ਅਕਾਲੀ ਦਲ ਦੀ ਸਰਕਾਰ ਬਣਨ 'ਤੇ ਉਪ ਮੁੱਖ ਮੰਤਰੀ ਦਲਿਤ ਪਰਿਵਾਰ ਦਾ ਹੋਵੇਗਾ- ਸੁਖਬੀਰ ਬਾਦਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਡਾ ਅੰਬੇਦਕਰ ਨੂੰ ਸ਼ਰਧਾਂਜਲੀ ਦੇਣ ਜਲੰਧਰ ਪਹੁੰਚੇ ਸੁਖਬੀਰ ਬਾਦਲ ਨੇ ਕੀਤਾ ਵੱਡਾ ਐਲਾਨ

Sukhbir badal

ਜਲੰਧਰ: ਡਾ. ਭੀਮ ਰਾਓ ਅੰਬੇਦਕਰ ਦੀ 130ਵੀਂ ਜਯੰਤੀ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਸ਼ਰਧਾਂਜਲੀ ਦੇਣ ਜਲੰਧਰ ਵਿਖੇ ਪਹੁੰਚੇ। ਇਸ ਮੌਕੇ ਸੁਖਬੀਰ ਬਾਦਲ ਨੇ ਅਹਿਮ ਐਲਾਨ ਕਰਦਿਆਂ ਕਿਹਾ ਕਿ 2022 ਵਿਚ ਪੰਜਾਬ ’ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ 'ਤੇ ਉਪ ਮੁੱਖ ਮੰਤਰੀ ਦਲਿਤ ਪਰਿਵਾਰ ਦਾ ਹੋਵੇਗਾ|

ਇਸ ਦੇ ਨਾਲ ਹੀ ਅਕਾਲੀ ਸਰਕਾਰ ਬਣਨ 'ਤੇ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੇ ਨਾਂਅ 'ਤੇ ਦੋਆਬੇ ਵਿਚ ਇਕ ਵੱਡੀ ਯੂਨੀਵਰਸਿਟੀ ਬਣਾਈ ਜਾਵੇਗੀ, ਜਿੱਥੇ ਵਿਦਿਆਰਥੀਆਂ ਨੂੰ ਬਾਬਾ ਸਾਹਿਬ ਦੇ ਵਿਚਾਰਾਂ ਨਾਲ ਜੋੜਿਆ ਜਾਵੇਗਾ। ਪੱਤਰਕਾਰਾਂ ਨਾਲ ਗੱਲ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਬਾਬਾ ਸਾਹਿਬ ਇਕ ਮਸੀਹਾ ਸਨ। 

ਉਹਨਾਂ ਕਿਹਾ ਕਿ ਬਾਬਾ ਸਾਹਿਬ ਨੇ ਗਰੀਬਾਂ ਨੂੰ ਅਧਿਕਾਰ ਦੇਣ ਲਈ, ਸਾਰੇ ਵਰਗਾਂ ਨੂੰ ਸੁਰੱਖਿਆ ਦੇਣ ਲਈ ਅਤੇ ਸੂਬਿਆਂ ਨੂੰ ਅਧਿਕਾਰ ਦੇਣ ਲਈ ਸੰਵਿਧਾਨ ਬਣਾਇਆ ਸੀ। ਅੱਜ ਜਿਸ ਸੰਵਿਧਾਨ ਅਨੁਸਾਰ ਦੇਸ਼ ਚੱਲ ਰਿਹਾ ਹੈ, ਉਹ ਬਾਬਾ ਸਾਹਿਬ ਅੰਬੇਦਕਰ ਦੀ ਦੇਣ ਹੈ। ਦੱਸ ਦਈਏ ਕਿ ਇਸ ਮੌਕੇ ਭਾਰੀ ਗਿਣਤੀ ਵਿਚ ਲੋਕਾਂ ਵੱਲੋਂ ਸੁਖਬੀਰ ਬਾਦਲ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਉਹਨਾਂ ਦਾ ਵਿਰੋਧ ਵੀ ਕੀਤਾ ਗਿਆ।