ਵੱਖ-ਵੱਖ ਥਾਵਾਂ 'ਤੇ ਬਿਜਲੀ ਠੀਕ ਕਰ ਰਹੇ ਦੋ ਵਿਅਕਤੀਆਂ ਦੀ ਕਰੰਟ ਲੱਗਣ ਨਾਲ ਹੋਈ ਮੌਤ
ਪ੍ਰਵਾਰਕ ਮੈਂਬਰਾਂ ਨੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਦੀ ਕੀਤੀ ਮੰਗ
ਮੁਹਾਲੀ: ਪੰਜਾਬ ਰਾਜ ਪਾਵਰਕਾਮ ਕਾਰਪੋਰੇਸ਼ਨ ਲਿਮਟਿਡ ਦੇ ਬਿਜਲੀ ਘਰ ਟਾਹਲੀ ਸਾਹਿਬ (ਜਸਤਰਵਾਲ) ਵਿਖੇ ਬਿਜਲੀ ਕਰਮਚਾਰੀਆਂ ਦੀ ਅਣਗਿਹਲੀ ਕਾਰਨ ਇਕ ਵਿਅਕਤੀ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਰਣਜੀਤ ਸਿੰਘ ਪੁੱਤਰ ਸਵਰਣ ਸਿੰਘ ਵਾਸੀ ਪਿੰਡ ਸੌੜੀਆਂ, ਅਜਨਾਲਾ ਵਜੋਂ ਹੋਈ ਹੈ। ਅਜਨਾਲਾ ਦੇ ਸੀ-ਜ਼ੋਨ ਹਸਪਤਾਲ ਵਿਖੇ ਪਹੁੰਚੇ ਮ੍ਰਿਤਕ ਰਣਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਪਰਮਜੀਤ ਸਿੰਘ ਤੇ ਦਲਜੀਤ ਸਿੰਘ ਵਲੋਂ ਲਾਈਨਮੈਨ ਗੁਰਪਾਲ ਸਿੰਘ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਫਰਾਂਸ ਦੇ ਰਾਸ਼ਟਰਪਤੀ ਨੇ ਪੀਐੱਮ ਮੋਦੀ ਨੂੰ 'ਗ੍ਰੈਂਡ ਕਰਾਸ ਆਫ਼ ਦਿ ਲੀਜਨ ਆਫ਼ ਆਨਰ' ਨਾਲ ਕੀਤਾ ਸਨਮਾਨਿਤ
ਇਸ ਦੇ ਨਾਲ ਹੀ ਪਿੰਡ ਲਾਖਣਾ ਜ਼ਿਲ੍ਹਾ ਤਰਨਤਾਰਨ 'ਚ ਵੀ ਬਿਜਲੀ ਦਾ ਨੁਕਸ ਠੀਕ ਕਰਨ ਲਈ ਖੰਭੇ ਉੱਪਰ ਚੜ੍ਹੇ ਵਿਅਕਤੀ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਜਾਣਕਾਰੀ ਅਨੁਸਾਰ ਹਰਚੰਦ ਸਿੰਘ ਬਿਜਲੀ ਠੀਕ ਕਰਨ ਲਈ ਖੰਭੇ 'ਤੇ ਚੜ੍ਹਿਆ ਸੀ, ਜਿਸ ਨੂੰ ਤੇਜ਼ ਕਰੰਟ ਲੱਗ ਲਿਆ। ਕਰੰਟ ਲੱਗਣ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ।
ਇਹ ਵੀ ਪੜ੍ਹੋ: ਖਾਣੇ ’ਚ ਕਦੇ ਨਾ ਕਰੋ ਲੂਣ ਦੀ ਜ਼ਿਆਦਾ ਵਰਤੋਂ, ਇਨ੍ਹਾਂ ਰੋਗਾਂ ਦਾ ਹੋ ਸਕਦੈ ਖ਼ਤਰਾ
ਜਿਸ ਨੂੰ ਤੁਰੰਤ ਭਿੱਖੀਵਿੰਡ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਦੀ ਗੰਭੀਰ ਹਾਲਤ ਵੇਖਦੇ ਹੋਏ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ। ਅੰਮ੍ਰਿਤਸਰ ਲਿਜਾਂਦੇ ਸਮੇਂ ਉਸ ਨੇ ਰਸਤੇ 'ਚ ਹੀ ਦਮ ਤੋੜ ਦਿਤਾ। ਉਥੇ ਹੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ 'ਚ ਪਾਵਰਕਾਮ ਦੇ ਮੁਲਾਜ਼ਮ ਉੱਪਰ ਕਥਿਤ ਤੌਰ 'ਤੇ ਲਾਪਰਵਾਹੀ ਵਰਤਣ ਦੇ ਦੋਸ਼ ਲਾਉਂਦਿਆਂ ਥਾਣਾ ਵਲਟੋਹਾ ਅੱਗੇ ਲਾਸ਼ ਰੱਖ ਕੇ ਧਰਨਾ ਸ਼ੁਰੂ ਕਰ ਦਿਤਾ।