ਭਾਜਪਾ ਨਾਲ ਰਲ ਕੇ ਕੈਪਟਨ ਤੇ ਬਾਦਲ ਕਿਸਾਨੀ ਸੰਘਰਸ਼ ਨੂੰ ਕਮਜ਼ੋਰ ਕਰਨ ਦੀਆਂ ਨਾ ਰਚਣ ਸਾਜ਼ਿਸ਼ਾਂ:ਡੱਲੇਵਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ, ਸੰਯੁਕਤ ਕਿਸਾਨ ਮੋਰਚਾ ਵਿਧਾਨ ਸਭਾ ਚੋਣਾਂ ਵਿਚ ਨਹੀਂ ਲਵੇਗਾ ਹਿੱਸਾ

jagjeet singh dallewal

ਕੋਟਕਪੂਰਾ (ਗੁਰਿੰਦਰ ਸਿੰਘ) : ਸੰਯੁਕਤ ਕਿਸਾਨ ਮੋਰਚਾ ਦਿੱਲੀ ਦੇ ਬਾਰਡਰਾਂ ’ਤੇ ਸੰਘਰਸ਼ ਦਾ ਸਾਲ ਪੂਰਾ ਹੋਣ ’ਤੇ ਅਰਥਾਤ 26 ਨਵੰਬਰ ਤੋਂ ਬਾਅਦ 500-500 ਕਿਸਾਨਾਂ ਦਾ ਜੱਥਾ ਸੰਸਦ ਭਵਨ ਵਲ ਭੇਜਣਾ ਸ਼ੁਰੂ ਕਰੇਗਾ। ਕਿਸਾਨ ਮੋਰਚੇ ਨੇ ਅਜੇ ਤਕ ਕਿਸੇ ਵੀ ਸਿਆਸੀ ਜਮਾਤ ਨੂੰ ਹਮਾਇਤ ਨਹੀਂ ਦਿਤੀ ਤੇ ਨਾ ਹੀ ਕਿਸਾਨ ਮੋਰਚੇ ਦੀ ਪੰਜਾਬ ਵਿਧਾਨ ਸਭਾ ਚੋਣਾਂ ਲੜਨ ਦੀ ਕੋਈ ਇੱਛਾ ਹੈ। 

‘ਭਾਰਤੀ ਕਿਸਾਨ ਯੂਨੀਅਨ’ ਏਕਤਾ ਸਿੱਧੂਪੁਰ ਦੇ ਸੂਬਾਈ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਪ੍ਰਵਾਰ ਭਾਜਪਾ ਨਾਲ ਰਲ ਕੇ ਕਿਸਾਨੀ ਸੰਘਰਸ਼ ਨੂੰ ਕਮਜ਼ੋਰ ਕਰਨ ਦੀਆਂ ਸਾਜ਼ਸ਼ਾਂ ਰਚ ਰਿਹਾ ਹੈ, ਜਿਸ ਦਾ ਉਨ੍ਹਾਂ ਨੂੰ ਲੋਕ ਕਚਹਿਰੀ ਵਿਚ ਖ਼ਮਿਆਜ਼ਾ ਭੁਗਤਣਾ ਪਵੇਗਾ। ਉਨ੍ਹਾਂ ਚੋਣਾਂ ਲੜਨ ਸਬੰਧੀ ਗੁਰਨਾਮ ਸਿੰਘ ਚੜੂਨੀ ਦੇ ਐਲਾਨ ਅਤੇ ਫ਼ੈਸਲੇ ਨੂੰ ਉਨ੍ਹਾਂ ਦਾ ਨਿਜੀ ਵਿਚਾਰ ਦਸਦਿਆਂ ਆਖਿਆ ਕਿ ਸੰਯੁਕਤ ਕਿਸਾਨ ਮੋਰਚੇ ਦਾ ਚੜੂਨੀ ਦੇ ਫ਼ੈਸਲੇ ਨਾਲ ਕੋਈ ਸਬੰਧ ਨਹੀਂ।

ਡੱਲੇਵਾਲ ਨੇ ਅਫ਼ਸੋਸ ਪ੍ਰਗਟਾਇਆ ਕਿ ਭਾਵੇਂ ਕੇਂਦਰ ਦੀ ਮੋਦੀ ਸਰਕਾਰ ਅਤੇ ਉਸ ਦੀਆਂ ਏਜੰਸੀਆਂ ਕਿਸਾਨੀ ਸੰਘਰਸ਼ ਸਬੰਧੀ ਗ਼ਲਤ, ਝੂਠੀਆਂ ਅਤੇ ਗੁਮਰਾਹਕੁਨ ਅਫ਼ਵਾਹਾਂ ਫੈਲਾਅ ਕੇ ਸੰਘਰਸ਼ ਨੂੰ ਕਮਜ਼ੋਰ ਜਾਂ ਫ਼ੇਲ੍ਹ ਕਰਨਾ ਚਾਹੁੰਦੀਆਂ ਹਨ ਪਰ ਪੰਜਾਬ ਦੀਆਂ ਸਿਆਸੀ ਪਾਰਟੀਆਂ ਵਲੋਂ ਕਿਸਾਨੀ ਸੰਘਰਸ਼ ਵਿਰੁਧ ਕੇਂਦਰ ਦੀ ਮੋਦੀ ਸਰਕਾਰ ਦਾ ਸਾਥ ਦੇਣ ਵਾਲੀਆਂ ਗੱਲਾਂ ਦੁਖਦਾਇਕ, ਨਿੰਦਣਯੋਗ, ਅਫ਼ਸੋਸਨਾਕ ਅਤੇ ਨਾਬਰਦਾਸ਼ਤਯੋਗ ਹਨ। ਉਨ੍ਹਾਂ ਬਾਦਲ ਪ੍ਰਵਾਰ ਵਲੋਂ ਕਿਸਾਨਾਂ ਦੇ ਵਿਰੋਧ ਵਿਚ ਕੀਤੇ ਜਾ ਰਹੇ ਕੰਮਾਂ ਦੀ ਵੀ ਸਖ਼ਤ ਨਿਖੇਧੀ ਕੀਤੀ।

ਉਨ੍ਹਾਂ ਦੁਹਰਾਇਆ ਕਿ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਇਕਜੁਟ ਹਨ ਤੇ ਏਜੰਸੀਆਂ ਦੀਆਂ ਸਾਜ਼ਸ਼ਾਂ ਅਤੇ ਕੂੜ ਪ੍ਰਚਾਰ ਦੇ ਬਾਵਜੂਦ ਵੀ ਕਿਸਾਨ ਜਥੇਬੰਦੀਆਂ ਵਿਚ ਕਿਸੇ ਪ੍ਰਕਾਰ ਦਾ ਕੋਈ ਮਤਭੇਦ ਨਹੀਂ।