ਅਕਾਲੀ ਦਲ ਬਾਦਲ ਨੂੰ ਅੱਧੀ ਦਰਜਨ ਸਾਬਕਾ ਮੰਤਰੀ ਛੱਡਣ ਦੀ ਤਿਆਰੀ ਵਿਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਜਪਾ ਅੰਦਰਖਾਤੇ ਬਾਦਲਕਿਆਂ ਨੂੰ ਪੁੱਠਾ ਗੇੜਾ ਦੇਣ ਲੱਗੀ, ਸੁਖਦੇਵ ਸਿੰਘ ਢੀਂਡਸਾ ਨੇ ਕਿਹਾ, ਪੰਜਾਬ ਨੂੰ ਬਚਾਉਣ ਲਈ ਸਰਗਰਮ ਸਿਆਸਤ 'ਚ ਆਉਣ ਲਈ ਰਾਜ਼ੀ ਹਾਂ

Shiromani Akali Dal

ਚੰਡੀਗੜ੍ਹ(ਕਮਲਜੀਤ ਸਿੰਘ ਬਨਵੈਤ): ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਮਾਗਮ ਮੁਕਦਿਆਂ ਹੀ ਪੰਜਾਬ ਦੀ ਸਿਆਸਤ ਭਖਣ ਲੱਗੀ ਹੈ। ਬਾਦਲਕਿਆਂ ਦੇ ਨੇੜਲੇ ਸੂਤਰਾਂ ਦੀ ਮੰਨੀਏ ਤਾਂ ਅਕਾਲੀ ਦਲ ਵਿਚ ਤੂਫ਼ਾਨ ਤੋਂ ਪਹਿਲਾਂ ਵਾਲੀ ਸ਼ਾਂਤੀ ਹੈ ਪਰ ਨਵੰਬਰ ਦੇ ਅੰਤ ਤਕ ਵੱਡਾ ਧਮਾਕਾ ਹੋਣਾ ਤੈਅ ਹੈ। ਦੂਜੇ ਸ਼ਬਦਾਂ ਵਿਚ ਅਕਾਲੀ ਦਲ ਦੇ ਕਈ ਵੱਡੇ ਨੇਤਾ ਨਵਾਂ ਬਦਲ ਲੱਭਣ ਲਈ ਛਾਹ ਲਾਈ ਬੈਠੇ ਹਨ।

ਰਾਜ ਸਭਾ ਦੇ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਅੱਜ ਸਪੋਕਸਮੈਨ ਨਾਲ ਵਿਸ਼ੇਸ਼ ਗੱਲ ਕਰਦਿਆਂ ਕਿਹਾ ਕਿ ਉਹ ਪੰਜਾਬ ਨੂੰ ਬਚਾਉਣ ਲਈ ਸਰਗਰਮ ਸਿਆਸਤ ਵਿਚ ਆਉਣ ਦਾ ਮਨ ਬਣਾ ਚੁਕੇ ਹਨ। ਸੂਤਰਾਂ ਅਨੁਸਾਰ ਅਕਾਲੀ ਦਲ ਬਾਦਲ ਵਿਰੋਧੀ ਪੰਥਕ ਧੜੇ ਅਗਲੀਆਂ ਚੋਣਾਂ ਵਿਚ ਸੁਖਦੇਵ ਸਿੰਘ ਢੀਂਡਸਾ ਨੂੰ ਮੁੱਖ ਮੰਤਰੀ ਵਜੋਂ ਪੇਸ਼ ਕਰਨ ਲਈ ਇਕਮਤ ਹਨ। ਪੰਥਕ ਧਿਰਾਂ ਦੇ ਇਕ ਵੱਡੇ ਧੜੇ ਦੀਆਂ ਢੀਂਡਸਾ ਨਾਲ ਮੀਟਿੰਗਾਂ ਦਾ ਦੌਰ ਲਗਾਤਾਰ ਜਾਰੀ ਹੈ।

