ਕੋਰੋਨਾ ਵਾਇਰਸ: ਇਟਲੀ ਤੋਂ ਪਰਤਦਿਆਂ ਜ਼ਿਲ੍ਹਾ ਪੁਲਿਸ ਮੁਖੀ ਤੇ ਉਨ੍ਹਾਂ ਦੀ ਪਤਨੀ ਘਰ ਵਿਚ 'ਕੈਦ'
ਧੂਰੀ ਦੇ ਦੋ ਸ਼ੱਕੀ ਮਰੀਜ਼ ਸਿਵਲ ਹਸਪਤਾਲ 'ਚ ਭਰਤੀ
ਸੰਗਰੂਰ- ਕੋਰੋਨਾ ਵਾਇਰਸ ਦਾ ਡਰ ਏਸ ਪੱਧਰ 'ਤੇ ਫੈਲਿਆ ਹੋਇਆ ਹੈ ਕਿ ਹਰ ਕੋਈ ਇਸ ਡਰ ਕਾਰਨ ਪ੍ਰਭਾਵਿਤ ਨਜ਼ਰ ਆ ਰਿਹਾ ਹੈ ਜ਼ਿਲ੍ਹਾ ਸੰਗਰੂਰ ਦੇ ਪੁਲਿਸ ਮੁਖੀ ਡਾ. ਸੰਦੀਪ ਗਰਗ ਅਤੇ ਉਨ੍ਹਾਂ ਦੀ ਧਰਮ ਪਤਨੀ ਜਿਹੜੇ ਕੁਝ ਦਿਨ ਪਹਿਲਾਂ ਹੀ ਇਟਲੀ ਤੇ ਹੋਰ ਦੇਸ਼ਾਂ ਵਿਚੋਂ ਛੁੱਟੀਆਂ ਮਨਾ ਕੇ ਵਾਪਿਸ ਆਏ ਹਨ, ਦੋਵਾਂ ਨੂੰ ਉਨ੍ਹਾਂ ਦੇ ਸੰਗਰੂਰ ਸਥਿਤ ਘਰ ਵਿਚ ਹੀ ਨਜ਼ਰਬੰਦ ਰਖਿਆ ਗਿਆ ਹੈ ਵਿਭਾਗੀ ਸੂਤਰਾਂ ਮੁਤਾਬਕ ਉਨ੍ਹਾਂ ਨੂੰ ਘੱਟ ਤੋਂ ਘੱਟ ਚੌਦਾਂ ਦਿਨਾਂ ਤਕ ਇਸੇ ਤਰ੍ਹਾਂ ਰਹਿਣਾ ਪਵੇਗਾ ਅਤੇ ਇਸੇ ਦੌਰਾਨ ਉਨ੍ਹਾਂ ਨੂੰ ਘਰੋਂ ਬਾਹਰ ਨਿੱਕਲਣ ਦੀ ਆਗਿਆ ਨਹੀਂ ਹੋਵੇਗੀ।
ਅਤੇ ਨਾ ਹੀ ਉਹ ਕਿਸੇ ਨੂੰ ਮਿਲ ਸਕਦੇ ਹਨ, ਇਥੋਂ ਤਕ ਕਿ ਉਨ੍ਹਾਂ ਦੀ ਡਾਕ ਦੇ ਆਉਣ ਜਾਣ 'ਤੇ ਵੀ ਫਿਲਹਾਲ ਰੋਕ ਲਾਈ ਹੋਈ ਹੈ। ਜ਼ਿਕਰਯੋਗ ਹੈ ਕਿ ਇਟਲੀ ਵਿਚ ਕੋਰੋਨਾ ਵਾਇਰਸ ਵੱਡੇ ਪੱਧਰ 'ਤੇ ਫੈਲਿਆ ਹੋਇਆ ਹੈ। ਡਾ. ਗਰਗ ਵਲੋਂ ਭਾਵੇਂ ਅਪਣੇ ਤੌਰ 'ਤੇ ਇਹ ਵੀ ਕਿਹਾ ਗਿਆ ਕਿ ਜਦੋਂ ਇਟਲੀ ਵਿਚ ਇਸ ਵਾਇਰਸ ਕਾਰਨ ਇਕ ਮਰੀਜ਼ ਦੀ ਮੌਤ ਹੋਈ ਸੀ ਤਾਂ ਉਨ੍ਹਾਂ ਅਪਣਾ ਟੂਰ ਪ੍ਰੋਗਰਾਮ ਤਬਦੀਲ ਕਰ ਲਿਆ ਸੀ ਅਤੇ ਉਹ ਅੱਗੇ ਸਵਿਟਜ਼ਰਲੈਂਡ ਚਲੇ ਗਏ ਸਨ।
