ਨਸ਼ਿਆਂ ਖ਼ਿਲਾਫ਼ ਜਲੰਧਰ ਪੁਲਿਸ ਦੀ ਕਾਰਵਾਈ: 4 ਕਿਲੋ ਅਫ਼ੀਮ ਸਣੇ 2 ਨੂੰ ਕੀਤਾ ਕਾਬੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇੰਸਪੈਕਟਰ ਨਵਦੀਪ ਸਮੇਤ ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ।

Jalandhar police action against drugs: 2 arrested with 4 kg of opium

 

ਜਲੰਧਰ: ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਵਲੋਂ ਚਲਾਈ ਗਈ ਮੁਹਿੰਮ ਤਹਿਤ ਥਾਣਾ ਡਵੀਜ਼ਨ ਨੰ: 8 ਕਮਿਸ਼ਨਰੇਟ ਜਲੰਧਰ ਨੂੰ ਵੱਡੀ ਸਫਲਤਾ ਮਿਲੀ ਹੈ। ਦੇਰ ਰਾਤ ਮਿਤੀ 13.11.2022 ਨੂੰ ਇੰਸਪੈਕਟਰ ਨਵਦੀਪ ਸਮੇਤ ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇਹਨਾਂ ਦੀ ਪਛਾਣ ਬਿਨੈ ਪੁੱਤਰ ਰਘੁਨੰਦਨ ਵਾਸੀ ਪਿੰਡ ਭਾਲੋਗੜ ਥਾਣਾ ਤਹਸ਼ੀ ਜ਼ਿਲ੍ਹਾ ਪਲਾਮੂ ਝਾਰਖੰਡ ਅਤੇ ਅਵਦੇਸ਼ ਪੁੱਤਰ ਚੰਦਰਿਕਾ ਵਾਸੀ ਪਿੰਡ ਤੰਬਗੜ ਥਾਣਾ ਸਤਵਰਵਾ ਜ਼ਿਲ੍ਹਾ ਪਲਾਮੂ ਝਾਰਖੰਡ ਵਜੋਂ ਹੋਈ ਹੈ।

ਜਦੋਂ ਪੁਲਿਸ ਨੇ ਇਹਨਾਂ ਦੀ ਤਲਾਸ਼ੀ ਲਈ ਤਾਂ ਬਿਨੈ ਪਾਸੋਂ 2 ਕਿਲੋ 480 ਗ੍ਰਾਮ ਅਤੇ ਅਵਦੇਸ਼ ਪਾਸੋਂ 2 ਕਿਲੇ 484 ਗ੍ਰਾਮ ( ਕੁੱਲ 4 ਕਿਲੋ 964 ਗ੍ਰਾਮ ) ਅਫੀਮ ਬਰਾਮਦ ਹੋਈ ਹੈ। ਇਸ ਸੰਬੰਧ ਵਿਚ ਮੁਕੱਦਮਾ ਨੰਬਰ 275 ਮਿਤੀ 14-11-22 ਅ / ਧ 18-61-85 NDPS Act ਥਾਣਾ ਡਵੀਜ਼ਨ ਨੰਬਰ 8 ਜਲੰਧਰ ਦਰਜ ਕੀਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਵੱਲੋਂ ਇਹ ਅਫ਼ੀਮ ਝਾਰਖੰਡ ਤੋਂ ਲਿਆ ਕੇ ਜਲੰਧਰ ਅਤੇ ਇਸ ਦੇ ਨੇੜਲੇ ਇਲਾਕਿਆਂ ਵਿਚ ਸਪਲਾਈ ਕੀਤੀ ਜਾਂਦੀ ਹੈ। 

ਇਸ ਦੇ ਨਾਲ ਹੀ ਜ਼ਿਕਰਯੋਗ ਹੈ ਕਿ ਬਿਨੈ ਦੇ ਪਿਤਾ ਰਘੁਨੰਦਨ ਖਿਲਾਫ ਪਹਿਲਾਂ ਹੀ ਥਾਣਾ ਡਵੀਜ਼ਨ ਨੰਬਰ 1 ਜਲੰਧਰ ਵਿਚ ਮੁਕੱਦਮਾ ਨੰਬਰ 86/2012 ਜੇਰੇ ਧਾਰਾ 18 ਐਨਡੀਪੀਐਸਐਕਟ ਤਹਿਤ ਦਰਜ ਹੈ, ਜਿਸ ਕੋਲੋਂ 5 ਕਿਲੋ 200 ਗ੍ਰਾਮ ਅਫੀਮ ਬਰਾਮਦ ਹੋਈ ਸੀ, ਜਿਸ ਵਿਚ ਉਸ ਨੂੰ 5 ਸਾਲ ਦੀ ਸਜ਼ਾ ਹੋਈ ਸੀ।