ਆਰਥਕ ਮਾਰ ਝੱਲ ਰਹੇ ਲੋਕਾਂ ’ਤੇ ਕੈਪਟਨ ਨੇ ਮਹਿੰਗੀ ਬਿਜਲੀ, ਪਟਰੋਲ-ਡੀਜ਼ਲ ਦਾ ਬੋਝ ਪਾਇਆ: ਭਗਵੰਤ ਮਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੋਕਾਂ ਨਾਲ ਚੋਣਾਂ ਦੌਰਾਨ ਕੀਤੇ ਵਾਅਦੇ ਅੱਜ ਤਕ ਪੂਰੇ ਨਾ ਹੋਣ ਦਾ ਲਾਇਆ ਦੋਸ਼

Bhagwant Mann

ਚੰਡੀਗੜ੍ਹ : ਆਮ ਆਦਮੀ ਪਾਰਟੀ ਨੇ ਪੰਜਾਬ ਸਰਕਾਰ ਵਲੋਂ ਪਿਛਲੇ ਚਾਰ ਸਾਲਾਂ ਵਿਚ ਹਰ ਖੇਤਰ ਵਿਚ ਲਏ ਗਏ ਫ਼ੈਸਲਿਆਂ ਨੂੰ ਲੋਕ ਵਿਰੋਧੀ ਦੱਸਦਿਆਂ ਕਿਹਾ ਹੈ ਕਿ ਸਰਕਾਰਾਂ ਲੋਕਾਂ ਦੀ ਭਲਾਈ ਲਈ ਹੁੰਦੀਆਂ ਹਨ ਨਾ ਕਿ ਜਨਤਾ ਉਤੇ ਬੋਝ ਪਾਉਣ ਲਈ। ਭਗਵੰਤ ਮਾਨ ਨੇ ਕੈਪਟਨ ਅਮਰਿੰਦਰ ਸਿੰਘ ਵਲੋਂ ਚੋਣਾਂ ਸਮੇਂ ਕੀਤੇ ਵਾਅਦੇ ਅੱਜ ਤਕ ਪੂਰੇ ਨਾ ਹੋਣ ਦਾ ਦੋਸ਼ ਵੀ ਲਗਾਇਆ ਹੈ। 

ਮਾਨ ਨੇ ਕਿਹਾ ਕਿ ਲੋਕਾਂ ਤੋਂ ਵੋਟਾਂ ਲੈ ਕੇ ਕੁਰਸੀ ਮਿਲਦਿਆਂ ਹੀ ਉਹ ਸੱਭ ਭੁੱਲ ਗਏ। ਉਨ੍ਹਾਂ ਕਿਹਾ ਕਿ ਕੈਪਟਨ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਪੰਜਾਬ ਅਜਿਹਾ ਸੂਬਾ ਬਣ ਗਿਆ ਹੈ ਜਿਥੇ ਸਾਰੇ ਸੂਬਿਆਂ ਨਾਲੋਂ ਮਹਿੰਗੀ ਬਿਜਲੀ ਮਿਲਦੀ ਹੈ। ਉਨ੍ਹਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਜਿਸ ਸੂਬੇ ਵਿਚ ਬਿਜਲੀ ਦੀ ਪੈਦਾਵਰ ਕੀਤੀ ਜਾਂਦੀ ਹੋਵੇ ਉਥੋਂ ਦੇ ਲੋਕਾਂ ਨੂੰ ਸਾਰੇ ਦੇਸ਼ ਨਾਲੋਂ ਵੱਧ ਮਹਿੰਗੀ ਬਿਜਲੀ ਖ਼ਰੀਦਣੀ ਪਵੇ, ਜਦੋਂ ਕਿ ਦਿੱਲੀ ’ਚ ਜਿਥੇ ਬਿਜਲੀ ਦੀ ਪੈਦਾਵਰ ਨਹੀਂ, ਉਥੋਂ ਦੀ ਕੇਜਰੀਵਾਲ ਸਰਕਾਰ ਸੱਭ ਤੋਂ ਸਸਤੀ ਬਿਜਲੀ ਦੇ ਰਹੀ ਹੈ। 

ਭਗਵੰਤ ਮਾਨ ਨੇ ਦੋਸ਼ ਲਗਾਇਆ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰੀ ਸਾਧਨ ਤਾਂ ਆਪਣੇ ਚਹੇਤਿਆਂ ਨੂੰ ਲੁਟਾ ਰਹੇ ਹਨ ਤੇ ਸਰਕਾਰੀ ਖ਼ਜ਼ਾਨਾ ਭਰਨ ਲਈ ਲੋਕਾਂ ਉੱਤੇ ਟੈਕਸ ਮੜ ਰਹੇ ਹਨ ਤੇ ਇਸੇ ਤਰ੍ਹਾਂ ਡੀਜ਼ਲ-ਪਟਰੌਲ ਉੱਤੇ ਟੈਕਸ ਲਗਾ ਕੇ ਮਹਿੰਗਾ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਚਲਦਿਆਂ ਪੰਜਾਬ ਦੇ ਲੋਕ ਆਰਥਕ ਬੋਝ ਹੇਠ ਦਬੇ ਗਏ ਅਤੇ ਕੈਪਟਨ ਸਾਹਿਬ ਹੋਰ ਬੋਝ ਪਾ ਰਹੇ ਹਨ। ਮਾਨ ਨੇ ਕਿਹਾ ਕਿ ਮੁਲਾਜ਼ਮਾਂ ਦੀਆਂ ਰੈਲੀਆਂ, ਧਰਨਿਆਂ ਵਿਚ ਜਾ ਕੇ ਕੈਪਟਨ ਨੇ ਤਨਖ਼ਾਹ ਕਮਿਸ਼ਨ, ਪੂਰੀਆਂ ਤਨਖ਼ਾਹਾਂ ਉੱਤੇ ਪੱਕੇ ਕਰਨ ਦੇ ਵਾਅਦੇ ਕੀਤੇ, ਪ੍ਰੰਤੂ  ਕੁਰਸੀ ਦੇ ਨਸ਼ੇ ਵਿਚ ਸੱਭ ਭੁੱਲ ਗਏ।