ਗੁਰਬਾਣੀ 'ਤੇ ਮਾਲਕਾਨਾ ਹੱਕ ਜਿਤਾਉਣਾ 'ਸਰਕਾਰੀ' ਢਿੱਲ ਦਾ ਨਤੀਜਾ : ਆਪ

ਏਜੰਸੀ

ਖ਼ਬਰਾਂ, ਪੰਜਾਬ

'ਆਪ' ਵਿਧਾਇਕਾਂ ਨੇ ਸ਼੍ਰੋਮਣੀ ਕਮੇਟੀ ਸਮੇਤ ਕੈਪਟਨ ਤੇ ਬਾਦਲਾਂ ਨੂੰ ਕੋਸਿਆ

file photo

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਇਕ ਪਰਵਾਰ ਦੀ ਮਾਲਕੀ ਵਾਲੇ ਟੀਵੀ ਚੈਨਲ ਵਲੋਂ ਸ੍ਰੀ ਦਰਬਾਰ ਸਾਹਿਬ ਦੇ ਹੁਕਮਨਾਮੇ ਅਤੇ ਗੁਰਬਾਣੀ ਕੀਰਤਨ ਦੇ ਪ੍ਰਚਾਰ ਅਤੇ ਪ੍ਰਸਾਰਨ 'ਤੇ ਅਪਣਾ ਮਾਲਕਾਨਾ ਹੱਕ ਜਤਾਉਣ ਨੂੰ ਗੁਰੂ ਅਤੇ ਗੁਰੂ ਦੀ ਬਾਣੀ ਦਾ ਘੋਰ ਨਿਰਾਦਰ ਕਰਾਰ ਦਿਤਾ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਚੋਣ ਵਾਅਦੇ ਮੁਤਾਬਿਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੱਤਾ ਸੰਭਾਲਦਿਆਂ ਹੀ ਬਾਦਲ ਰਾਜ 'ਚ ਪੈਦਾ ਹੋਏ 'ਕੇਬਲ ਮਾਫ਼ੀਆ' ਨੂੰ ਕੁਚਲਿਆ ਹੁੰਦਾ ਤਾਂ ਇਕ ਨਿੱਜੀ ਕੰਪਨੀ ਜਾਂ ਕਿਸੇ ਵਿਅਕਤੀ ਵਿਸ਼ੇਸ਼ ਦੀ ਪਵਿੱਤਰ ਹੁਕਮਨਾਮੇ ਅਤੇ ਗੁਰਬਾਣੀ-ਕੀਰਤਨ 'ਤੇ ਅਪਣਾ ਮਾਲਕਾਨਾ ਹੱਕ ਜਤਾਉਣ ਦੀ ਹਿੰਮਤ ਨਹੀਂ ਸੀ ਪੈਣੀ।

'ਆਪ' ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਮੁੱਖ ਬੁਲਾਰਾ ਤੇ ਵਿਧਾਇਕ ਪ੍ਰੋ. ਬਲਜਿੰਦਰ ਕੌਰ, ਵਿਰੋਧੀ ਧਿਰ ਦੀ ਉਪ ਨੇਤਾ ਬੀਬੀ ਸਰਬਜੀਤ ਕੌਰ ਮਾਣੂੰਕੇ, ਵਿਧਾਇਕ ਰੁਪਦਿੰਰ ਕੌਰ ਰੂਬੀ, ਜੈ ਕਿਸ਼ਨ ਸਿੰਘ ਰੋੜੀ, ਮਨਜੀਤ ਸਿੰਘ ਬਿਲਾਸਪੁਰ ਅਤੇ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਪੰਥ ਅਤੇ ਪੰਜਾਬ ਨਾਲ ਅੱਜ ਜੋ ਆਪਹੁਦਰੀਆਂ ਹੋ ਰਹੀਆਂ ਹਨ, ਉਸ ਲਈ ਇਕੱਲਾ ਇਕ ਪਰਵਾਰ ਜਾਂ ਉਨ੍ਹਾਂ ਦੇ ਪੰਥ ਵਿਰੋਧੀ, ਪੰਜਾਬ ਵਿਰੋਧੀ ਅਤੇ ਲੋਕ ਵਿਰੋਧੀ ਗੁਰਗੇ ਹੀ ਜ਼ਿੰਮੇਵਾਰ ਨਹੀਂ, ਸਗੋਂ ਮੁੱਖ ਮੰਤਰੀ ਵੀ ਬਰਾਬਰ ਦੇ ਜ਼ਿੰਮੇਵਾਰ ਹਨ।

