ਪੁਲਵਾਮਾ ਹਮਲੇ ਦੇ ਸ਼ਹੀਦਾਂ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਦਿੱਤੀ ਸ਼ਰਧਾਂਜਲੀ, ਕੀਤਾ ਟਵੀਟ
ਦੇਸ਼ ਦੀ ਰਾਖੀ ਲਈ ਜਾਨ ਵਾਰਨ ਵਾਲੇ ਬਹਾਦਰ ਫੌਜੀਆਂ ਦੀ ਸ਼ਹਾਦਤ ਨੂੰ ਸਲਾਮ- ਕੈਪਟਨ ਅਮਰਿੰਦਰ ਸਿੰਘ
ਚੰਡੀਗੜ੍ਹ: ਦੋ ਸਾਲ ਪਹਿਲਾਂ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ ਅੱਤਵਾਦੀਆਂ ਵੱਲੋਂ ਸੁਰੱਖਿਆ ਬਲਾਂ 'ਤੇ ਕੀਤੇ ਗਏ ਸਭ ਤੋਂ ਵੱਡੇ ਆਤਮਘਾਤੀ ਹਮਲੇ ਵਿਚ ਸੀਆਰਪੀਐਫ ਦੇ 40 ਜਵਾਨਾਂ ਨੇ ਅਪਣੀ ਜਾਨ ਦੀ ਕੁਰਬਾਨੀ ਦਿੱਤੀ ਸੀ। ਅੱਜ ਪੁਲਵਾਮਾ ਹਮਲੇ ਦੀ ਦੂਜੀ ਬਰਸੀ ਹੈ। ਇਸ ਦੌਰਾਨ ਪੂਰਾ ਦੇਸ਼ ਬਲਿਦਾਨ ਦੇਣ ਵਾਲੇ ਜਵਾਨਾਂ ਨੂੰ ਸ਼ਰਧਾਂਜਲੀ ਦੇ ਰਿਹਾ ਹੈ।
ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਹਾਦਰ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ। ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕੀਤਾ, ‘ ਦੋ ਸਾਲ ਪਹਿਲਾਂ ਸਾਡੀ ਸੀਆਰਪੀਐਫ਼ ਫੌਜ ‘ਤੇ ਪੁਲਵਾਮਾ ਵਿਚ ਹਮਲਾ ਹੋਇਆ ਸੀ ਜਿਸ ਨੇ ਹਰ ਭਾਰਤੀ ਦਾ ਦਿਲ ਦਹਿਲਾ ਕੇ ਰੱਖ ਦਿੱਤਾ ਤੇ ਸਾਡੇ 40 ਬਹਾਦਰ ਜਵਾਨ ਸਦਾ ਲਈ ਸਾਡੇ ਤੋਂ ਖੋਹ ਲਏ। ਦੇਸ਼ ਦੀ ਰਾਖੀ ਲਈ ਜਾਨ ਵਾਰਨ ਵਾਲੇ ਇਹਨਾਂ ਬਹਾਦਰ ਫੌਜੀਆਂ ਦੀ ਸ਼ਹਾਦਤ ਨੂੰ ਮੈਂ ਸਲਾਮ ਕਰਦਾ ਹਾਂ। ਜੈ ਹਿੰਦ’।
ਇਸ ਤੋਂ ਇਲਾਵਾ ਰੱਖਿਆ ਮੰਤਰੀ ਰਾਜਨਾਥ ਸਿੰਘ, ਰਾਹੁਲ ਗਾਂਧੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਟਵੀਟ ਜ਼ਰੀਏ ਬਹਾਦਰ ਜਵਾਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ।