ਕਰਤਾਰਪੁਰ ਲਾਂਘਾ :ਸਿੱਖਾਂ ਦੀਆਂ ਆਸਾਂ ਨੂੰ ਬੂਰ ਪੈਂਦਾ ਨਜ਼ਰ ਆ ਰਿਹੈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਰਤ-ਪਾਕਿ ਲਾਂਘੇ ਨੂੰ ਸਤੰਬਰ ਤਕ ਚਾਲੂ ਕਰਨ ਲਈ ਸਹਿਮਤ, ਅਗਲੀ ਮੀਟਿੰਗ 2 ਅਪ੍ਰੈਲ ਨੂੰ

Kartarpur corridor

ਅੰਮ੍ਰਿਤਸਰ : ਭਾਰਤ-ਪਾਕਿਸਤਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਹਾੜੇ ਤੋਂ ਪਹਿਲਾਂ ਕਰਤਾਰਪੁਰ ਸਾਹਿਬ ਕੋਰੀਡੋਰ ਚਾਲੂ ਕਰਨ ਲਈ ਸਹਿਮਤ ਹੋਏ ਹਨ, ਜੋ ਕਿ ਡੇਰਾ ਬਾਬਾ ਨਾਨਕ ਵਿਖੇ ਬਣਾਇਆ ਜਾਣਾ ਹੈ। ਅੱਜ ਇਸ ਸਬੰਧੀ ਭਾਰਤ ਅਤੇ ਪਾਕਿਸਤਾਨ ਦੇ ਗ੍ਰਹਿ ਵਿਭਾਗ ਦੇ ਅਧਿਕਾਰੀਆਂ ਨੇ ਅਟਾਰੀ ਵਿਖੇ ਕੁੱਝ ਪਧਰੀ ਮੀਟਿੰਗ ਕੀਤੀ ਜਿਸ ਵਿਚ ਭਾਰਤ ਵਲੋਂ ਜੁਆਇੰਟ ਸੈਕਟਰੀ ਐਸ.ਸੀ.ਐਲ.ਦਾਸ ਅਤੇ ਸ੍ਰੀਮਤੀ ਨਿਧੀ ਖਰੇ ਸਮੇਤ ਉਚ ਅਧਿਕਾਰੀ ਹਾਜ਼ਰ ਹੋਏ ਜਦਕਿ ਪਾਕਿਸਤਾਨ ਵਲੋਂ ਡਾ. ਮੁਹੰਮਦ ਫੈਜ਼ਲ ਡਾਇਰੈਕਟਰ ਜਨਰਲ ਸਾਊਥ ਏਸ਼ੀਆ ਅਤੇ ਸਾਰਕ ਦੀ ਅਗਵਾਈ ਹੇਠ ਵਫ਼ਦ ਨੇ ਹਿੱਸਾ ਲਿਆ।

ਪੰਜਾਬ ਸਰਕਾਰ ਵਲੋਂ ਸੈਕਟਰੀ ਲੋਕ ਨਿਰਮਾਣ ਵਿਭਾਗ ਸ੍ਰੀ ਹੁਸਨ ਲਾਲ ਮੀਟਿੰਗ ਵਿਚ ਹਾਜ਼ਰ ਹੋਏ ਅਤੇ ਉਨਾਂ ਭਰੋਸਾ ਦਿਤਾ ਕਿ ਪੰਜਾਬ ਸਰਕਾਰ ਉਕਤ ਲਾਂਘੇ ਨੂੰ ਛੇਤੀ ਹੀ ਪੂਰਾ ਕਰਨ ਲਈ ਕੇਂਦਰ ਸਰਕਾਰ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਵੇਗੀ। 19 ਮਾਰਚ ਨੂੰ ਦੋਹਾਂ ਦੇਸ਼ਾਂ ਦੇ ਤਕਨੀਕੀ ਮਾਹਰ ਲਾਂਘੇ ਦੇ ਜ਼ੀਰੋ ਪੁਆਇੰਟ 'ਤੇ ਮੀਟਿੰਗ ਕਰਨਗੇ ਅਤੇ ਦੋਹਾਂ ਦੇਸ਼ਾਂ ਦੇ ਵਫ਼ਦਾਂ ਦੀ ਅਗਲੀ ਮੀਟਿੰਗ 2 ਅਪ੍ਰੈਲ ਨੂੰ ਹੋਵੇਗੀ। ਜੁਆਇੰਟ ਸੈਕਟਰੀ ਐਸ.ਸੀ.ਐਲ.ਦਾਸ ਅਤੇ ਸ੍ਰੀਮਤੀ ਨਿਧੀ ਖਰੇ ਨੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਦਸਿਆ ਕਿ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਵਰ੍ਹੇ ਸਬੰਧੀ ਯਾਦਗਾਰੀ ਸਮਾਰੋਹ ਲਈ ਭਾਰਤ ਸਰਕਾਰ ਨੇ ਵੱਖ ਵੱਖ ਗਤੀਵਿਧੀਆਂ ਦੀ ਯੋਜਨਾ ਬਣਾਈਆਂ ਹਨ।

ਇਨ੍ਹਾਂ ਗਤੀਵਿਧੀਆਂ ਵਿਚੋਂ ਇਕ ਹੈ  ਗ੍ਰਹਿ ਮੰਤਰਾਲੇ ਵਲੋਂ ਕਰਤਾਰਪੁਰ ਸਾਹਿਬ ਕੋਰੀਡੋਰ, ਡੇਰਾ ਬਾਬਾ ਨਾਨਕ, ਪੰਜਾਬ ਵਿਚ ਯਾਤਰੀ ਟਰਮੀਨਲ ਬਿਲਡਿੰਗ ਕੰਪਲੈਕਸ ਦਾ ਨਿਰਮਾਣ ਕਰਨਾ। ਇਸ 'ਸਟੇਟ ਆਫ਼ ਦੀ ਆਰਟ' ਬਿਲਡਿੰਗ ਨੂੰ ਬਣਾਉਣ ਦੀ ਜ਼ਿੰਮੇਵਾਰੀ ਲੈਂਡਪੋਰਟ ਅਥਾਰਿਟੀ ਆਫ਼ ਇੰਡੀਆ ਨੂੰ ਦਿਤੀ ਗਈ ਹੈ ਜੋ ਕਿ ਦੇਸ਼ ਦੇ ਜ਼ਮੀਨੀ ਸਰਹੱਦ 'ਤੇ ਇੰਟੈਗਰੇਟਿਡ ਚੈੱਕ ਪੋਸਟਾਂ ਨੂੰ ਵਿਕਸਤ ਕਰਨ ਅਤੇ ਚਲਾਉਣ ਲਈ ਕੰਮ ਕਰਦੀ ਹੈ। ਭਾਰਤ ਸਰਕਾਰ ਨੇ ਕਰਤਾਰਪੁਰ ਸਾਹਿਬ ਕਾਰੀਡੋਰ ਲਈ 50 ਏਕੜ ਜ਼ਮੀਨ ਦੀ ਸ਼ਨਾਖ਼ਤ ਕੀਤੀ ਹੈ।  ਇਹ ਦੋ ਪੜਾਵਾਂ ਵਿਚ ਵਿਕਸਤ ਕੀਤਾ ਜਾਵੇਗਾ। 

ਫ਼ੇਜ਼ -1 ਦੀ ਵਰਤੋਂ 15 ਏਕੜ ਤੋਂ ਵੱਧ ਜ਼ਮੀਨ 'ਤੇ ਕੀਤੀ ਜਾਵੇਗੀ। ਜਿਸ ਉਤੇ ਯਾਤਰੀ ਟਰਮਿਨਲ ਬਿਲਡਿੰਗ ਕੰਪਲੈਕਸ ਦੀ ਸ਼ਾਨਦਾਰ ਇਮਾਰਤ  ਅਤੇ  ਖ਼ੂਬਸੂਰਤ ਲੈਂਡਸਕੇਪਿੰਗ ਦੇ ਨਾਲ ਅਮੀਰ ਭਾਰਤੀ ਸਭਿਆਚਾਰਕ ਕਦਰਾਂ-ਕੀਮਤਾਂ ਦੇ ਆਧਾਰ 'ਤੇ ਬੁੱਤ ਅਤੇ ਤਸਵੀਰਾਂ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ। ਇਹ ਇਮਾਰਤ ਗੁਰਦੁਆਰਾ ਕਰਤਾਰਪੁਰ ਸਾਹਿਬ (ਪਾਕਿਸਤਾਨ) ਦੇ ਦਰਸ਼ਨ ਕਰਨ ਲਈ ਪ੍ਰਤੀ ਦਿਨ ਜਾਣ ਵਾਲੇ ਲਗਭਗ 5000 ਸ਼ਰਧਾਲੂਆਂ ਦੀਆਂ ਲੋੜਾਂ ਨੂੰ ਪੂਰਾ ਕਰੇਗੀ ਜਿਸ ਵਿਚ ਇਮੀਗ੍ਰੇਸ਼ਨ ਅਤੇ ਕਸਟਮਜ਼ ਕਲੀਅਰੈਂਸ ਦੀਆਂ  ਲੋੜੀਂਦੀਆਂ ਸਹੂਲਤਾਂ ਅਤੇ ਹੋਰ ਸੁਵਿਧਾਵਾਂ ਸ਼ਾਮਲ ਹੋਣਗੀਆਂ। ਇਸ ਨੂੰ ਸੀਸੀਟੀਵੀ ਕੈਮਰਿਆਂ ਦੀ ਨਿਗਰਾਨੀ ਤੋਂ ਇਲਾਵਾ ਹੋਰ ਅਡਵਾਂਸ ਸੁਰੱਖਿਆ ਪ੍ਰਣਾਲੀਆਂ ਨਾਲ ਲੈਸ ਕੀਤਾ ਜਾਵੇਗਾ। ਇਸ ਨੂੰ ਨਵੰਬਰ 2019 ਵਿਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਜਨਮ ਦਿਹਾੜੇ ਦੇ ਯਾਦਗਾਰੀ ਸਮਾਰੋਹ ਤੋਂ ਪਹਿਲਾਂ ਬਣਾਏ ਜਾਣ ਦੀ ਯੋਜਨਾ ਹੈ।

ਫ਼ੇਜ਼ 1 ਦੀਆਂ ਮਹੱਤਵਪੂਰਨ ਵਿਸ਼ੇਸ਼ਤਾ ਇਹ ਹੈ ਕਿ ਮੁੱਖ ਯਾਤਰੀ ਟਰਮੀਨਲ ਕੰਪਲੈਕਸ ਦਾ ਇਹ ਖੇਤਰ 21,650 ਵਰਗ ਮੀਟਰ ਹੋਵੇਗਾ। ਲਗਭਗ 16,000 ਵਰਗ ਮੀਟਰ ਦੀ ਪੂਰੀ ਤਰ੍ਹਾਂ ਏਅਰ ਕੰਡੀਸ਼ਨਡ ਯਾਤਰੀ ਟਰਮਿਨਲ ਬਿਲਡਿੰਗ ਹੋਵੇਗੀ। ਖੰਡੇ ਦੇ ਥੀਮ 'ਤੇ ਬਣੀ ਇਹ ਇਮਾਰਤ ਪੰਜਾਬ ਦੀ ਅਮੀਰ ਸਭਿਆਚਾਰਕ ਵਿਰਾਸਤ ਨੂੰ ਪੇਸ਼ ਕਰੇਗੀ। 

ਖ਼ਾਸ ਗੱਲਾਂ :-

  1. ਪ੍ਰਤੀ ਦਿਨ 5000 ਸ਼ਰਧਾਲੂਆਂ ਲਈ 54 ਇਮੀਗ੍ਰੇਸ਼ਨ ਕਾਊਂਟਰ।
  2. 1700 ਵਰਗ ਮੀਟਰ ਵਿਚ ਕਤਾਰਾਂ ਲਈ ਸਥਾਨ
  3. ਕਸਟਮਰ ਕਾਊਂਟਰਜ਼ -12
  4. ਕੌਮਾਂਤਰੀ ਸਰਹੱਦ 'ਤੇ 300 ਫ਼ੁੱਟ ਉੱਚਾ ਰਾਸ਼ਟਰੀ ਸਮਾਰਕ ਝੰਡਾ 
  5. ਲੈਂਡਸਕੇਪ ਖੇਤਰ  ਵਿਚ ਜਲ ਭੰਡਾਰ, ਆਰਟਿਕਸ, ਸਥਾਨਕ ਸਭਿਆਚਾਰ ਦੀਆਂ ਮੂਰਤੀਆਂ, ਐਂਫੀਥੀਏਟਰ, ਬੈਠਣ ਦੀ ਥਾਂ, ਛਤਰੀਆਂ, ਬੈਂਚ ਆਦਿ ਸ਼ਾਮਲ ਹਨ।
  6. ਸ਼ਾਨਦਾਰ ਦਾਖ਼ਲਾ ਗੇਟ ਵਿਚ ਸੁਰੱਖਿਆ ਕਾਊਂਟਰ ਅਤੇ ਜਨਤਕ ਸਹੂਲਤਾਂ 
  7. 10 ਬਸਾਂ, 250 ਕਾਰਾਂ ਅਤੇ 250 ਦੋਪਹੀਆ ਵਾਹਨਾਂ ਲਈ ਢੁਕਵੀਂ ਪਾਰਕਿੰਗ ਥਾਂ।
  8. ਟਰਮੀਨਲ ਇਮਾਰਤ ਦਾ ਫ਼ੇਜ਼ -1 ਲਈ ਜ਼ਮੀਨ ਦੀ ਲਾਗਤ ਨੂੰ ਛੱਡ ਕੇ 140 ਕਰੋੜ ਰੁਪਏ ਦੀ ਲਾਗਤ ਆਉਣ ਦਾ ਅਨੁਮਾਨ ਹੈ।
  9.  ਗੁਰੂ ਨਾਨਕ ਦੇਵ ਜੀ ਦੀ 550ਵੇਂ ਗੁਰਪੁਰਬ ਦੇ ਸ਼ੁਰੂ ਤੋਂ ਪਹਿਲਾਂ ਉਕਤ ਯਾਤਰੀ ਟਰਮਿਨਲ ਕੰਪਲੈਕਸ ਦਾ ਫ਼ੇਜ਼ -1 ਚਾਲੂ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।

ਕਰਤਾਰਪੁਰ ਲਾਂਘੇ ਨਾਲ ਸਬੰਧਤ ਕੁੱਝ ਖ਼ਾਸ ਗੱਲਾਂ :

ਕਰਤਾਰਪੁਰ ਲਾਂਘੇ ਲਈ ਉਂਜ ਤਾਂ ਆਜ਼ਾਦੀ ਤੋਂ ਬਾਅਦ ਹੀ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਸਨ ਤੇ ਉਸ ਤੋਂ ਬਾਅਦ ਇਹ ਮਾਮਲਾ ਯੂ.ਐਨ.ਓ ਤਕ ਵੀ ਪਹੁੰਚਿਆ ਸੀ ਪਰ ਇਸ ਵਿਚ ਪ੍ਰਗਤੀ ਪਹਿਲੀ ਵਾਰ ਉਸ ਵੇਲੇ ਹੋਈ ਜਦੋਂ ਪਰਵੇਜ਼ ਮੁਸ਼ਰੱਫ਼ ਪਾਕਿਸਤਾਨ ਦੇ ਰਾਸ਼ਟਰਪਤੀ ਬਣੇ।

  1. ਸੰਨ 1999 'ਚ ਪਹਿਲੀ ਵਾਰ ਕਰਤਾਰਪੁਰ ਲਾਂਘਾ ਖੋਲ੍ਹਣ ਦਾ ਐਲਾਨ ਹੋਇਆ ਸੀ। ਉਸ ਸਮੇਂ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਵਫ਼ਦ ਸਮੇਤ ਪਾਕਿਸਤਾਨ ਦੌਰ 'ਤੇ ਗਏ ਸਨ। ਇਹ ਐਲਾਨ ਪਰਵੇਜ਼ ਮੁਸ਼ਰੱਫ ਨੇ ਕੀਤਾ ਸੀ। 
  2. ਪਾਕਿਸਤਾਨ ਨੇ 2001 'ਚ ਪਹਿਲੀ ਵਾਰ ਭਾਰਤੀ ਜਥੇ ਨੂੰ ਇਜਾਜ਼ਤ ਦਿਤੀ ਸੀ।
  3. 2008 'ਚ ਵਿਦੇਸ਼ ਮੰਤਰੀ ਪ੍ਰਣਬ ਮੁਖਰਜੀ ਨੇ ਡੇਰਾ ਬਾਬਾ ਨਾਨਕ ਦਾ ਦੌਰਾ ਕੀਤਾ ਅਤੇ ਰਿਪੋਰਟ ਤਿਆਰ ਕੀਤੀ।
  4. 2008 'ਚ ਹੀ ਸ਼੍ਰੋਮਣੀਕਮੇਟੀ ਨੇ ਡਾ. ਮਨਮੋਹਨ ਸਿੰਘ ਤੇ ਉਸ ਸਮੇਂ ਦੇ ਵਿਦੇਸ਼ ਮੰਤਰੀ ਐਸ.ਐਮ. ਕ੍ਰਿਸ਼ਨਾ ਤੋਂ ਕੋਰੀਡੋਰ ਖੋਲ੍ਹਣ ਦੀ ਮੰਗ ਕੀਤੀ ਸੀ।
  5. 2017 'ਚ ਵਿਦੇਸ਼ ਮਾਮਲਿਆਂ ਤੇ ਸੰਸਦ ਦੀ ਸਥਾਈ ਕਮੇਟੀ ਨੇ ਕੋਰੀਡੋਰ ਦੀਆਂ ਸੰਭਾਵਨਾਵਾਂ ਨੂੰ ਖਾਰਜ ਕੀਤਾ।
  6. 2018 'ਚ ਨਵਜੋਤ ਸਿੰਘ ਸਿੱਧੂ ਵਲੋਂ ਪਾਕਿਸਤਾਨ ਇਮਰਾਨ ਖ਼ਾਨ ਦੀ ਤਾਜਪੋਸ਼ੀ 'ਚ ਹਿੱਸਾ ਲੈਣ ਉਪਰੰਤ ਫਿਰ ਤੋਂ  ਗੱਲਬਾਤ ਸ਼ੁਰੂ ਹੋਈ।
  7. 2018 ਅਕਤੂਬਰ 'ਚ ਹੀ ਪਾਕਿਸਤਾਨ ਵਲੋਂ ਕਰਤਾਰਪੁਰ 'ਚ ਨਿਰਮਾਣ ਕਾਰਜ ਸ਼ੁਰੂ ਹੋਇਆ।