'ਤੁਸੀ ਸਾਨੂੰ ਐਸਵਾਈਐਲ ਦਾ ਪਾਣੀ ਦਓ, ਅਸੀ 3-4 ਸੀਟਾਂ ਦਿਆਂਗੇ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਖੱਟਰ ਨੇ ਅਕਾਲੀ ਦਲ ਅੱਗੇ ਰੱਖੀ ਸ਼ਰਤ

Manohar Lal Khattar

ਚੰਡੀਗੜ੍ਹ : ਹਰਿਆਣਾ ਵਿਧਾਨ ਸਭਾ ਚੋਣਾਂ 'ਚ ਭਾਜਪਾ ਤੋਂ ਵੱਖ ਹੋ ਕੇ ਚੋਣ ਲੜ ਰਿਹਾ ਸ਼੍ਰੋਮਣੀ ਅਕਾਲੀ ਦਲ ਇਨ੍ਹੀਂ ਦਿਨੀਂ ਭਾਜਪਾ ਦੇ ਨਿਸ਼ਾਨੇ 'ਤੇ ਹੈ। ਕਾਲਾਂਵਾਲੀ 'ਚ ਆਯੋਜਿਤ ਚੋਣ ਰੈਲੀ 'ਚ ਪੁੱਜੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸ਼੍ਰੋਮਣੀ ਅਕਾਲੀ ਦਲ 'ਤੇ ਜੰਮ ਕੇ ਨਿਸ਼ਾਨਾ ਸਾਧਿਆ। 

ਖੱਟਰ ਨੇ ਕਿਹਾ, "ਚੋਣਾਂ ਤੋਂ ਪਹਿਲਾਂ ਅਕਾਲੀ ਦਲ ਦੇ ਆਗੂ ਸਾਡੇ ਕੋਲ ਆ ਕੇ ਕਹਿ ਰਹੇ ਸਨ ਕਿ ਸਾਨੂੰ ਹਰਿਆਣਾ 'ਚ ਕੁਝ ਸੀਟਾਂ 'ਤੇ ਚੋਣ ਲੜਨ ਦਿਓ। ਅਸੀ ਉਨ੍ਹਾਂ ਨੂੰ ਕਿਹਾ ਕਿ ਤੁਸੀ ਸਾਡੇ ਕਿਸਾਨਾਂ ਨੂੰ (ਸਤਲੁਜ-ਯਮਨਾ ਲਿੰਕ ਨਹਿਰ) ਐਸ.ਵਾਈ.ਐਲ. ਦਾ ਪਾਣੀ ਦਿਓ, ਅਸੀ ਤੁਹਾਨੂੰ ਸਮਝੌਤੇ ਵਿਚ 3-4 ਸੀਟਾਂ ਦੇ ਦਿਆਂਗੇ। ਉਹ ਲੋਕ ਨਹੀਂ ਮੰਨੇ ਤਾਂ ਅਸੀ ਉਨ੍ਹਾਂ ਨੂੰ ਸੀਟਾਂ ਨਹੀਂ ਦਿੱਤੀਆਂ। ਅਸੀ ਅੱਜ ਵੀ ਕਹਿੰਦੇ ਹਾਂ ਕਿ ਤੁਸੀ ਹਰਿਆਣਾ ਨੂੰ ਐਸ.ਵਾਈ.ਐਲ. ਦਾ ਪਾਣੀ ਦੇਣ ਦਾ ਸਮਰਥਨ ਕਰੋਗੇ ਤਾਂ ਅਸੀ ਆਪਣੇ ਇਕ ਉਮੀਦਵਾਰ ਨੂੰ ਬਿਠਾ ਕੇ ਤੁਹਾਨੂੰ ਸਮਰਥਨ ਦੇਣ ਲਈ ਤਿਆਰ ਹਾਂ। ਅਸੀ ਤੁਹਾਨੂੰ ਕਾਲਾਂਵਾਲੀ ਸੀਟ ਨਹੀਂ ਦਿਆਂਗੇ।"

ਕਾਲਾਂਵਾਲੀ ਹਲਕੇ 'ਚ ਭਾਜਪਾ ਦੀ ਚੋਣ ਰੈਲੀ 'ਚ ਮੁੱਖ ਮੰਤਰੀ ਖੱਟਰ ਨੇ ਭਾਜਪਾ ਉਮੀਦਵਾਰ ਬਲਕੌਰ ਸਿੰਘ ਦੇ ਪੱਖ 'ਚ ਵੋਟ ਪਾਉਣ ਦੀ ਅਪੀਲ ਕੀਤੀ। ਖੱਟਰ ਨੇ ਅਕਾਲੀ ਦਲ ਨੂੰ ਨਸੀਹਤ ਦਿੰਦਿਆਂ ਕਿਹਾ, "ਅਕਾਲੀ ਦਲ ਵਾਲੇ ਐਲਾਨ ਕਰ ਦੇਣ ਕਿ ਉਹ ਐਸ.ਵਾਈ.ਐਲ. ਦੇ ਮਾਮਲੇ 'ਚ ਕੋਈ ਦਖ਼ਲਅੰਦਾਜੀ ਨਹੀਂ ਕਰਨਗੇ ਤਾਂ ਅਸੀ ਹਰਿਆਣਾ 'ਚ ਕਾਲਾਂਵਾਲੀ ਸੀਟ ਨੂੰ ਛੱਡ ਕੇ ਬਾਕੀ ਕਿਸੇ ਵੀ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਦੇ ਸਾਹਮਣੇ ਭਾਜਪਾ ਉਮੀਦਵਾਰ ਨੂੰ ਖੜਾ ਨਹੀਂ ਕਰਾਂਗੇ ਅਤੇ ਭਾਜਪਾ ਨੂੰ ਆਪਣਾ ਸਮਰਥਨ ਦਿਆਂਗੇ।" ਉਨ੍ਹਾਂ ਕਿਹਾ, "ਕਾਲਾਂਵਾਲੀ ਹਲਕੇ ਦੀ ਗੱਲ ਨਹੀਂ ਕਰਨਾ, ਕਿਉਂਕਿ ਕਾਲਾਂਵਾਲੀ 'ਚ ਅਕਾਲੀ ਦਲ ਦਾ ਉਮੀਦਵਾਰ ਵਧੀਆ ਨਹੀਂ ਹੈ।"

ਇਸ ਵਾਰ ਸ਼੍ਰੋਮਣੀ ਅਕਾਲੀ ਦਲ, ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਨਾਲ ਮਿਲ ਕੇ ਹਰਿਆਣਾ ਵਿਧਾਨ ਸਭਾ ਚੋਣਾਂ ਲੜ ਰਿਹਾ ਹੈ। ਜ਼ਿਕਰਯੋਗ ਹੈ ਕਿ ਹਰਿਆਣਾ ਵਿਧਾਨ ਸਭਾ ਚੋਣਾਂ ਲਈ 21 ਅਕਤੂਬਰ ਨੂੰ ਵੋਟਾਂ ਪਾਈਆਂ ਜਾਣਗੀਆਂ, ਜਿਨ੍ਹਾਂ ਦੇ ਨਤੀਜੇ 24 ਅਕਤੂਬਰ ਨੂੰ ਐਲਾਨੇ ਜਾਣਗੇ।