ਅਤੇ ਉਨ੍ਹਾਂ ਨਾਲ ਦੋ ਹਰ ਅਫ਼ਸਰ ਵੀ ਮੌਜੂਦ ਸਨ ਵਿਭਾਗ ਨੇ ਇਨ੍ਹਾਂ ਚਾਰੇ ਅਫ਼ਸਰਾਂ ਨੂੰ ਘਰਾਂ ਵਿਚ ਰਹਿਣ ਦੇ ਆਦੇਸ਼ ਕੀਤੇ ਹਨ। ਇਸ ਡਿਪਟੀ ਕਮਿਸ਼ਨਰ ਸ਼੍ਰੀ ਘਣਸ਼ਿਆਮ ਥੋਰੀ ਨੇ ਕਿਹਾ ਕਿ ਡਾ: ਸੰਦੀਪ ਗਰਗ ਅਤੇ ਉਨ੍ਹਾਂ ਦੀ ਪਤਨੀ ਨੂੰ ਅਹਿਤੀਆਤ ਤੌਰ ਤੇ ਘਰ ਵਿਚ ਰਹਿਣ ਲਈ ਕਿਹਾ ਗਿਆ ਹੈ। ਡਾ: ਗਰਗ ਨੇ ਵਿਦੇਸ਼ ਤੋਂ ਪਰਤਣ ਤੋਂ ਬਾਅਦ ਅਪਣਾ ਪੂਰੀ ਮੈਡੀਕਲ ਚੈੱਕਅਪ ਕਰਵਾਇਆ ਸੀ ਅਤੇ ਕੋਰੋਨਾ ਵਾਇਰਸ ਸਬੰਧੀ ਉਨ੍ਹਾਂ ਵਿਚ ਕੋਈ ਲੱਛਣ ਨਹੀਂ ਮਿਲੇ ਰਿਪੋਰਟ ਵੀ ਨੈਗਟਿਵ ਆਈ ਹੈ।
ਦੱਸ ਦਈਏ ਕਰੋਨਾ ਵਾਇਰਸ ਦੇ ਦੋ ਸ਼ੱਕੀ ਮਰੀਜ਼ਾਂ ਨੂੰ ਸੰਗਰੂਰ ਦੇ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ ਇਹ ਦੋਵੇਂ ਮਰੀਜ਼ ਪਿਛਲੇ ਦਿਨੀਂ ਨੇਪਾਲ ਗਏ ਸਨ ਅਤੇ ਵਾਪਿਸ ਆ ਕੇ ਇਨ੍ਹਾਂ ਨੂੰ ਖੰਘ ਤੇ ਬੁਖ਼ਾਰ ਦੀ ਸ਼ਿਕਾਇਤ ਹੋਈ ਜਿਸ ਕਾਰਨ ਇਨ੍ਹਾਂ ਨੂੰ ਸਿਵਲ ਹਸਪਤਾਲ ਧੂਰੀ ਵਿਚ ਦਾਖ਼ਲ ਕਰਵਾਇਆ ਗਿਆ ਸੀ ਪਰ ਉਨ੍ਹਾਂ ਦੀ ਧੂਰੀ ਤੋਂ ਸੰਗਰੂਰ ਦੇ ਸਿਵਲ ਹਸਪਤਾਲ ਵਿਚ ਭੇਜ ਦਿਤਾ ਗਿਆ।
ਧੂਰੀ ਤੋਂ ਆਏ ਇਨ੍ਹਾਂ ਮਰੀਜ਼ਾਂ ਕਾਰਨ ਸੰਗਰੂਰ ਦੇ ਸਰਕਾਰੀ ਹਸਪਤਾਲ ਵਿਚ ਹਫੜਾ ਦਫੜੀ ਮੱਚ ਗਈ ਅਤੇ ਇਨ੍ਹਾਂ ਨੂੰ ਤੁਰਤ ਆਈਸੋਲੇਸ਼ਨ ਵਾਰਡ ਵਿਚ ਭਰਤੀ ਕਰਵਾਇਆ ਗਿਆ ਹੈ। ਸਿਵਲ ਸਰਜਨ ਨੇ ਦਸਿਆ ਕਿ ਇਨ੍ਹਾਂ ਦੋਵੇਂ ਮਰੀਜ਼ਾਂ ਵਿਚ ਕੋਰੋਨਾ ਦੇ ਕੋਈ ਲੱਛਣ ਨਜ਼ਰ ਨਹੀਂ ਆ ਰਹੇ ਮੈਡੀਕਲ ਰਿਪੋਰਟ ਵੀ ਕਰਵਾਈ ਗਈ ਹੈ ਜਿਸ ਤੋਂ ਸਪੱਸ਼ਟ ਹੋ ਜਾਵੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।