ਪੰਜਾਬੀਆਂ ਨੂੰ 'ਮਹਿੰਗਾ' ਪੈਣ ਜਾ ਰਿਹੈ ਬੰਦੂਕਾਂ ਦਾ ਸ਼ੌਕ!

ਏਜੰਸੀ

ਖ਼ਬਰਾਂ, ਪੰਜਾਬ

ਗਨ ਕਲਚਰ ਕਾਰਨ ਹਾਦਸਿਆਂ 'ਚ ਚਿੰਤਾਜਨਕ ਵਾਧਾ

file photo

ਚੰਡੀਗੜ੍ਹ : ਹਥਿਆਰਾਂ ਦਾ ਸ਼ੌਕ ਪੰਜਾਬੀਆਂ ਲਈ ਨਵਾਂ ਬਗੇੜਾ ਖੜ੍ਹਾ ਕਰਦਾ ਨਜ਼ਰ ਆ ਰਿਹਾ ਹੈ। ਵਿਆਹ ਸਮਾਗਮਾਂ ਅੰਦਰ ਹਥਿਆਰ ਲੈ ਕੇ ਜਾਣ 'ਤੇ ਪਾਬੰਦੀ ਲੱਗੀ ਹੋਣ ਦੇ ਬਾਵਜੂਦ ਪੰਜਾਬੀ ਹਥਿਆਰਾਂ ਨੂੰ ਵਿਆਹ ਸਮਾਗਮਾਂ 'ਚ ਲੈ ਕੇ ਜਾਣ ਲਈ ਬਜਿੱਦ ਹਨ। ਪੰਜਾਬੀਆਂ ਦਾ ਇਹੀ ਸ਼ੌਕ ਖੁਸ਼ੀਆਂ ਨੂੰ ਗਮੀਆਂ 'ਚ ਬਦਲਣ ਦਾ ਕਾਰਨ ਬਣਦਾ ਜਾ ਰਿਹਾ ਹੈ।

ਆਏ ਦਿਨ ਵਿਆਹ ਸਮਾਗਮਾਂ ਅੰਦਰ ਚੱਲੀ ਗੋਲੀ ਕਾਰਨ ਕਿਸੇ ਨਾ ਕਿਸੇ ਮਾਸੂਮ ਦੀ ਜਾਨ ਚਲੇ ਜਾਣ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ। ਇਸ ਦੇ ਬਾਵਜੂਦ ਪੰਜਾਬੀਆਂ ਦੇ ਇਸ ਸ਼ੌਕ 'ਚ ਕੋਈ ਕਮੀ ਨਹੀਂ ਆ ਰਹੀ। ਮਾਹਿਰਾਂ ਮੁਤਾਬਕ ਪੰਜਾਬੀ ਗਾਇਕਾਂ ਵਲੋਂ ਅਪਣੇ ਗੀਤਾਂ ਰਾਹੀਂ ਹਥਿਆਰਾਂ ਦਾ ਸ਼ਰੇਆਮ ਪ੍ਰਦਰਸ਼ਨ ਕਰਨਾ ਵੀ ਪੰਜਾਬੀਆਂ ਦੇ ਇਸ ਸ਼ੌਕ ਨੂੰ ਹਵਾਂ ਦਿੰਦਾ ਹੈ।

ਹੁਣ ਲਾਇਸੈਂਸੀ ਹਥਿਆਰਾਂ ਦੇ ਪ੍ਰਦਰਸ਼ਨ ਅਤੇ ਵਿਆਹ ਸਮੇਤ ਹੋਰ ਮੌਕਿਆਂ 'ਤੇ ਫਾਇਰਿੰਗ ਨਾਲ ਹੋਣ ਵਾਲੀਆਂ ਮੌਤਾਂ ਦੇ ਮੱਦੇਨਜ਼ਰ ਕੇਂਦਰ ਸਰਕਾਰ ਨਵਾਂ ਕਾਨੂੰਨ ਬਣਾਉਣ ਦੀ ਖਿੱਚ ਲਈ ਹੈ। ਇਸ ਕਾਨੂੰਨ ਤਹਿਤ ਵਿਆਹ ਸਮਾਗਮ ਜਾਂ ਹੋਰ ਮੌਕਿਆਂ 'ਤੇ ਹਥਿਆਰਾਂ ਦਾ ਪ੍ਰਦਰਸ਼ਨ ਕਰਨ ਵਾਲਿਆਂ ਨੂੰ 2 ਸਾਲ ਦੀ ਕੈਦ ਤੋਂ ਇਲਾਵਾ ਇਕ ਲੱਖ ਰੁਪਏ ਦਾ ਜੁਰਮਾਨਾ ਦੇਣਾ ਪਵੇਗਾ।

