਆਮ ਆਦਮੀ ਪਾਰਟੀ ਨਾਲੋਂ ਤੋੜ ਵਿਛੋੜਾ ਕਰ ਚੁੱਕੇ ਸੀਨੀਅਰ ਵਕੀਲ ਐਚਐਸ ਫੁਲਕਾ ਨੇ ਵੀ ਸ਼੍ਰੋਮਣੀ ਕਮੇਟੀ ਚੋਣਾਂ ਛੇਤੀ ਕਰਵਾਉਣ ਲਈ ਮੋਰਚਾ ਖੋਲ੍ਹਿਆ ਹੋਇਆ ਹੈ।

ਕਾਬਲੇਗੌਰ ਹੈ ਕਿ  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦਾ ਮਾਮਲਾ ਸਾਲ 2011 ਤੋਂ ਅਟਕਿਆ ਹੋਇਆ ਹੈ। 2011 ਤੋਂ ਬਾਅਦ ਅੱਜ ਤਕ ਸ਼੍ਰੋਮਣੀ ਕਮੇਟੀ ਚੋਣ ਨਹੀਂ ਹੋ ਸਕੀ। ਸਹਿਜਧਾਰੀ ਵੋਟਰਾਂ ਦਾ ਮਾਮਲਾ ਅਦਾਲਤ ਵਿਚ ਹੋਣ ਕਾਰਨ ਸ਼੍ਰੋਮਣੀ ਕਮੇਟੀ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਵੀ ਰੁਕੀ ਹੋਈ ਸੀ ਜੋ ਹੁਣ ਮਾਮਲੇ ਦਾ ਨਿਬੇੜਾ ਹੋਣ ਬਾਅਦ ਹੋਣ ਦੇ ਅਸਾਰ ਹਨ।

ਸ਼੍ਰੋਮਣੀ ਕਮੇਟੀ ਚੋਣਾਂ ਲਈ ਸਾਰੀਆਂ ਪੰਥਕ ਧਿਰਾਂ ਕਾਫ਼ੀ ਉਤਸੁਕ ਨਜ਼ਰ ਆ ਰਹੀਆਂ ਹਨ। ਟਕਸਾਲੀ ਆਗੂਆਂ ਵਲੋਂ ਸਾਂਝਾ ਮੰਚ ਉਸਾਰਨ ਦੇ ਮਕਸਦ ਨਾਲ ਦੂਜੇ ਅਕਾਲੀ ਦਲਾਂ ਦੇ ਆਗੂਆਂ ਨਾਲ ਸੰਪਰਕ ਸਾਧਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ।

ਟਕਸਾਲੀ ਆਗੂਆਂ ਵਲੋਂ ਲੋਕ ਇਨਸਾਫ਼ ਪਾਰਟੀ ਦੇ ਆਗੂ ਬੈਂਸ ਭਰਾਵਾਂ ਤੋਂ ਇਲਾਵਾ ਸੁਖਪਾਲ ਸਿੰਘ ਖਹਿਰਾ ਨੂੰ ਇਸ ਮੰਚ 'ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਮੰਚ ਦੇ ਹੋਂਦ ਵਿਚ ਆਉਣ ਦੀ ਸੂਰਤ 'ਚ ਸ਼੍ਰੋਮਣੀ ਅਕਾਲੀ ਦਲ ਨੂੰ ਸ਼੍ਰੋਮਣੀ ਕਮੇਟੀ ਚੋਣਾਂ 'ਚ ਵੱਡੀ ਚੁਨੌਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।