ਪੰਜਾਬ ਸਰਕਾਰ ਦੀ ਟੀਮ ਵਲੋਂ ਕਰਤਾਰਪੁਰ ਲਾਂਘੇ ਦਾ ਨਿਰੀਖਣ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹੇ ਜਾਣ ਨੂੰ ਲੈ ਕੇ ਤਿਆਰੀਆਂ ਜ਼ੋਰਾਂ ਸ਼ੋਰਾਂ 'ਤੇ ਚੱਲ ਰਹੀਆਂ ਹਨ....

Kartarpur Sahib

ਚੰਡੀਗੜ੍ਹ (ਭਾਸ਼ਾ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹੇ ਜਾਣ ਨੂੰ ਲੈ ਕੇ ਤਿਆਰੀਆਂ ਜ਼ੋਰਾਂ ਸ਼ੋਰਾਂ 'ਤੇ ਚੱਲ ਰਹੀਆਂ ਹਨ, ਜਿੱਥੇ ਪਾਕਿਸਤਾਨ ਸਰਕਾਰ ਵਲੋਂ ਅਪਣੇ ਪਾਸੇ ਇਸ ਨੂੰ ਲੈ ਕੇ ਕੰਮ ਕਰਵਾਏ ਜਾ ਰਹੇ ਹਨ, ਉਥੇ ਹੀ ਪੰਜਾਬ ਦੇ ਵਧੀਕ ਮੁੱਖ ਸਕੱਤਰ (ਗ੍ਰਹਿ) ਨਿਰਮਲ ਸਿੰਘ ਕਲਸੀ ਅਤੇ ਸੂਬੇ ਸਹਿਕਾਰਤਾ ਤੇ ਜੇਲ੍ਹਾਂ ਬਾਰੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਅਧਿਕਾਰੀਆਂ ਦੀ ਇਕ ਟੀਮ ਵਲੋਂ ਡੇਰਾ ਬਾਬਾ ਨਾਨਕ ਗਈ ਅਤੇ ਕਰਤਾਰਪੁਰ ਸਾਹਿਬ ਲਾਂਘੇ ਦੇ ਰੂਟ ਦਾ ਨਿਰੀਖਣ ਕੀਤਾ ਗਿਆ। 

ਇਸ ਮੌਕੇ ਬੀਐੱਸਐੱਫ਼ ਦੇ ਕਈ ਅਧਿਕਾਰੀ ਵੀ ਟੀਮ ਨਾਲ ਮੌਜੂਦ ਸਨ। ਡੇਰਾ ਬਾਬਾ ਨਾਨਕ ਤੋਂ ਵਿਧਾਇਕ ਸੁਖਜਿੰਦਰ ਰੰਧਾਵਾ ਨੇ ਦਸਿਆ ਕਿ ਸੂਬਾ ਸਰਕਾਰ ਨੇ ਸ੍ਰੀ ਕਲਸੀ ਨੂੰ ਇਸ ਪ੍ਰੋਜੈਕਟ ਲਈ ਨੋਡਲ ਅਫ਼ਸਰ ਨਿਯੁਕਤ ਕੀਤਾ ਹੈ। 'ਗੁਰਦੁਆਰਾ ਕਰਤਾਰਪੁਰ ਸਾਹਿਬ ਨੂੰ ਜਾਣ ਵਾਲੇ ਸਾਰੇ ਸੰਭਾਵੀ ਰੂਟਾਂ ਦਾ ਬਹੁਤ ਬਾਰੀਕੀ ਨਾਲ ਨਿਰੀਖਣ ਕੀਤਾ ਗਿਆ। ਉਨ੍ਹਾਂ ਆਖਿਆ ਕਿ ਦੋ ਕੁ ਮਹੀਨਿਆਂ ਦੇ ਅੰਦਰ ਇਸ ਸੜਕ ਲਈ ਲੋੜੀਂਦੀ ਜ਼ਮੀਨ ਅਕਵਾਇਰ ਕਰ ਲਈ ਜਾਵੇਗੀ ਅਤੇ ਸੂਬਾ ਸਰਕਾਰ ਵਲੋਂ ਇਕ ਪ੍ਰਵੇਸ਼-ਦੁਆਰ ਬਣਾਇਆ ਜਾਵੇਗਾ।

ਉਨ੍ਹਾਂ ਇਹ ਵੀ ਦਸਿਆ ਕਿ ਕੇਂਦਰ ਸਰਕਾਰ ਵਲੋਂ ਇਥੇ ਪਾਸਪੋਰਟ ਦਫ਼ਤਰ ਤੇ ਕਸਟਮ ਦਫ਼ਤਰ ਲਈ ਬੁਨਿਆਦੀ ਢਾਂਚਾ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਆਖਿਆ ਕਿ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਦੇ ਅਧਿਕਾਰੀਆਂ ਨੇ ਇਸ ਰੂਟ ਨੂੰ ਸ਼ਾਮਲ ਕਰਨ ਦੀ ਮੇਰੀ ਬੇਨਤੀ ਪ੍ਰਵਾਨ ਕਰ ਲਈ ਹੈ।
ਰੰਧਾਵਾ ਦਾ ਕਹਿਣਾ ਹੈ ਕਿ ਸਬੰਧਤ ਵਿਭਾਗਾਂ ਨੇ ਆਪੋ-ਅਪਣੇ ਪ੍ਰਸਤਾਵ ਤਿਆਰ ਕਰ ਲਏ ਹਨ ਤੇ ਦੋ ਕੁ ਦਿਨਾਂ 'ਚ ਇਨ੍ਹਾਂ ਤਜਵੀਜ਼ਾਂ ਨੂੰ ਕੇਂਦਰ ਸਰਕਾਰ ਕੋਲ ਸੌਂਪ ਦਿਤਾ ਜਾਵੇਗਾ।

ਦਸ ਦਈਏ ਕਿ ਇਹ ਉਹੀ ਰੂਟ ਹੈ, ਜਿਸ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਕਰਤਾਰਪੁਰ ਸਾਹਿਬ ਪੁੱਜੇ ਸਨ। ਕਰਤਾਪੁਰ ਲਾਂਘਾ ਖੋਲ੍ਹੇ ਜਾਣ ਨੂੰ ਲੈ ਕੇ ਪੰਜਾਬ ਦੇ ਲੋਕਾਂ ਖ਼ਾਸ ਕਰਕੇ ਸਿੱਖਾਂ ਵਿਚ ਕਾਫ਼ੀ ਉਤਸ਼ਾਹ ਪਾਇਆ ਜਾ ਰਿਹਾ ਅਤੇ ਉਹ ਬੇਸਬਰੀ ਨਾਲ ਕਰਤਾਰਪੁਰ ਲਾਂਘੇ ਖੋਲ੍ਹੇ ਜਾਣ ਦਾ ਇੰਤਜ਼ਾਰ ਕਰ ਰਹੇ ਹਨ।