ਉਨ੍ਹਾਂ ਕਿਹਾ ਕਿ 10 ਸਾਲਾ ਮਾਫ਼ੀਆ ਰਾਜ ਤੋਂ ਸਤਾਏ ਲੋਕਾਂ ਨੇ ਬੜੀ ਵੱਡੀ ਉਮੀਦ ਨਾਲ ਕੈਪਟਨ ਨੂੰ ਮੁੱਖ ਮੰਤਰੀ ਦੀ ਕੁਰਸੀ 'ਤੇ ਬਿਠਾਇਆ ਸੀ, ਪਰ ਸਰਕਾਰ ਲੋਕਾਂ ਦੀਆਂ ਉਮੀਦਾਂ 'ਤੇ ਖਰੀ ਨਹੀਂ ਉਤਰੀ। 'ਆਪ' ਵਿਧਾਇਕਾਂ ਨੇ ਕਿਹਾ ਕਿ ਮੁੱਖ ਮੰਤਰੀ ਚਾਹੁੰਦੇ ਤਾਂ ਪਿਛਲੀ ਸਰਕਾਰ ਵਲੋਂ ਪੈਦਾ ਕੀਤੇ ਕੇਬਲ ਮਾਫ਼ੀਆ, ਰੇਤ ਮਾਫ਼ੀਆ, ਟਰਾਂਸਪੋਰਟ ਮਾਫ਼ੀਆ, ਡਰੱਗ ਮਾਫ਼ੀਆ, ਬਿਜਲੀ ਮਾਫ਼ੀਆ, ਸਿਖਿਆ ਮਾਫ਼ੀਆ, ਸਿਹਤ ਮਾਫ਼ੀਆ ਅਤੇ ਲੈਂਡ ਮਾਫ਼ੀਆ ਆਦਿ ਦਾ ਘੰਟਿਆਂ ਵਿਚ ਸਫ਼ਾਇਆ ਕਰ ਸਕਦੀ ਸੀ ਪਰ ਅਜਿਹਾ ਹੋਇਆ ਨਹੀਂ, ਜਿਸ ਕਾ ਖਮਿਆਜ਼ਾ ਪੰਜਾਬ ਦੇ ਲੋਕ ਭੁਗਤ ਰਹੇ ਹਨ।

ਵਿਧਾਇਕਾਂ ਨੇ ਦੋਸ਼ ਲਗਾਇਆ ਕਿ ਗੁਰੂ ਅਤੇ ਗੁਰੂ ਦੀ ਬਾਣੀ ਦੀ ਬੇਅਦਬੀ ਕਰਨ 'ਚ ਇਕ ਪਰਵਾਰ ਵਿਸ਼ੇਸ਼ ਅਤੇ ਉਨ੍ਹਾਂ ਦੇ ਕਰਿੰਦੇ ਹੱਦਾਂ-ਬੰਨੇ ਟੱਪ ਰਹੇ ਹਨ। ਇਨ੍ਹਾਂ ਦੀ ਇਸ ਹਮਾਕਤ ਨੂੰ ਰੋਕਣ ਲਈ ਨਾ ਕੇਵਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿੰਘ ਸਾਹਿਬਾਨ ਬਲਕਿ ਪੰਜਾਬ ਦੇ ਸੁਹਿਰਦ ਲੋਕਾਂ ਨੂੰ ਵੀ ਇਸ ਪਰਵਾਰ ਅਤੇ ਇਨ੍ਹਾਂ ਦੇ ਝੋਲੀ 'ਚ ਜਾ ਡਿੱਗੇ ਸ਼੍ਰੋਮਣੀ ਕਮੇਟੀ ਦੇ ਕੁੱਝ ਅਹੁਦੇਦਾਰਾਂ ਨੂੰ ਜਵਾਬਦੇਹ ਬਣਾਉਣਾ ਚਾਹੀਦਾ ਹੈ।