ਕਰਤਾਰਪੁਰ ਲਾਂਘੇ ਨੂੰ ਖੋਲ੍ਹਣਾ ਪਾਕਿਸਤਾਨੀ ਫ਼ੌਜ ਦੀ ਵੱਡੀ ਸਾਜ਼ਸ਼ : ਕੈਪਟਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਈ.ਐਸ.ਆਈ ਦੀ ਯੋਜਨਾ ਨੂੰ ਨਾ ਸਮਝਣ ਵਾਲੇ ਸਿੱਧੂ ਦੇ ਮਾਮਲੇ ਨੂੰ ਤੂਲ ਦੇ ਰਹੇ ਹਨ.........

Captain Amarinder Singh

ਚੰਡੀਗੜ੍ਹ (ਨੀਲ ਭਲਿੰਦਰ ਸਿੰਘ) : ਇਮਰਾਨ ਖ਼ਾਨ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁਕੱਣ ਤੋਂ ਪਹਿਲਾਂ ਪਾਕਿਸਤਾਨ ਫ਼ੌਜ ਦੇ ਜਨਰਲ ਜਾਵੇਦ ਬਾਜਵਾ ਵਲੋਂ ਕਰਤਾਰਪੁਰ ਲਾਂਘੇ ਨੂੰ ਖੋਲ੍ਹਣ ਸਬੰਧੀ ਨਵਜੋਤ ਸਿੰਘ ਸਿੱਧੂ ਕੋਲ ਪ੍ਰਗਟਾਏ ਵਿਚਾਰਾਂ ਸਬੰਧੀ ਤੱਥਾਂ ਦੇ ਸੰਦਰਭ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਨੂੰ ਪਾਕਿਸਤਾਨੀ ਫ਼ੌਜ ਵਲੋਂ ਘੜੀ ਗਈ ਬਹੁਤ ਵੱਡੀ ਸਾਜ਼ਸ਼ ਦਸਿਆ ਹੈ। ਟੀਵੀ ਚੈਨਲ ਨੂੰ ਦਿਤੀ ਗਈ ਇੰਟਰਵਿਊ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਕਰਤਾਰਪੁਰ ਲਾਂਘੇ ਨੂੰ ਖੋਲ੍ਹਣਾ ਸਪੱਸ਼ਟ ਤੌਰ 'ਤੇ ਆਈ.ਐਸ.ਆਈ ਦੀ ਯੋਜਨਾ ਦਾ ਹਿੱਸਾ ਹੈ।

ਉਨ੍ਹਾਂ ਕਿਹਾ ਕਿ ਲਗਦਾ ਹੈ ਕਿ ਪਾਕਿਸਤਾਨ ਫ਼ੌਜ ਨੇ ਭਾਰਤ ਵਿਰੁਧ ਬਹੁਤ ਵੱਡੀ ਸਾਜ਼ਸ਼ ਘੜੀ ਹੈ। ਪਾਕਿਸਤਾਨ ਵਲੋਂ ਪੰਜਾਬ ਵਿਚ ਅਤਿਵਾਦ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਕੀਤੇ ਜਾਣ ਨੂੰ ਪ੍ਰਵਾਨ ਕਰਦਿਆਂ ਉਨ੍ਹਾਂ ਕਿਹਾ ਕਿ ਹਰ ਕਿਸੇ ਨੂੰ ਇਸ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਿੱਧੂ ਦੇ ਮੁੱਦੇ ਨੂੰ ਗ਼ੈਰ ਜ਼ਰੂਰੀ ਤਰੀਕੇ ਨਾਲ ਉਭਾਰਿਆ ਜਾ ਰਿਹਾ ਹੈ ਅਤੇ ਜਿਹੜੇ ਇਸ ਨੂੰ ਉਭਾਰ ਰਹੇ ਹਨ ਉਹ ਸਪੱਸ਼ਟ ਤੌਰ 'ਤੇ ਆਈ.ਐਸ.ਆਈ. 
ਦੀ ਯੋਜਨਾ ਨੂੰ ਵੇਖਣ ਤੋਂ ਅਸਮਰੱਥ ਹਨ।

ਕੈਪਟਨ ਅਮਰਿੰਦਰ ਨੇ ਪੰਜਾਬ ਦੇ ਮੰਤਰੀ ਨੂੰ ਪਾਕਿਸਤਾਨ ਪ੍ਰਧਾਨ ਮੰਤਰੀ ਦਾ ਹੱਥ ਠੋਕਾ ਦੱਸਣ ਲਈ ਅਕਾਲੀਆਂ ਦੀ ਤਿੱਖੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਇਹ ਆਪਣੀ ਪਿੱਠ ਠੋਕਣ ਦੀ ਜੰਗ ਤੋਂ ਇਲਾਵਾ ਹੋਰ ਕੁੱਝ ਵੀ ਨਹੀ। ਉਨ੍ਹਾਂ ਕਿਹਾ ਸਰਹੱਦੀ ਸੂਬੇ ਵਿਚ ਅਸਥਿਰਤਾ ਪੈਦਾ ਕਰਨਾ ਪਾਕਿਸਤਾਨ ਦਾ ਉਦੇਸ਼ ਹੈ। ਮੁੱਖ ਮੰਤਰੀ ਨੇ ਕਿਹਾ ਕਿ ਬਿਨਾ ਸ਼ੱਕ ਇਮਰਾਨ ਖ਼ਾਨ ਭਾਰਤ ਨਾਲ ਸ਼ਾਂਤੀ ਅਤੇ ਸਦਭਾਵਨਾ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ ਪਰ ਇਸ ਦੇ ਨਾਲ ਹੀ ਉਸ ਨੂੰ ਪਾਕਿਸਤਾਨ ਫ਼ੌਜ ਦੇ ਮੁਖੀ 'ਤੇ ਇਹ ਜ਼ੋਰ ਵੀ ਪਾਉਣਾ ਚਾਹੀਦਾ ਹੈ ਕਿ ਸਰਹੱਦ ਉਤੇ ਸਾਡੇ ਫ਼ੌਜੀਆਂ ਦੀਆਂ ਹਤਿਆਵਾਂ ਨੂੰ ਤੁਰਤ ਰੋਕੇ ਜਾਣਾ ਯਕੀਨੀ ਬਣਾਇਆ ਜਾਵੇ। 

ਨੀਂਹ ਪੱਥਰ ਰੱਖਣ ਲਈ ਨਵਜੋਤ ਸਿੰਘ ਸਿੱਧੂ ਵਲੋਂ ਪਾਕਿਸਤਾਨ ਜਾਣ ਦੇ ਮੁੱਦੇ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਸਿੱਧੂ ਨੂੰ ਦਸਿਆ ਸੀ ਕਿ ਉਨ੍ਹਾਂ ਨੇ ਪਾਕਿਸਤਾਨ ਦੇ ਵਿਦੇਸ਼ ਮਾਮਲਿਆਂ ਦੇ ਮੰਤਰਾਲੇ ਵਲੋਂ ਆਏ ਸੱਦੇ ਨੂੰ ਲਿਖਤੀ ਤੌਰ 'ਤੇ ਰੱਦ ਕਰ ਦਿਤਾ ਹੈ ਅਤੇ ਉਸ ਦੀ ਕਾਪੀ ਸੋਸ਼ਲ ਮੀਡੀਆ 'ਤੇ ਸਾਂਝੀ ਵੀ ਕੀਤੀ ਸੀ। ਪਾਕਿਸਤਾਨ ਨਾ ਜਾਣ ਦੀ ਸਲਾਹ ਦਿਤੇ ਜਾਣ ਦੇ ਬਾਵਜੂਦ ਸਿੱਧੂ ਇਮਰਾਨ ਖ਼ਾਨ ਨਾਲ ਅਪਣੀ ਦੋਸਤੀ ਕਾਰਨ ਉਥੇ ਗਏ। ਮੁੱਖ ਮੰਤਰੀ ਨੇ ਕਿਹਾ ਕਿ ਇਹ ਗ਼ੈਰ ਤਰਕਸੰਗਤ ਨਹੀਂ ਸੀ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਵੀ ਉਥੇ ਬਹੁਤ ਸਾਰੇ ਦੋਸਤ ਹਨ। 

ਸਿੱਧੂ ਮੇਰਾ ਪਸੰਦੀਦਾ ਪਰ ਕਈ ਵਾਰ ਸੋਚਣ ਤੋਂ ਪਹਿਲਾਂ ਹੀ ਬੋਲ ਜਾਂਦਾ ਹੈ

ਮੁੱਖ ਮੰਤਰੀ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਮੇਰਾ 'ਪਸੰਦੀਦਾ' ਵਿਅਕਤੀ ਹੈ। ਸਿੱਧੂ ਦੇ ਮਾਪਿਆਂ ਨਾਲ ਵੀ ਮੇਰੇ ਨਿੱਘੇ ਸਬੰਧ ਸਨ। ਮੇਰੇ ਅਤੇ ਸਿੱਧੂ ਵਿਚਕਾਰ ਕਦੇ ਵੀ ਟਕਰਾਅ ਪੈਦਾ ਨਹੀ ਹੋਇਆ। ਸਰਕਾਰ ਚਲਾਉਂਦੇ ਸਮੇਂ ਮੈਨੂੰ ਸਿੱਧੂ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਈ। ਸਿੱਧੂ ਹਮੇਸ਼ਾ ਸਿੱਧ ਪਧਰੇ ਤਰੀਕੇ ਨਾਲ ਗੱਲ ਕਰਦੇ ਹਨ ਪਰ ਉਨ੍ਹਾਂ ਦੀ ਇਕੋ-ਇਕ ਸਮੱਸਿਆ ਇਹ ਹੈ ਕਿ ਉਹ ਕਈ ਵਾਰੀ ਸੋਚਣ ਤੋਂ ਪਹਿਲਾਂ ਹੀ ਬੋਲ ਜਾਂਦੇ ਹਨ। ਸਿੱਧੂ ਨੇ ਹਮੇਸ਼ਾ ਮੈਨੂੰ (ਕੈਪਟਨ ਨੂੰ) ਅਪਣੇ ਪਿਤਾ ਸਮਾਨ ਸਮਝਿਆ ਹੈ।

Related Stories