ਪੰਜਾਬੀਆਂ ਲਈ ਵੱਡੀ ਖੁਸ਼ਬਰੀ! ਕੈਪਟਨ ਸਾਬ੍ਹ ਨੌਕਰੀਆਂ ਲਈ 16 ਤਰੀਕ ਨੂੰ ਕਰ ਸਕਦੇ ਨੇ ਵੱਡਾ ਐਲਾਨ

ਏਜੰਸੀ

ਖ਼ਬਰਾਂ, ਪੰਜਾਬ

ਬੇਰੁਜ਼ਗਾਰ ਅਧਿਆਪਕਾਂ ਨੇ ਪਿਛਲੇ ਦਿਨਾਂ ਵਿਚ ਸੁਰੇਸ਼ ਕੁਮਾਰ ਨਾਲ...

Punjab government to provide jobs to unemployed

ਚੰਡੀਗੜ੍ਹ: ਪੰਜਾਬ ਸਰਕਾਰ ਨੂੰ 16 ਮਾਰਚ ਨੂੰ ਤਿੰਨ ਸਾਲ ਪੂਰੇ ਹੋਣ ਵਾਲੇ ਹਨ। ਇਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਕੋਈ ਵੱਡਾ ਫ਼ੈਸਲਾ ਲੈ ਸਕਦੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨੇ ਬੇਰੁਜ਼ਗਾਰ ਅਧਿਆਪਕਾਂ ਦੇ ਵਫ਼ਦ ਨੂੰ ਯਕੀਨ ਦਵਾਇਆ ਹੈ ਕਿ 16 ਮਾਰਚ ਨੂੰ ਮੁੱਖ ਮੰਤਰੀ ਅਧਿਆਪਕਾਂ ਦੀ ਸਮੂਹਕ ਭਰਤੀ ਦਾ ਐਲਾਨ ਕਰ ਸਕਦੇ ਹਨ।

ਬੇਰੁਜ਼ਗਾਰ ਅਧਿਆਪਕਾਂ ਨੇ ਪਿਛਲੇ ਦਿਨਾਂ ਵਿਚ ਸੁਰੇਸ਼ ਕੁਮਾਰ ਨਾਲ ਡੇਢ ਘੰਟੇ ਦੀ ਮੁਲਾਕਾਤ ਤੋਂ ਬਾਅਦ 14 ਮਾਰਚ ਦੇ ਵਿਰੋਧ ਨੂੰ ਮੁਲਤਵੀ ਕਰ ਦਿੱਤਾ ਸੀ। ਮੀਟਿੰਗ ਦੌਰਾਨ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ, ਡੀਪੀਆਈ ਐਲੀਮੈਂਟਰੀ ਇੰਦਰਜੀਤ ਸਿੰਘ, ਮੁੱਖ ਮੰਤਰੀ ਦੇ ਰਾਜਨੀਤਿਕ ਸਕੱਤਰ ਕੈਪਟਨ ਸੰਦੀਪ ਸੰਧੂ ਵੀ ਮੌਜੂਦ ਸਨ। ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਮੁੱਖੀ ਦੀਪਕ ਕੰਬੋਜ ਦਾ ਕਹਿਣਾ ਹੈ ਕਿ ਸਾਡੀ ਸਭ ਤੋਂ ਵੱਡੀ ਮੰਗ ਅਧਿਆਪਕਾਂ ਦੀ ਭਰਤੀ ਖੋਲ੍ਹਣ ਦੀ ਸੀ।

ਉਹਨਾਂ ਇਹ ਵੀ ਮੰਗ ਕੀਤੀ ਹੈ ਕਿ ਅਸਾਮੀਆਂ ਦੀ ਗਿਣਤੀ ਵਧਾਈ ਜਾਵੇ। ਇਸ ਸਮੇਂ ਸਰਕਾਰ ਨੇ 1664 ਅਸਾਮੀਆਂ ਲਈ ਭਰਤੀ ਦਾ ਐਲਾਨ ਕੀਤਾ ਹੈ ਜਦਕਿ ਰਾਜ ਵਿਚ 12 ਹਜ਼ਾਰ ਤੋਂ ਵਧ ਅਸਾਮੀਆਂ ਖਾਲ੍ਹੀ ਹਨ। ਦਸ ਦਈਏ ਕਿ ਨੌਕਰੀ ਦੀ ਮੰਗ ਲਈ ਰੋਸ ਪ੍ਰਦਰਸ਼ਨ ਕਰ ਰਹੇ ਐਲੀਮੈਂਟਰੀ ਟੀਚਰ ਟ੍ਰੇਨਿੰਗ ਅਤੇ ਟੈਟ ਬੇਰੁਜ਼ਗਾਰ ਅਧਿਆਪਕਾਂ ਤੇ ਪੁਲਿਸ ਨੇ ਲਾਠੀਚਾਰਜ ਕਰ ਦਿੱਤਾ ਸੀ।

