ਰਵਨੀਤ ਬਿੱਟੂ ਨੂੰ ਬਾਹਰੋਂ ਆਈ ਅਜਿਹੀ ਕਾਲ, ਹੋਏ ਗਰਮੋ-ਗਰਮੀ
ਕਾਂਗਰਸ ਪਾਰਟੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਅਤੇ ਲੁਧਿਆਣਾ ਤੋਂ ਕਾਂਗਰਸੀ...
ਚੰਡੀਗੜ੍ਹ: ਕਾਂਗਰਸ ਪਾਰਟੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਅਤੇ ਲੁਧਿਆਣਾ ਤੋਂ ਕਾਂਗਰਸੀ ਸੰਸਦ ਰਵਨੀਤ ਸਿੰਘ ਬਿੱਟੂ ਨੂੰ ਸੋਸ਼ਲ ਮੀਡੀਆ 'ਤੇ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ। ਵਿਦੇਸ਼ ਤੋਂ ਇੰਟਰਨੈੱਟ ਕਾਲ ਰਾਹੀਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਦੱਸ ਦਈਏ ਇਸਤੋਂ ਪਹਿਲਾਂ ਵੀ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਪਿਛਲੇ ਸਾਲ ਵੀ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ।
ਇਹ ਧਮਕੀ ਰਵਨੀਤ ਬਿੱਟੂ ਨੂੰ ਸਿੱਧੇ ਤੌਰ 'ਤੇ ਨਹੀਂ ਸਗੋਂ ਤੀਜੇ ਸ਼ਖਸ ਰਾਹੀਂ ਦਿੱਤੀ ਗਈ ਹੈ। ਇਸ ਇੰਟਰਨੈੱਟ ਕਾਲ ਰਾਹੀਂ ਬਿੱਟੂ ਨੂੰ ਧਮਕੀ ਦਿੰਦੇ ਹੋਏ ਮੰਦੀ ਸ਼ਬਦਾਵਲੀ ਦੀ ਵਰਤੋਂ ਕਰਦੇ ਹੋਏ ਦਾਦੇ ਬੇਅੰਤ ਸਿੰਘ ਵਾਂਗ ਨਤੀਜੇ ਭੁਗਤਣ ਲਈ ਕਿਹਾ ਗਿਆ ਹੈ।
ਇਸ ਧਮਕੀ 'ਤੇ ਬੋਲਦੇ ਹੋਏ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਦਾ ਕਹਿਣਾ ਹੈ ਕਿ ਉਹ ਇਹ ਮਾਮਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਚੁੱਕਣ ਦੇ ਨਾਲ-ਨਾਲ ਪੁਲਿਸ ਕੋਲ ਵੀ ਲੈ ਕੇ ਜਾਣਗੇ।
ਬਿੱਟੂ ਨੇ ਕਿਹਾ ਕਿ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਉਨ੍ਹਾਂ ਨੂੰ ਸੋਧਾ ਲਾਉਣ ਦੇ ਦਿੱਤੇ ਬਿਆਨ ਤੋਂ ਹੀ ਬਾਅਦ ਹੀ ਅਜਿਹੀਆਂ ਧਮਕੀਆਂ ਮਿਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਨੂੰ ਕੁਝ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਹੋਵੇਗੀ।
ਬਿੱਟੂ ਨੇ ਕਿਹਾ ਕਿ ਇਹ ਲੋਕ ਪੰਜਾਬ ਛੱਡ ਕੇ ਵਿਦੇਸ਼ਾਂ ਵਿਚ ਐਸ਼ ਕਰਦੇ ਹਨ ਜਦ ਕਿ ਪੰਜਾਬ ਵਿਚ ਮਿਹਨਤ ਕਰਨ ਵਾਲਿਆਂ ਨੂੰ ਡਿਸਟਰਬ ਕਰ ਰਹੇ ਹਨ। ਬਿੱਟੂ ਨੇ ਕਿਹਾ ਕਿ ਅਜਿਹੀ ਕਰਤੂਤ ਕਰਨ ਵਾਲੇ ਆਈਐਸਆਈ ਦੇ ਟੱਟੂ ਹਨ ਅਤੇ ਉਨ੍ਹਾਂ ਦਾ ਮਕਸਦ ਅਜਿਹੇ ਬਿਆਨ ਦੇ ਕੇ ਡਾਲਰ ਕਮਾਉਣਾ ਹੈ। ਉਹ ਅਜਿਹੀ ਧਮਕੀਆਂ ਨਾਲ ਡਰਨ ਵਾਲੇ ਨਹੀਂ ਹਨ।