ਜੇਲ੍ਹ ਤੋਂ ਰਿਹਾਅ ਹੋ ਕੇ ਆਏ 80 ਸਾਲਾਂ ਦੇ ਬਜ਼ੁਰਗ ਨੇ ਸੁਣਾਏ ਦਿੱਲੀ ਪੁਲਿਸ ਤਸ਼ੱਦਦ ਦੇ ਕਿੱਸੇ
ਕਿਹਾ, ਗ੍ਰਿਫਤਾਰ ਕਰਨ ਤੋਂ ਬਾਅਦ ਦਿੱਲੀ ਪੁਲਿਸ ਵਲੋਂ ਕੀਤਾ ਗਿਆ ਸੀ ਤਸ਼ੱਦਦ
ਫਤਹਿਗੜ੍ਹ ਸਾਹਿਬ : 26/1 ਦੀ ਘਟਨਾ ਤੋਂ ਬਾਅਦ ਦਿੱਲੀ ਪੁਲਿਸ ਵਲੋਂ ਗ੍ਰਿਫਤਾਰ ਕੀਤੇ ਗਏ ਕਿਸਾਨਾਂ 'ਤੇ ਤਸ਼ੱਦਦ ਕਰਨ ਦੇ ਦੋਸ਼ ਲੱਗਣੇ ਸ਼ੁਰੂ ਹੋ ਗਏ ਹਨ, ਜਿਸ ਦੀ ਗਵਾਹੀ ਜੇਲ੍ਹ ਵਿਚ ਰਿਹਾਅ ਹੋ ਕੇ ਆਉਣ ਵਾਲੇ ਕਿਸਾਨ ਕਰ ਰਹੇ ਹਨ। ਇਨ੍ਹਾਂ ਵਿਚੋਂ ਅਜੇ ਤਕ ਕੁੱਝ ਹੀ ਵਿਅਕਤੀ ਰਿਹਾਅ ਹੋਏ ਹਨ, ਜਦਕਿ ਕਈ ਅਜੇ ਵੀ ਦਿੱਲੀ ਦੀ ਜੇਲ੍ਹ ਅਤੇ ਬੰਦ ਹਨ ਅਤੇ ਕੁੱਝ ਦਾ ਅਜੇ ਤਕ ਕੋਈ ਅਤਾ-ਪਤਾ ਨਹੀਂ ਚੱਲ ਸਕਿਆ। ਇਸੇ ਦੌਰਾਨ ਫਤਹਿਗੜ੍ਹ ਜ਼ਿਲ੍ਹੇ ਨਾਲ ਸਬੰਧਤ ਇਕ 80 ਸਾਲਾਂ ਬਜ਼ੁਰਗ ਅੱਜ ਰਿਹਾਅ ਹੋ ਕੇ ਘਰ ਪਰਤਿਆ ਹੈ।
ਜਾਣਕਾਰੀ ਦਿੱਲੀ ਦੀ ਤਿਹਾੜ ਜੇਲ੍ਹ ਵਿਚੋਂ ਰਿਹਾਅ ਹੋ ਕੇ ਆਏ ਬਜ਼ੁਰਗ ਧਰਮੀ ਫੌਜੀ ਗੁਰਮੁਖ ਸਿੰਘ ਆਪਣੇ ਗ੍ਰਹਿ ਸਥਾਨ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਸ਼ਮਸ਼ਪੁਰ ਵਿਖੇ ਪਹੁੰਚ ਗਏ ਹਨ। ਪਿੰਡ ਪਹੁੰਚਣ 'ਤੇ ਉਨ੍ਹਾਂ ਦੇ ਸਵਾਗਤ ਲਈ ਵੱਡੀ ਗਿਣਤੀ ਇਲਾਕਾ ਨਿਵਾਸੀ ਪਹੁੰਚੇ ਹੋਏ ਸਨ। ਇਸੇ ਦੌਰਾਨ ਬਾਬਾ ਗੁਰਮੁਖ ਸਿੰਘ ਨੇ ਦਿੱਲੀ ਪੁਲਿਸ ਵਲੋਂ ਉਨ੍ਹਾਂ 'ਤੇ ਢਾਹੇ ਤਸ਼ੱਦਦ ਦਾ ਬਿਰਤਾਂਤ ਸਾਂਝਾ ਕੀਤਾ ਹੈ।
ਗੁਰਮੁਖ ਸਿੰਘ ਮੁਤਾਬਕ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਦਿੱਲੀ ਪੁਲਿਸ ਬਹੁਤ ਤਸ਼ੱਦਦ ਕੀਤੇ ਹਨ। ਇਸ ਮੌਕੇ ਪਹੁੰਚੇ ਸੀਨੀਅਰ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਕਿਹਾ ਕਿ ਦਿੱਲੀ ਪੁਲਿਸ ਵੱਲੋਂ ਕਿਸਾਨਾਂ ’ਤੇ ਪਰਚੇ ਦਰਜ ਕਰਕੇ ਉਨ੍ਹਾਂ ਨੂੰ ਨੋਟਿਸ ਭੇਜੇ ਜਾ ਰਹੇ ਹਨ ਤਾਂ ਜੋ ਕਿਸਾਨੀ ਸੰਘਰਸ਼ ਵਿਚ ਸ਼ਾਮਲ ਹੋਣ ਵਾਲੇ ਕਿਸਾਨਾਂ ਨੂੰ ਡਰਾਇਆ ਜਾ ਸਕੇ।
ਇਸ ਮੌਕੇ ਇਕੱਠੇ ਹੋਏ ਕਿਸਾਨਾਂ ਨੇ ਕਿਹਾ ਸਰਕਾਰ ਦੇ ਕਿਸਾਨਾਂ ਨੂੰ ਡਰਾਉਣ ਦੇ ਮਨਸੂਬੇ ਕਾਮਯਾਬ ਨਹੀਂ ਹੋਂਣਗੇ ਅਤੇ ਸਰਕਾਰ ਜਿੰਨਾਂ ਕਿਸਾਨਾਂ ਨੂੰ ਡਰਾਉਣ ਦਾ ਯਤਨ ਕਰੇਗੀ, ਸਾਡੇ ਇਰਾਦੇ ਹੋਰ ਮਜ਼ਬੂਤ ਹੋਣਗੇ। ਉਨ੍ਹਾਂ ਕਿਹਾ ਕਿ ਜਦੋਂ ਤਕ ਸਰਕਾਰ ਤਿੰਨੇ ਕਾਲੇ ਕਾਨੂੰਨ ਰੱਦ ਕਰ ਕੇ ਘੱਟੋ ਘੱਟ ਸਮਰਥਨ ਮੁੱਲ ਨੂੰ ਕਾਨੂੰਨੀ ਮਾਨਤਾ ਨਹੀਂ ਦਿੰਦੀ, ਕਿਸਾਨੀ ਅੰਦੋਲਨ ਇਸੇ ਤਰ੍ਹਾਂ ਜਾਰੀ ਰਹੇਗਾ।