ਅਕਾਲੀ ਦਲ ਦੇ ਅੰਦਰਲੇ ਸੂਤਰਾਂ ਦਾ ਕਹਿਣਾ ਹੈ ਕਿ ਅੱਧੀ ਦਰਜਨ ਦੇ ਕਰੀਬ ਸਾਬਕਾ ਮੰਤਰੀ ਸ. ਢੀਂਡਸਾ ਦੀ ਅਗਵਾਈ ਹੇਠ ਇਕੱਠੇ ਹੋਣ ਲਈ ਰਜ਼ਾਮੰਦ ਹਨ। ਮੁਹਾਲੀ ਜ਼ਿਲ੍ਹੇ ਦੇ ਇਕ ਸਿਰਕੱਢ ਸੀਨੀਅਰ ਅਕਾਲੀ ਆਗੂ, ਮੋਗਾ ਜ਼ਿਲ੍ਹੇ ਨਾਲ ਸਬੰਧਤ ਬਾਦਲਕਿਆਂ ਦੇ ਨੇੜੇ ਸਮਝੇ ਜਾਂਦੇ ਸਾਬਕਾ ਮੰਤਰੀ ਤੇ ਜ਼ਿਲ੍ਹਾ ਲੁਧਿਆਣਾ ਦੇ ਦੋ ਸਾਬਕਾ ਮੰਤਰੀਆਂ ਸਮੇਤ ਦੋ ਹੋਰ ਪਹਿਲੇ ਪੜਾਅ ਵਿਚ ਸੁਖਬੀਰ ਸਿੰਘ ਬਾਦਲ ਨੂੰ ਅਲਵਿਦਾ ਕਹਿਣ ਲਈ ਤਿਆਰ ਬੈਠੇ ਹਨ। ਦਲ ਖ਼ਾਲਸਾ, ਯੂਨਾਈਟਿਡ ਅਕਾਲੀ ਦਲ ਅਤੇ ਫ਼ੈਡਰੇਸ਼ਨ ਸਮੇਤ ਕਈ ਸੰਤ ਸਮਾਜ ਵੀ ਢੀਂਡਸਾ ਨੂੰ ਬੇਹਤਰ ਨੇਤਾ ਵਜੋਂ ਮੰਜ਼ੂਰੀ ਦੇ ਚੁਕੇ ਹਨ।

ਸਾਬਕਾ ਸਪੀਕਰ ਰਵੀਇੰਦਰ ਸਿੰਘ ਅਤੇ ਬਾਬਾ ਸਰਬਜੋਤ ਸਿੰਘ ਬੇਦੀ ਤੋਂ ਦੂਰੀ ਬਣਾ ਕੇ ਰੱਖੀ ਜਾ ਰਹੀ ਹੈ। ਅਕਾਲੀ ਦਲ ਮਾਨ ਨਾਲ ਹੱਥ ਮਿਲਾਉਣ ਬਾਰੇ ਗੱਲ ਅੱਧ ਵਿਚਾਲੇ ਹੈ ਪਰ ਬਹੁਜਨ ਸਮਾਜ ਪਾਰਟੀ ਹਾਮੀ ਭਰ ਚੁਕੀ ਹੈ। ਹੋਰ ਵੀ ਕਈ ਪੰਥਕ ਧਿਰਾਂ ਅਕਾਲੀ ਦਲ ਬਾਦਲ ਨੂੰ ਪਾਸੇ ਕਰਨ ਲਈ ਨਵੇਂ ਫ਼ਰੰਟ ਵਿਚ ਰਲਣ ਲਈ ਰਜ਼ਾਮੰਦ ਹਨ। ਉਂਜ ਵੀ ਰਵੀਇੰਦਰ ਸਿੰਘ ਤੇ ਸਿਮਰਨਜੀਤ ਸਿੰਘ ਮਾਨ ਦੀ ਆਪਸੀ ਦਾਲ ਨਹੀਂ ਗਲਦੀ।

ਦੋਹਾਂ ਵਿਚ ਨੇੜਤਾ ਲਿਆਉਣ ਲਈ ਰੱਖੀ ਮੀਟਿੰਗ ਬੇਅਰਥ ਰਹੀ ਸੀ, ਅਕਾਲੀ ਦਲ ਟਕਸਾਲੀ ਦੇ ਸੇਵਾ ਸਿੰਘ ਸੇਖਵਾਂ ਸਮੇਤ ਦੂਜੇ ਸਾਥੀ ਵੀ ਨਵੇਂ ਫ਼ਰੰਟ ਨਾਲ ਤੁਰਨ ਲਈ ਅਪਣਾ ਮਨ ਦਸ ਚੁਕੇ ਹਨ। ਅਕਾਲੀ ਦਲ ਦੇ ਬਹੁਤ ਨੇੜਲੇ ਸੂਤਰਾਂ ਨੇ ਤਰਦੀਦ ਕੀਤੀ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਹਾਈਕਮਾਂਡ ਬਾਦਲਕਿਆਂ ਨੂੰ ਪੁੱਠਾ ਗੇੜਾ ਦੇਣ ਦੇ ਰੌਂਅ ਵਿਚ ਹੈ। ਨਵੇਂ ਪੰਥਕ ਫ਼ਰੰਟ ਦੀ ਰੀੜ ਦੀ ਹੱਡੀ ਵਜੋਂ ਕੰਮ ਕਰ ਰਹੇ ਇਕ ਨੇਤਾ ਨੇ ਤਾਂ ਇਹ ਵੀ ਦਾਅਵਾ (ਸ਼ਾਇਦ ਮਜ਼ਾਹੀਆ ਲਹਿਜੇ ਵਿਚ) ਕੀਤਾ ਹੈ ਕਿ ਕੁਲ ਮਿਲਾ ਕੇ ਅਕਾਲੀ ਦਲ ਵਿਚ ਸੁਖਬੀਰ ਤੇ ਮਜੀਠੀਆ ਦੀ ਚੰਡਾਲ ਚੌਕੜੀ ਤੋਂ ਬਿਨਾਂ ਹੋਰ ਕੋਈ ਲੱਭਣਾ ਨਹੀਂ ਹੈ।