ਵਿਆਹ ਸਮਾਗਮਾਂ ਦੌਰਾਨ ਵਾਪਰੀਆਂ ਘਟਨਾਵਾਂ ਦੇ ਅੰਕੜੇ ਹੈਰਾਨ ਕਰਨ ਵਾਲੇ ਹਨ। ਅੰਕੜਿਆਂ ਮੁਤਾਬਕ 11 ਨਵੰਬਰ 2019 ਨੂੰ ਅਬੋਹਰ ਦੇ ਪਿੰਡ ਖੁਈਆ ਸਰਵਰ ਦੇ ਮੈਰਿਜ ਪੈਲੇਸ 'ਚ ਵਿਆਹ ਸਮਾਗਮ ਦੌਰਾਨ ਗੋਲੀ ਚੱਲਣ ਨਾਲ ਇਕ ਸਾਬਕਾ ਸਰਪੰਚ ਦੀ ਮੌਤ ਹੋ ਗਈ ਸੀ ਜਦਕਿ ਦੋ ਵਿਅਕਤੀ ਜ਼ਖ਼ਮੀ ਹੋ ਗਏ ਸਨ। 22 ਨਵੰਬਰ 2019 ਨੂੰ ਸੰਗਰੂਰ 'ਚ ਨਗਰ ਕੀਰਤਨ ਦੌਰਾਨ ਗੋਲੀ ਚੱਲਣ ਦੀ ਘਟਨਾ ਵਾਪਰੀ ਸੀ।

ਇਸੇ ਤਰ੍ਹਾਂ 4 ਦਸੰਬਰ 2019 ਨੂੰ ਲੁਧਿਆਣਾ ਦੇ ਦੋਰਾਹਾ 'ਚ ਵਿਆਹ ਸਮਾਗਮ 'ਚ ਫਾਇਰਿੰਗ ਹੋਈ, ਜਿਸ 'ਚ ਦੋ ਲੋਕਾਂ ਦੀ ਮੌਤ ਤੇ ਇਕ ਜ਼ਖ਼ਮੀ ਹੋਇਆ ਸੀ। 21 ਨਵੰਬਰ 2019 ਨੂੰ ਸੰਗਰੂਰ ਦੇ ਮਾਲੇਰਕੋਟਲਾ 'ਚ ਵਿਆਹ ਸਮਾਗਮ ਦੌਰਾਨ ਗੈਂਗਸਟਰ ਅਬਦੁਲ ਰਸ਼ੀਦ 'ਤੇ ਗੋਲੀਆਂ ਚਲਾਈਆਂ ਗਈਆਂ ਸਨ। ਇਸ ਘਟਨਾ 'ਚ ਗੈਂਗਸਟਰ ਦੀ ਮੌਤ ਹੋ ਗਈ ਸੀ ਜਦਕਿ ਇਕ ਵਿਅਕਤੀ ਜ਼ਖ਼ਮੀ ਹੋਇਆ ਸੀ।

ਇਸ ਤੋਂ ਪਹਿਲਾਂ ਸਾਲ 2016 ਵਿਚ ਬਠਿੰਡਾ ਦੇ ਮੌੜ ਮੰਡੀ 'ਚ ਵਿਆਹ ਸਮਾਗਮ ਦੌਰਾਨ ਹੋਈ ਫਾਇਰਿੰਗ 'ਚ ਇਕ ਡਾਂਸਰ ਦੀ ਮੌਤ ਹੋ ਗਈ ਸੀ। ਇਸ ਘਟਨਾ ਦਾ ਵੀਡੀਓ ਵਾਇਰਲ ਹੋਣ ਬਾਅਦ ਵੱਡੀ ਬਹਿਸ਼ ਛਿੜੀ ਸੀ। ਇਸ ਤੋਂ ਇਲਾਵਾ ਆਏ ਦਿਨ ਫਾਇਰਿੰਗ ਦੀਆਂ ਛੋਟੀਆਂ-ਮੋਟੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ, ਜੋ ਚਿੰਤਾ ਦਾ ਵਿਸ਼ਾ ਹੈ।