ਕਰਤਾਰਪੁਰ ਲਾਂਘੇ 'ਤੇ ਭਾਰਤ-ਪਾਕਿ ਸਹਿਮਤ, 2 ਅਪ੍ਰੈਲ ਨੂੰ ਹੋਵੇਗੀ ਦੂਜੀ ਬੈਠਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲਾਂਘਾ ਬਣਾਉਣ ਦਾ ਕੰਮ ਛੇਤੀ ਹੋਵੇਗਾ ਪੂਰਾ

First meeting on Kartarpur Corridor project

ਅਟਾਰੀ : ਕਰਤਾਰਪੁਰ ਸਾਹਿਬ ਲਾਂਘੇ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਅਹਿਮ ਬੈਠਕ ਹੋਈ। ਇਹ ਬੈਠਕ ਅਟਾਰੀ-ਵਾਘਾ ਸਰਹੱਦ 'ਤੇ ਭਾਰਤ 'ਚ ਹੋਈ। ਭਾਰਤ ਵੱਲੋਂ ਕੇਂਦਰੀ ਗ੍ਰਹਿ ਮੰਤਰਾਲਾ, ਵਿਦੇਸ਼ ਮੰਤਰਾਲਾ, ਬੀ.ਐਸ.ਐਫ਼., ਭਾਰਤੀ ਕੌਮੀ ਸੜਕ ਵਿਕਾਸ ਅਥਾਰਟੀ ਅਤੇ ਪੰਜਾਬ ਸਰਕਾਰ ਦੇ ਅਧਿਕਾਰੀ ਸ਼ਾਮਲ ਹੋਏ।

ਇਸ ਲਾਂਘੇ ਬਾਰੇ ਦੋਹਾਂ ਦੇਸ਼ਾਂ ਵਿਚਕਾਰ ਸਹਿਮਤੀ ਪ੍ਰਗਟਾਉਣ ਦੇ 3 ਮਹੀਨੇ ਬਾਅਦ ਇਹ ਪਹਿਲੀ ਬੈਠਕ ਸੀ। ਇਹ ਲਾਂਘਾ ਪਾਕਿਸਤਾਨੀ ਸ਼ਹਿਰ ਕਰਤਾਰਪੁਰ 'ਚ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਨੂੰ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਨਾਲ ਜੋੜੇਗਾ। ਹੁਣ 2 ਅਪ੍ਰੈਲ ਨੂੰ ਵਾਘਾ ਵਿਖੇ ਦੂਜੀ ਬੈਠਕ ਹੋਵੇਗੀ।

ਮੀਟਿੰਗ ਮਗਰੋਂ ਦੋਵਾਂ ਦੇਸ਼ਾਂ ਵੱਲੋਂ ਜਾਰੀ ਕੀਤੇ ਬਿਆਨ 'ਚ ਕਿਹਾ ਗਿਆ ਹੈ ਕਿ ਭਾਰਤ-ਪਾਕਿਸਤਾਨ ਲਾਂਘੇ ਨੂੰ ਲੈ ਕੇ ਕਾਫ਼ੀ ਉਤਸ਼ਾਹਤ ਹਨ। ਇਸ ਲਾਂਘੇ ਨੂੰ ਕਿਵੇਂ ਚਲਾਇਆ ਜਾਵੇਗਾ, ਇਸ 'ਤੇ ਦੋਵੇਂ ਦੇਸ਼ਾਂ ਦੇ ਅਧਿਕਾਰੀਆਂ ਨਾਲ ਚਰਚਾ ਹੋਈ ਹੈ। ਸਾਡੀ ਕੋਸ਼ਿਸ਼ ਹੈ ਕਿ ਛੇਤੀ ਤੋਂ ਛੇਤੀ ਇਸ ਲਾਂਘੇ ਦਾ ਕੰਮ ਪੂਰਾ ਹੋਵੇ ਅਤੇ ਸਿੱਖ ਯਾਤਰੂਆਂ ਨੂੰ ਇਸ ਦਾ ਲਾਭ ਮਿਲ ਸਕੇ। ਦੋਹਾਂ ਦੇਸ਼ਾਂ ਨੇ ਸਮਝੌਤੇ ਦੇ ਕਈ ਪਹਿਲੂਆਂ 'ਤੇ ਵਿਚਾਰ-ਚਰਚਾ ਕੀਤੀ। ਹੁਣ ਦੂਜੀ ਮੀਟਿੰਗ 2 ਅਪ੍ਰੈਲ ਨੂੰ ਹੋਵੇਗੀ।

ਭਾਰਤੀ ਅਧਿਕਾਰੀਆਂ ਨੇ ਪਾਕਿਸਤਾਨ ਕੋਲ ਸ਼ਰਧਾਲੂਆਂ ਦੀਆਂ ਕੁਝ ਸ਼ਰਤਾਂ ਵੀ ਰੱਖੀਆਂ ਹਨ :

  1. ਭਾਰਤ ਨੇ ਪਾਕਿਸਤਾਨ ਨੂੰ ਕਿਹਾ ਹੈ ਕਿ ਇੱਕ ਦਿਨ 'ਚ ਘੱਟੋ-ਘੱਟ 5000 ਸ਼ਰਧਾਲੂਆਂ ਦੇ ਜਾਣ ਦੀ ਖੁੱਲ੍ਹ ਹੋਣੀ ਚਾਹੀਦੀ ਹੈ। ਤਿਉਹਾਰਾਂ ਜਾਂ ਹੋਰਨਾਂ ਇਤਿਹਾਸਕ ਦਿਹਾੜਿਆਂ ਮੌਕੇ ਇਹ ਗਿਣਤੀ 10,000 ਤਕ ਹੋਣੀ ਚਾਹੀਦੀ ਹੈ। ਭਾਰਤ 4.5 ਕਿਲੋਮੀਟਰ ਲੰਮਾ ਲਾਂਘਾ ਬਣਾਏਗਾ, ਜਿਸ 'ਚ ਆਧੁਨਿਕ ਯਾਤਰੀ ਟਰਮੀਨਲ ਵੀ ਸ਼ਾਮਲ ਹੋਵੇਗਾ।
  2. ਪਾਕਿਸਤਾਨ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਭਾਰਤ ਵਿੱਚ ਸ਼ਰਧਾਲੂਆਂ ਨੂੰ ਕਈ ਪ੍ਰਕਿਰਿਆਰਾਵਾਂ ਵਿੱਚੋਂ ਗੁਜ਼ਰਨਾ ਪਵੇਗਾ। ਹਾਲਾਂਕਿ ਭਾਰਤ ਨੇ ਸ਼ਰਧਾਲੂਆਂ ਨੂੰ ਵੀਜ਼ਾ ਤੋਂ ਛੋਟ ਦੇਣ ਦੀ ਅਪੀਲ ਕੀਤੀ ਹੈ, ਜਿਸ ਤੋਂ ਛੋਟ ਮਿਲ ਸਕਦੀ ਹੈ ਪਰ ਫਿਰ ਵੀ ਪਾਸਪੋਰਟ ਲਾਜ਼ਮੀ ਹੋਵੇਗਾ। ਇਸ ਬਾਰੇ ਅੰਤਮ ਫ਼ੈਸਲਾ ਅਗਲੀਆਂ ਬੈਠਕਾਂ ਵਿੱਚ ਤੈਅ ਹੋ ਸਕਦਾ ਹੈ।
  3. ਪਾਕਿਸਤਾਨ ਸ਼ਰਧਾਲੂਆਂ ਨੂੰ ਆਪਣੇ ਹਿੱਸੇ ਟਰਾਂਸਪੋਰਟ ਸਹੂਲਤਾਂ ਦੇਵੇਗਾ, ਪਰ ਜੇ ਸ਼ਰਧਾਲੂ ਚਾਹੁੰਣ ਤਾਂ ਉਹ ਪੈਦਲ ਵੀ ਗੁਰਦੁਆਰੇ ਤਕ ਪਹੁੰਚ ਸਕਦੇ ਹਨ। ਇਹ ਸ਼ਰਤ ਭਾਰਤ ਨੇ ਪਾਕਿਸਤਾਨ ਕੋਲ ਰੱਖੀ ਹੈ। ਹਾਲੇ ਇਸ 'ਤੇ ਅੰਤਮ ਫ਼ੈਸਲਾ ਹੋਣਾ ਬਾਕੀ ਹੈ। ਹਾਲਾਂਕਿ, ਜੋ ਭਾਰਤੀ ਸ਼ਰਧਾਲੂ ਸਵੇਰੇ ਕਰਤਾਰਪੁਰ ਸਾਹਿਬ ਲਈ ਜਾਣਗੇ, ਉਨ੍ਹਾਂ ਨੂੰ ਸ਼ਾਮ ਨੂੰ ਵਾਪਸ ਦੇਸ਼ ਪਰਤਣਾ ਲਾਜ਼ਮੀ ਹੋਵੇਗਾ।

