ਪੰਜਾਬ ਵਿਚ ਝੋਨੇ ਦਾ ਸੀਜ਼ਨ ਸ਼ੁਰੂ ਪਰ ਲੇਬਰ ਗਾਇਬ

ਏਜੰਸੀ

ਖ਼ਬਰਾਂ, ਪੰਜਾਬ

ਵੱਧ ਕੀਮਤ 'ਤੇ ਵੀ ਨਹੀਂ ਮਿਲ ਰਹੀ ਲੇਬਰ

Paddy season starts in Punjab but labor disappears

ਲੁਧਿਆਣਾ: ਝੋਨੇ ਦਾ ਸੀਜ਼ਨ ਚੱਲ ਰਿਹਾ ਹੈ ਅਤੇ 13 ਜੂਨ ਤੋਂ ਝੋਨੇ ਦੀ ਰਸਮੀ ਲਵਾਈ ਦੀ ਸ਼ੁਰੂਆਤ ਵੀ ਹੋ ਚੁੱਕੀ ਹੈ ਪਰ ਕਿਸਾਨਾਂ ਨੂੰ ਲੇਬਰ ਦੀ ਕਮੀ ਕਰ ਕੇ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇੱਥੋਂ ਤਕ ਕਿ ਕਿਸਾਨ ਲੇਬਰ ਨੂੰ ਵੱਧ ਪੈਸੇ, ਰੋਟੀ ਅਤੇ ਮਕਾਨ ਵੀ ਦੇਣ ਨੂੰ ਤਿਆਰ ਹਨ ਪਰ ਲੇਬਰ ਦੀ ਕਮੀ ਕਿਸਾਨਾਂ ਦਾ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਕਿਸਾਨ ਰੇਲਵੇ ਸਟੇਸ਼ਨਾਂ 'ਤੇ ਆ ਕੇ ਲੇਬਰ ਲੱਭ ਰਹੇ ਨੇ ਪਰ ਲੇਬਰ ਨਹੀਂ ਹੈ।

ਕਿਸਾਨਾਂ ਨੇ ਕਿਹਾ ਹੈ ਕਿ ਬੀਤੇ ਸਾਲ ਜੋ ਲੇਬਰ 2500-2800 ਰੁਪਏ ਪ੍ਰਤੀ ਕਿੱਲਾ ਝੋਨੇ ਦੀ ਲਵਾਈ ਲੈਂਦੀ ਸੀ ਉਹ ਹੁਣ 3000-3500 'ਤੇ ਵੀ ਨਹੀਂ ਮਿਲ ਰਹੀ ਅਤੇ ਉਹ ਕਈ ਦਿਨਾਂ ਤੋਂ ਆ ਕੇ ਰੇਲਵੇ ਸਟੇਸ਼ਨ 'ਤੇ ਲੇਬਰ ਦੀ ਭਾਲ ਕਰ ਰਹੇ ਹਨ। ਕਿਸਾਨਾਂ ਨੇ ਕਿਹਾ ਹੈ ਕਿ ਜੇਕਰ ਇਸੇ ਤਰ੍ਹਾਂ ਲੇਬਰ ਦੀ ਕਮੀ ਰਹੀ ਤਾਂ ਉਨ੍ਹਾਂ ਦਾ ਝੋਨਾ ਕਾਫ਼ੀ ਲੇਟ ਹੋ ਜਾਵੇਗਾ ਅਤੇ ਜਿਸ ਨਾਲ ਅੱਗੇ ਜਾ ਕੇ ਮੰਡੀਆਂ ਵਿਚ ਜਦੋਂ ਫ਼ਸਲ ਸੁੱਟੀ ਜਾਵੇਗੀ ਤਾਂ ਉਸ ਵਿਚ ਨਮੀ ਜ਼ਿਆਦਾ ਹੋਣ ਕਰ ਕੇ ਉਹਨਾਂ ਦੀ ਫ਼ਸਲ ਦੀ ਖਰੀਦ ਨਹੀਂ ਹੋਵੇਗੀ।

ਕਿਸਾਨਾਂ ਦਾ ਮੰਨਣਾ ਹੈ ਕਿ ਸ਼ਾਇਦ ਲੇਬਰ ਹੁਣ ਵੱਖ ਵੱਖ ਦੇਸ਼ਾਂ ਦਾ ਰੁਖ਼ ਕਰ ਰਹੀ ਹੈ ਜਿਸ ਕਰ ਕੇ ਉਹਨਾਂ ਨੂੰ ਲੇਬਰ ਨਹੀਂ ਮਿਲ ਰਹੀ। ਕਈ ਕਿਸਾਨ ਤਾਂ ਲੁਧਿਆਣਾ ਰੇਲਵੇ ਸਟੇਸ਼ਨ 'ਤੇ ਕਈ ਕਿਲੋਮੀਟਰ ਦੂਰ ਪਿੰਡਾਂ ਤੋਂ ਵੀ ਪਹੁੰਚੇ ਹੋਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਰੋਜ਼ਾਨਾ ਰੇਲਵੇ ਸਟੇਸ਼ਨ ਆਉਣ ਦਾ ਹੀ ਖ਼ਰਚਾ ਹੋ ਰਿਹਾ ਹੈ ਪਰ ਖੇਤਾਂ ਵਿਚ ਕੱਦੂ ਕੀਤਾ ਹੋਇਆ ਹੈ ਤੇ ਝੋਨਾ ਲਾਉਣ ਵਾਲੀ ਲੇਬਰ ਗਾਇਬ ਹੈ।