ਮਾਰਕਫੈੱਡ ਮੁਹੱਈਆ ਕਰਵਾਏਗਾ ਮਿਡ-ਡੇਅ ਮੀਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਰਾਜ ਦੇ ਸਕੂਲਾਂ ਵਿਚ ਪੜ੍ਹਨ ਵਾਲੇ ਬੱਚਿਆਂ ਨੂੰ ਮਿਡ-ਡੇਅ ਮੀਲ ਯੋਜਨਾ ਅਧੀਨ ਮਿਆਰੀ ਅਤੇ ਗੁਣਵੱਤਾ ਭਰਪੂਰ ਭੋਜਨ...

Markfed will provide Mid-day-meal...

ਚੰਡੀਗੜ੍ਹ (ਸਸਸ) : ਪੰਜਾਬ ਰਾਜ ਦੇ ਸਕੂਲਾਂ ਵਿਚ ਪੜ੍ਹਨ ਵਾਲੇ ਬੱਚਿਆਂ ਨੂੰ ਮਿਡ-ਡੇਅ ਮੀਲ ਯੋਜਨਾ ਅਧੀਨ ਮਿਆਰੀ ਅਤੇ ਗੁਣਵੱਤਾ ਭਰਪੂਰ ਭੋਜਨ ਮੁਹੱਈਆ ਕਰਵਾਉਣ ਲਈ ਪੰਜਾਬ ਰਾਜ  ਖੁਰਾਕ ਕਮਿਸ਼ਨ ਵਲੋਂ ਮਾਰਕਫੈਡ ਨਾਲ ਤਾਲਮੇਲ ਕੀਤਾ ਗਿਆ। ਮੁੱਢਲੇ ਦੌਰ ਵਿਚ ਇਹ ਯੋਜਨਾ ਪਾਇਲਟ ਸਕੀਮ ਅਧੀਨ ਸ਼ੁਰੂ ਕੀਤੀ ਜਾਵੇਗੀ। ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਚੇਅਰਮੈਨ ਸ੍ਰੀ ਡੀ.ਪੀ. ਰੈਡੀ ਨੇ ਕਿਹਾ ਕਿ ਜੇ ਇਹ ਤਜਰਬਾ ਸਫ਼ਲ ਰਿਹਾ ਤਾਂ ਇਸ ਨੂੰ ਪੰਜਾਬ ਭਰ ਵਿਚ ਲਾਗੂ ਕੀਤਾ ਜਾਵੇਗਾ।

ਇਸ ਸਬੰਧੀ ਇਕ ਬੁਲਾਰੇ ਨੇ ਦੱਸਿਆ ਕਿ ਪੰਜਾਬ ਰਾਜ ਖ਼ੁਰਾਕ ਕਮਿਸ਼ਨ ਦੇ ਚੇਅਰਮੈਨ ਸ੍ਰੀ ਡੀ.ਪੀ. ਰੈਡੀ ਦੀ ਪ੍ਰਧਾਨਗੀ ਹੇਠ ਐਨ.ਐਫ.ਐਸ.ਏ. ਐਕਟ 2013 ਅਧੀਨ ਚੱਲ ਰਹੀ ਮਿਡ-ਡੇਅ ਮੀਲ ਯੋਜਨਾ ਸਬੰਧੀ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਸਕੱਤਰ ਸਿੱਖਿਆ ਵਿਭਾਗ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਇਸ ਸਕੀਮ ਉਤੇ 60 ਫ਼ੀਸਦੀ ਹਿੱਸਾ ਕੇਂਦਰ ਅਤੇ 40 ਫ਼ੀਸਦੀ ਹਿੱਸਾ ਰਾਜ ਸਰਕਾਰ ਵਲੋਂ ਅਦਾ ਕੀਤਾ ਜਾਂਦਾ ਹੈ।

ਇਸ ਯੋਜਨਾ ਅਧੀਨ ਰਾਜ ਦੇ ਸਾਰੇ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲ ਜਿਨ੍ਹਾਂ ਵਿਚ ਪਹਿਲੀ ਤੋਂ ਪੰਜਵੀ ਤੱਕ ਪ੍ਰਾਇਮਰੀ ਜਮਾਤਾਂ ਅਤੇ ਛੇਵੀ ਤੋਂ ਅੱਠਵੀਂ ਤੱਕ ਮਿਡਲ ਸਕੂਲਾਂ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਮਿਡ-ਡੇਅ ਮੀਲ ਦਿਤਾ ਜਾਂਦਾ ਹੈ। ਇਸ ਯੋਜਨਾ ਅਧੀਨ ਬੱਚਿਆਂ ਨੂੰ 100 ਤੋਂ 150 ਗ੍ਰਾਮ ਤੱਕ ਉਨ੍ਹਾਂ ਦੀ ਉਮਰ ਦੇ ਹਿਸਾਬ ਨਾਲ ਡਾਇਟ ਦਿਤੀ ਜਾਂਦੀ ਹੈ।

ਮੀਟਿੰਗ ਵਿਚ ਪੰਜਾਬ ਰਾਜ ਖ਼ੁਰਾਕ ਕਮਿਸ਼ਨ ਦੇ ਸਮੂਹ ਮੈਂਬਰ, ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ, ਡੀ.ਪੀ.ਆਈ. (ਐਲੀਮੈਂਟਰੀ) ਇੰਦਰਜੀਤ ਸਿੰਘ ਅਤੇ ਮਿਡ-ਡੇਅ ਮੀਲ ਯੋਜਨਾ ਦੇ ਜਨਰਲ ਮੈਨੇਜਰ ਪ੍ਰਭਚਰਨ ਸਿੰਘ ਹਾਜ਼ਰ ਸਨ।