ਬੈਠਕ ਮਗਰੋਂ ਭਾਰਤੀ ਅਧਿਕਾਰੀਆਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਾਕਿਸਤਾਨ ਨੇ ਉਨ੍ਹਾਂ ਨੂੰ ਯਕੀਨ ਦਿਵਾਇਆ ਹੈ ਕਿ ਉਹ ਆਪਣੇ ਦੇਸ਼ ਦੀ ਜ਼ਮੀਨ ਨੂੰ ਭਾਰਤ ਵਿਰੋਧੀ ਗਤੀਵਿਧੀਆਂ ਲਈ ਨਹੀਂ ਵਰਤਣ ਦੇਵੇਗਾ, ਜਿਵੇਂ ਕਿ 2020 ਰੈਫਰੰਡਮ। ਉਨ੍ਹਾਂ ਕਿਹਾ ਕਿ ਇਸ ਬੈਠਕ ਨੂੰ ਪਾਕਿਸਤਾਨ ਨਾਲ ਸ਼ਾਂਤੀ ਵਾਰਤਾ ਦਾ ਸ਼ੁਰੂ ਹੋਣਾ ਨਾ ਸਮਝਿਆ ਜਾਵੇ। ਜੇ ਦੋਵੇਂ ਦੇਸ਼ ਹੋਰਨਾਂ ਮੁੱਦਿਆਂ ਨੂੰ ਵਿਚਾਰਨਾ ਨਹੀਂ ਚਾਹੁੰਦੇ ਤਾਂ ਕੋਈ ਗੱਲ ਨਹੀਂ ਹੋ ਸਕਦਾ ਹੈ। ਆਉਂਦੇ ਸਮੇਂ ਵਿੱਚ ਦੋਵੇਂ ਦੇਸ਼ ਗੁਰੂ ਨਾਨਕ ਦੇਵ ਦੇ ਸਰਬ-ਸਾਂਝੀਵਾਲਤਾ ਦੇ ਫਲਸਫੇ ਤੋਂ ਸੇਧ ਲੈਂਦਿਆਂ ਗਲਿਆਰਾ ਉਸਾਰਦੇ ਹੋਏ ਹੌਲੀ-ਹੌਲੀ ਗੱਲਬਾਤ ਦੇ ਰਾਹੇ ਪੈ ਜਾਣ।

ਭਾਰਤ ਵੱਲੋਂ ਮੀਟਿੰਗ 'ਚ ਵਫ਼ਦ ਦੀ ਪ੍ਰਧਾਨਗੀ ਗ੍ਰਹਿ ਮੰਤਰਾਲਾ 'ਚ ਸੰਯੁਕਤ ਸਕਤਰ ਐਸ.ਸੀ.ਐਲ. ਦਾਸ ਨੇ ਕੀਤੀ, ਜਦੋਂਕਿ ਪਾਕਿਸਤਾਨੀ ਵਫ਼ਦ ਦੀ ਪ੍ਰਧਾਨਗੀ ਵਿਦੇਸ਼ ਮੰਤਰਾਲਾ ਦੇ ਜਨਰਲ ਸਕੱਤਰ ਡਾ. ਮੁਹੰਮਦ ਫ਼ੈਜਲ ਨੇ ਕੀਤੀ।