ਕੋਰੋਨਾ ਦੀ ਜੰਗ ਹਾਰੇ ਆਪ ਦੇ ਸਾਬਕਾ ਵਿਧਾਇਕ ਜਰਨੈਲ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦਿੱਲੀ ਦੇ ਰਾਜੌਰੀ ਗਾਰਡਨ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਹਿ ਚੁੱਕੇ ਜਰਨੈਲ ਸਿੰਘ ਦੀ ਕੋਰੋਨਾ ਵਾਇਰਸ ਦੇ ਚਲਦਿਆਂ ਮੌਤ ਹੋ ਗਈ।

Jarnail Singh

ਚੰਡੀਗੜ੍ਹ: ਦਿੱਲੀ ਦੇ ਰਾਜੌਰੀ ਗਾਰਡਨ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਹਿ ਚੁੱਕੇ ਜਰਨੈਲ ਸਿੰਘ ਦੀ ਕੋਰੋਨਾ ਵਾਇਰਸ ਦੇ ਚਲਦਿਆਂ ਮੌਤ ਹੋ ਗਈ। ਉਹਨਾਂ ਨੇ ਦਿੱਲੀ ਦੇ ਰਾਜੀਵ ਗਾਂਧੀ ਸੁਪਰ ਸਪੈਸ਼ਲਟੀ ਹਸਪਤਾਲ 'ਚ ਆਖਰੀ ਸਾਹ ਲਏ। ਉਹਨਾਂ ਦੀ ਮੌਤ ਨਾਲ ਸਿੱਖ ਕੌਮ ਨੂੰ ਵੱਡਾ ਘਾਟਾ ਪਿਆ ਹੈ।

ਦੱਸ ਦਈਏ ਕਿ ਪੱਤਰਕਾਰ ਅਤੇ ਸਿਆਸੀ ਆਗੂ ਜਰਨੈਲ ਸਿੰਘ ਨੇ 29 ਅਪ੍ਰੈਲ ਨੂੰ ਇਕ ਫੇਸਬੁੱਕ ਪੋਸਟ ਜ਼ਰੀਏ ਕਿਹਾ ਸੀ, "ਉਹ ਹੋਰਨਾਂ ਵਾਂਗ ਸਰੀਰਕ ਕਸ਼ਟ 'ਚ ਹਨ, ਕ੍ਰਿਪਾ ਕਰਕੇ ਫੋਨ ਨਾ ਕਰੋ, ਗੱਲ ਕਰਨ ਨਾਲ ਸਾਹ ਹੋਰ ਔਖਾ ਹੁੰਦਾ ਹੈ। ਸਰਬਤ ਦੇ ਭਲੇ ਦੀ ਅਰਦਾਸ ਕਰੋ।"

ਜਰਨੈਲ ਸਿੰਘ ਸਾਲ 2015 ‘ਚ ਰਾਜੌਰੀ ਗਾਰਡਨ ਤੋਂ ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਅਕਾਲੀ ਦਲ ਦੇ ਮਨਜਿੰਦਰ ਸਿੰਘ ਸਿਰਸਾ ਨੂੰ ਹਰਾ ਕੇ ਵਿਧਾਇਕ ਬਣੇ ਸਨ। ਜਰਨੈਲ ਸਿੰਘ ਦੇ ਦੇਹਾਂਤ ’ਤੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਸਮੇਤ ਕਈ ਪਾਰਟੀ ਆਗੂਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਆਮ ਆਦਮੀ ਪਾਰਟੀ ਨੇ ਦਿੱਲੀ ਦੇ ਰਾਜੌਰੀ ਗਾਰਡਨ ਤੋਂ ਸਾਬਕਾ ਵਿਧਾਇਕ ਰਹੇ ਜਰਨੈਲ ਸਿੰਘ ਨੂੰ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਮੁਅੱਤਲ ਕਰ ਦਿਤਾ ਸੀ। ਉਹਨਾਂ ਨੂੰ ਹਿੰਦੂ ਦੇਵੀ-ਦੇਵਤਿਆਂ ਖਿਲਾਫ ਪੋਸਟ ਪਾਉਣ ਕਰਕੇ ਪਾਰਟੀ 'ਚੋਂ ਕੱਢਿਆ ਗਿਆ ਸੀ। ਹਾਲਾਂਕਿ ਉਹਨਾਂ ਨੇ ਸਫ਼ਾਈ ਦਿੰਦਿਆਂ ਦੱਸਿਆ ਕਿ ਉਹਨਾਂ ਦੇ ਫੋਨ ਉਹਨਾਂ ਦੇ ਬੇਟੇ ਕੋਲ ਸੀ।

ਜਰਨੈਲ ਸਿੰਘ 1984 ਕਤਲੇਆਮ ਦੌਰਾਨ ਅਪਣਾ ਪਰਿਵਾਰ ਗਵਾ ਚੁੱਕੇ ਸਨ। ਉਦੋਂ ਤੋਂ ਹੀ ਉਹ ਪੀੜਤਾਂ ਨੂੰ ਇਨਸਾਫ਼ ਦਿਵਾਉਣ ਦੀ ਜੰਗ ਲੜ ਰਹੇ ਸਨ। ਜਰਨੈਲ ਸਿੰਘ ਪੱਤਰਕਾਰ ਤੋਂ ਸਿਆਸਤ ਦੇ ਪੇਸ਼ੇ ਵਿਚ ਆਏ ਸੀ। ਸਾਲ 2009 ਵਿਚ ਉਹ ਤਤਕਾਲੀ ਗ੍ਰਹਿ ਮੰਤਰੀ ਚਿਦੰਬਰਮ 'ਤੇ ਜੁੱਤਾ ਸੁੱਟਣ ਨਾਲ ਚਰਚਾ ਵਿਚ ਆਏ ਸਨ।