ਚੰਡੀਗੜ੍ਹ 'ਚ ਅੱਜ ਪਵੇਗਾ ਹਲਕਾ ਮੀਂਹ, ਗਰਮੀ ਤੋਂ ਰਾਹਤ ਦੀ ਸੰਭਾਵਨਾ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਗਲੇ ਦੋ ਦਿਨ ਵੀ ਬੱਦਲਵਾਈ ਰਹਿਣ ਦੀ ਸੰਭਾਵਨਾ

Rain

ਚੰਡੀਗੜ੍ਹ : ਬੀਤੇ ਦਿਨ ਦੀ ਹਲਕੀ ਬੂੰਦਾਂਬਾਦੀ ਤੋਂ ਬਾਅਦ ਐਤਵਾਰ ਨੂੰ ਗਰਮੀ ਨੇ ਚੰਡੀਗੜ੍ਹੀਆਂ ਨੂੰ ਡਾਢਾ ਪ੍ਰੇਸ਼ਾਨ ਕੀਤਾ। ਤੇਜ਼ ਧੁੱਪ ਨੇ ਸ਼ਹਿਰ ਅੰਦਰ ਸਵੇਰ ਤੋਂ ਹੀ ਅਪਣੇ ਤੇਵਰ ਦਿਖਾਉਣੇ ਸ਼ੁਰੂ ਕਰ ਦਿਤੇ ਸਨ। ਸਵੇਰੇ ਗਿਆਰਾ ਵਜਦੇ ਹੀ ਤਾਪਮਾਨ 31 ਡਿਗਰੀ ਤਕ ਪਹੁੰਚ ਗਿਆ। ਦੁਪਹਿਰ ਹੁੰਦੇ ਹੁੰਦੇ ਗਰਮੀ ਅਪਣੀ ਚਰਮ-ਸੀਮਾਂ 'ਤੇ ਪਹੁੰਚ ਗਈ।  ਉਥੇ ਹੀ ਸ਼ਾਮ ਸਮੇਂ ਵੀ ਸ਼ਹਿਰ ਦਾ ਤਾਪਮਾਨ 38.8 ਡਿਗਰੀ ਤਕ ਦਰਜ ਕੀਤਾ ਗਿਆ ਹੈ ਜਦਕਿ ਘੱਟੋ ਘੱਟ ਤਾਪਮਾਨ 25.5 ਰਿਹਾ ਹੈ।

ਗਰਮੀ ਦੇ ਇਕਦਮ ਵਧੇ ਪ੍ਰਕੋਪ ਕਾਰਨ ਦੁਪਹਿਰ ਵੇਲੇ ਸ਼ਹਿਰ ਦੀਆਂ ਸੜਕਾਂ 'ਤੇ ਸੁੰਨਸਾਨ ਪਸਰੀ ਰਹੀ। ਲੋਕ ਘਰਾਂ ਦੇ ਅੰਦਰ ਹੀ ਏਸੀ, ਕੂਲਰ ਅਤੇ ਪੱਖਿਆ ਜ਼ਰੀਏ ਗਰਮੀ ਤੋਂ ਬਚਣ ਦੀ ਕੋਸ਼ਿਸ਼ ਕਰਦੇ ਰਹੇ। ਇਸੇ ਦੌਰਾਨ ਮੌਸਮ ਵਿਭਾਗ ਵਲੋਂ ਆਉਂਦੇ ਕੱਲ੍ਹ ਲਈ ਰਾਹਤ ਦੀ ਖ਼ਬਰ ਆਈ ਹੈ।

ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰਪਾਲ ਅਨੁਸਾਰ 15 ਜੂਨ ਨੂੰ ਗਰਮੀ ਤੋਂ ਥੋੜ੍ਹੀ ਰਾਹਤ ਮਿਲ ਸਕਦੀ ਹੈ। ਪੱਛਮੀ ਪੋਣਾਂ ਦੀ ਵਧਦੀ ਸਰਗਰਮੀ ਕਾਰਨ ਸ਼ਹਿਰ ਅੰਦਰ ਮੀਂਹ ਦੀਆਂ ਹਲਕੀਆਂ ਫੁਹਾਰਾਂ ਪੈਣ ਦੇ ਅਸਾਰ ਹਨ।

ਮੌਸਮ ਵਿਭਾਗ ਅਨੁਸਾਰ ਸੋਮਵਾਰ ਨੂੰ ਭਾਵੇਂ ਅਸਮਾਨ 'ਚ ਬੱਦਲ ਛਾਏ ਰਹਿਣ ਦੇ ਨਾਲ ਨਾਲ ਹਲਕੇ ਮੀਂਹ ਦੀ ਸੰਭਾਵਨਾ ਬਣੀ ਹੋਈ ਹੈ। ਇਸ ਦੇ ਬਾਵਜੂਦ ਤਾਪਮਾਨ 'ਚ ਵਾਧਾ ਵੀ ਹੋ ਸਕਦਾ ਹੈ। ਮੰਗਲਵਾਰ ਅਤੇ ਬੁੱਧਵਾਰ ਨੂੰ ਵੀ ਸ਼ਹਿਰ 'ਚ ਬੱਦਲ ਛਾਏ ਰਹਿਣਗੇ ਪਰ ਬੱਦਲ ਦੀ ਸੰਭਾਵਨਾ ਬੜੀ ਮੱਧਮ ਹੈ। ਇਨ੍ਹਾਂ ਦਿਨਾਂ ਦੌਰਾਨ ਸ਼ਹਿਰ ਦਾ ਤਾਪਮਾਨ 39 ਡਿਗਰੀ ਅਤੇ ਇਸ ਦੇ ਨੇੜੇ-ਤੇੜੇ ਬਣਿਆ ਰਹੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