ਇਹ ਅਧਿਆਪਕ ਪਟਿਆਲਾ ਵਿਖੇ ਪ੍ਰਦਰਸ਼ਨ ਕਰਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਵਾਸ ਮੋਤੀ ਮਹਿਲ ਵੱਲ ਕੂਚ ਕਰਨ ਦੀ ਕੋਸ਼ਿਸ਼ ਵਿਚ ਸਨ। ਜਾਣਕਾਰੀ ਮੁਤਾਬਕ ਜਦੋਂ ਬੇਰੁਜ਼ਗਾਰ ਅਧਿਆਪਕ ਦੁਪਹਿਰ ਨੂੰ ਨਹਿਰੂ ਪਾਰਕ ਵਿਚ ਇਕੱਠੇ ਹੋਏ ਸਨ ਤਾਂ ਪੁਲਿਸ ਨੇ ਨਹਿਰੂ ਪਾਰਕ ਦੀ ਘੇਰਾਬੰਦੀ ਕਰ ਦਿੱਤੀ। ਉਸ ਤੋਂ ਬਾਅਦ ਬੇਰੁਜ਼ਗਾਰ ਅਧਿਆਪਕਾਂ ਨੇ ਨਹਿਰੂ ਪਾਰਕ ਦੀਆਂ ਤਾਰਾਂ ਨੂੰ ਟੱਪ ਕੇ ਸਿੱਧਾ ਮੋਤੀ ਮਹਿਲ ਵੱਲ ਵਧਣਾ ਸ਼ੁਰੂ ਕਰ ਦਿੱਤਾ।  

ਇਸ ਦੌਰਾਨ ਉਹਨਾਂ ਨੇ ਪੁਲਿਸ ਨਾਲ ਟਕਰਾਅ ਹੋਇਆ ਅਤੇ ਪੁਲਿਸ ਨੇ ਲਾਠੀਚਾਰਜ ਕਰ ਉਹਨਾਂ ਨੂੰ ਬੁਰੀ ਤਰ੍ਹਾਂ ਕੁੱਟਿਆ। ਇਸ ਲਾਠੀਚਾਰਜ ਵਿਚ ਕਈ ਅਧਿਆਪਕਾਂ ਦੇ ਸੱਟਾਂ ਵੀ ਲੱਗੀਆਂ। ਪੁਲਿਸ ਵੱਲੋਂ ਕਈ ਅਧਿਆਪਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਦੌਰਾਨ ਕਈ ਲੋਕਾਂ ਦੀਆਂ ਦਸਤਾਰਾਂ ਵੀ ਉਤਰੀਆਂ ਜਿਸ ਨੂੰ ਅਧਿਆਪਕ ਆਗੂਆਂ ਵੱਲੋਂ ਮੰਦਭਾਗਾ ਕਰਾਰ ਦਿੱਤਾ ਗਿਆ ਹੈ।

ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਅਧਿਆਪਕਾਂ ਦੀਆਂ ਬਹੁਤ ਸਾਰੀਆਂ ਅਸਾਮੀਆਂ ਖਾਲ੍ਹੀ ਪਈਆਂ ਹਨ ਪਰ ਸਰਕਾਰ ਵੱਲੋਂ ਉਹਨਾਂ ਨੂੰ ਭਰਿਆ ਨਹੀਂ ਜਾ ਰਿਹਾ। ਸਰਕਾਰ ਵੱਲੋਂ ਬੀਐਡ ਦੀਆਂ ਮਾਤਰ 2000 ਦੇ ਕਰੀਬ ਅਤੇ ਈਟੀਟੀ ਦੀਆਂ ਕਰੀਬ 500 ਪੋਸਟਾਂ ਕੱਢ ਕੇ ਉਹਨਾਂ ਨਾਲ ਮਜ਼ਾਕ ਕੀਤਾ ਗਿਆ ਹੈ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।