ਦੁਨੀਆਂ ਭਰ ਦੇ ਕਲਾ ਤੇ ਸਾਹਿਤ ਪ੍ਰੇਮੀ ਬਾਬੇ ਨਾਨਕ ਦੇ 550ਵੇਂ ਸਮਾਗਮਾਂ 'ਚ ਸ਼ਾਮਲ ਹੋਣ : ਚੰਨੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ - ਪੰਜਾਬ ਕਲਾ ਪਰਿਸ਼ਦ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਸਬੰਧੀ ਸਾਲ ਭਰ ਦੇ ਪ੍ਰੋਗਰਾਮ ਉਲੀਕੇ ਗਏ ਹਨ

Gurupurb

ਚੰਡੀਗੜ੍ਹ : ਪੰਜਾਬ ਦੇ ਸੈਰ ਸਪਾਟਾ ਤੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਨੇ ਦੁਨੀਆਂ ਭਰ ਵਿਚ ਵਸਦੇ ਕਲਾ ਤੇ ਸਾਹਿਤ ਪ੍ਰੇਮੀਆਂ ਨੂੰ ਪੰਜਾਬ ਸਰਕਾਰ ਵਲੋਂ ਕਰਵਾਏ ਜਾ ਰਹੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਦੇ ਸਮਾਗਮਾਂ ਵਿਚ ਸ਼ਾਮਲ ਹੋਣ ਦਾ ਸੱਦਾ ਦਿਤਾ ਹੈ। ਇਹ ਗੱਲ ਅੱਜ ਉਨ੍ਹਾਂ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਡਾ. ਸੁਰਜੀਤ ਪਾਤਰ ਤੇ ਸਕੱਤਰ ਜਨਰਲ ਡਾ .ਲਖਵਿੰਦਰ ਸਿੰਘ ਜੌਹਲ ਨਾਲ ਮੀਟਿੰਗ ਕਰਨ ਉਪਰੰਤ ਇਥੇ ਜਾਰੀ ਪ੍ਰੈਸ ਬਿਆਨ ਵਿਚ ਕਹੀ।

ਇਸ ਮੌਕੇ ਡਾ. ਪਾਤਰ ਨੇ ਕੈਬਨਿਟ ਮੰਤਰੀ ਸ੍ਰੀ ਚੰਨੀ ਨੂੰ ਜਾਣੂ ਕਰਵਾਇਆ ਕਿ ਪਰਿਸ਼ਦ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਸਬੰਧੀ ਸਾਲ ਭਰ ਦੇ ਪ੍ਰੋਗਰਾਮ ਉਲੀਕੇ ਗਏ ਹਨ ਜਿਹੜੇ ਕਿ ਸੂਬੇ ਦੇ ਵੱਖ-ਵੱਖ ਥਾਵਾਂ ਵਿਚ ਕਰਵਾਏ ਜਾ ਰਹੇ ਹਨ। ਕੈਬਨਿਟ ਮੰਤਰੀ ਨੇ ਇਨ੍ਹਾਂ ਪ੍ਰੋਗਰਾਮਾਂ ਦੀ ਸਰਾਹਣਾ ਕਰਦਿਆਂ ਕਲਾ ਪਰਿਸ਼ਦ ਨੂੰ ਕਿਹਾ ਕਿ ਉਹ ਇਕ ਵਿਆਪਕ ਖਾਕਾ ਉਲੀਕਣ ਜਿਸ ਤਹਿਤ ਨਵੰਬਰ ਮਹੀਨੇ ਹੋਣ ਵਾਲੇ 550ਵੇਂ ਗੁਰਪੁਰਬ ਸਮਾਗਮ ਵਿੱਚ ਪੰਜਾਬ ਤੋਂ ਇਲਾਵਾ ਦੇਸ਼ ਅਤੇ ਵਿਦੇਸ਼ਾਂ ਤੋਂ ਕਲਾ ਤੇ ਸਾਹਿਤ ਪ੍ਰੇਮੀ ਵੱਡੀ ਗਿਣਤੀ ਵਿਚ ਸ਼ਾਮਲ ਹੋ ਸਕਣ। 

ਇਸ ਤੋਂ ਪਹਿਲਾਂ ਡਾ.ਪਾਤਰ ਤੇ ਡਾ.ਜੌਹਲ ਨੇ ਨਵੇਂ ਬਣੇ ਸੈਰ ਸਪਾਟਾ ਤੇ ਸਭਿਆਚਾਰ ਮਾਮਲਿਆਂ ਬਾਰੇ ਮੰਤਰੀ ਨਾਲ ਮੁਲਾਕਾਤ ਕਰ ਕੇ ਗੁਲਦਸਤਾ ਭੇਂਟ ਕਰ ਕੇ ਸ਼ੁਭਕਾਮਨਾਵਾਂ ਦਿਤੀਆਂ।